April 12, 2015 | By ਸਿੱਖ ਸਿਆਸਤ ਬਿਊਰੋ
ਲੰਡਨ: ਯੁਨਾਇਟਡ ਖਾਲਸਾ ਦਲ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸਿੱਖ ਸਿਧਾਂਤਾਂ, ਸਿੱਖੀ ਦੇ ਪਵਿੱਤਰ ਅਕਸ ਅਤੇ ਸਿੱਖ ਪ੍ਰੰਪਰਾਵਾਂ ਦਾ ਘਾਣ ਕਰਨ ਵਾਲੀ ਫਿਲਮ “ਨਾਨਕ ਸ਼ਾਹ ਫਕੀਰ” ਦੇ ਨਿਰਮਾਤਾ ਹਰਿੰਦਰ ਸਿੱਕਾ ਵਲੋਂ ਹੁਣ ਝੂਠ ਦਾ ਸਹਾਰਾ ਲਿਆ ਜਾ ਰਿਹਾ ਹੈ। ਯੁਨਾਇਟਡ ਖਾਲਸਾ ਦਲ ਵਲੋਂ ਕਿਹਾ ਗਿਆ ਹੈ ਕਿ ਆਪਣੀ ਯੂ. ਕੇ. ਫੇਰੀ ਦੌਰਾਨ ਉਸ ਨੇ ਇਹ ਪ੍ਰਚਾਰਨਾ ਅਰੰਭ ਕਰ ਦਿੱਤਾ ਕਿ ਮੈਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇਹ ਫਿਲਮ ਦੇਖ ਕੇ ਮੰਨਜੂਰੀ ਦਿੱਤੀ ਹੈ ਜਦਕਿ ਖੁਦ ਗਿਆਨੀ ਗੁਰਬਚਨ ਸਿੰਘ ਅਤੇ ਅਵਤਾਰ ਸਿੰਘ ਮੱਕੜ ਦੇ ਸਹਾਇਕ ਵਲੋਂ ਲਾਈਵ ਫੋਨ ਕਰ ਕਾਲ ਦੌਰਾਨ ਇਸ ਦਾ ਸਖਤ ਖੰਡਨ ਕੀਤਾ ਗਿਆ। ਉਹਨਾਂ ਕਿਹਾ ਕਿ ਅਸੀਂ ਇਸ ਨੂੰ ਗੁਰੂ ਨਾਨਕ ਦੇਵ ਜੀ ,ਬੇਬੇ ਨਾਨਕੀ ਅਤੇ ਭਾਈ ਮਰਦਾਨਾ ਜੀ ਬਾਰੇ ਦ੍ਰਿਸ਼ ਕੱਟਣ ਲਈ ਆਖਿਆ ਸੀ ।ਜਿਸ ਤੋਂ ਹੁਣ ਇਹ ਮੁਕਰ ਰਿਹਾ ਹੈ ਅਤੇ ਇਹ ਪ੍ਰਚਾਰ ਕਰ ਰਿਹਾ ਹੈ ਕਿ ਇਹ ਕੰਪਿਊਟਰ ਦੁਆਰਾ ਤਿਆਰ ਕੀਤੇ ਗਏ ਹਨ। ਹਰਿੰਦਰ ਸਿੱਕਾ ਵਲੋਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਉਸ ਨੇ ਸੱਤ ਰਾਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਚ ਜੀ ਨਾਲ ਸੁਪਨੇ ਵਿੱਚ ਗੁਜ਼ਾਰੀਆਂ ਹਨ ਅਤੇ ਜਿਸ ਦੌਰਾਨ ਉਸ ਨੂੰ ਫਿਲਮ ਬਣਾਉਣ ਲਈ ਜਾਣਕਾਰੀ ਪ੍ਰਾਪਤ ਹੋਈ ਹੈ।
ਯੂਨਾਈਟਿਡ ਖਾਲਸਾ ਦਲ ਯੂ.ਕੇ. ਜਨਰਲ ਸਕੱਤਰ ਸ੍ਰ. ਲਵਸਿੰਦਰ ਸਿੰਘ ਡੱਲੇਵਾਲ ਵਲੋਂ ਅਜੀਤ ਨਾਲ ਗੱਲਬਾਤ ਦੌਰਾਨ ਸਵਾਲ ਉਠਾਇਆ ਗਿਆ ਕਿ ਕੀ ਗੁਰੂ ਸਾਹਿਬ ਨੇ ਹਰਿੰਦਰ ਸਿੱਕੇ ਨੂੰ ਇਸ ਨਹੀਂ ਦੱਸਿਆ ਕਿ ਅਸੀਂ ਜਿਹੜੀ ਮਰਿਆਦਾ ਦਸਵੇਂ ਜਾਮੇ ਵਿੱਚ ਨੀਯਤ ਕੀਤੀ ਹੈ ਉਹ ਹਰ ਸਿੱਖ ਵਾਸਤੇ ਬੇਹੱਦ ਜਰੂਰੀ ਹੈ । ਕੀ ਇਹ ਵਿਆਕਤੀ ਜਿਹੜਾ ਆਪਣੇ ਨਾਮ ਨਾਲ ਸਿੰਘ ਸ਼ਬਦ ਵੀ ਨਹੀਂ ਲਗਾਉਂਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਦਰਸਾਈ ਮਰਿਆਦਾ ਦਾ ਧਾਰਨੀ ਹੈ? ਕੀ ਸੱਤ ਰਾਤਾਂ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਨੂੰ ਇਹ ਨਹੀਂ ਦੱਸਿਆ ਕਿ ਕੁਦਰਤ ਦੀ ਰਜ਼ਾ ਵਿੱਚ ਦਖਲ ਅੰਦਾਜ਼ੀ ਨਹੀਂ ਕਰੀਦੀ ਇਸ ਕਰਕੇ ਮੂੰਹ ਕਾਲਾ ਨਹੀਂ ਕਰੀਦਾ?
ਉਨ੍ਹਾਂ ਕਿਹਾ ਕਿ ਦਰਅਸਲ ਇਹ ਵਿਆਕਤੀ ਭਾਰਤ ਸਰਕਾਰ ਦਾ ਦੁੱਮਛੱਲਾ ਹੈ । ਜਿਸ ਦਾ ਇੱਕੋ ਇੱਕ ਮਕਸਦ ਗੁਰੂ ਸਹਿਬਾਨ ਦੀ ਐਕਟਿੰਗ ਕਰਕੇ ਉਹਨਾਂ ਨੂੰ ਦੁਸਿਹਰੇ ਦੀਆਂ ਝਾਕੀਆਂ ਦੇ ਪੱਧਰ ਤੇ ਲਿਜਾਣਾ ਹੈ ।ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਸਿੱਖ ਕੌਮ ਦੇ ਜ਼ਜ਼ਬਾਤਾਂ ਨਾਲ ਖੇਡ ਰਹੇ ਇਸ ਵਿਆਕਤੀ ਨੇ ਅਗਰ ਆਪਣੀ ਫਿਲਮ ਵਿੱਚੋਂ ਗੁਰੂ ਨਾਨਕ ਦੇਵ ਜੀ।ਬੇਬੇ ਨਾਨਕੀ ਜੀ ਅਤੇ ਭਾਈ ਮਰਦਾਨਾ ਜੀ ਦੇ ਦ੍ਰਿਸ਼ ਨਾ ਕੱਟੇ ਤਾਂ ਸਿੱਖ ਕੌਮ ਇਸ ਨੂੰ ਮੁੱਖ ਮੁਜਿਰਮਾਂ ਦੀ ਕਤਾਰ ਵਿੱਚ ਖੜਾ ਪੰਥ ਦੋਖੀ ਸਮਝੇਗੀ ਅਤੇ ਇਸ ਖਿਲਾਫ ਸਿੱਖ ਰਵਾਇਤਾਂ ਅਨੁਸਾਰ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ ।
Related Topics: Harinder Sikka, Loveshinder Singh Dallewal, Nanak Shah Fakir Film Controversy, United Khalsa Dal U.K