ਬਰੇਸ਼ੀਆ, ਇਟਲੀ (31 ਮਈ, 2015): ਸ਼੍ਰੀ ਦਰਬਾਰ ਸਾਹਿਬ ‘ਤੇ ਜੂਨ 1984 ਵਿੱਚ ਹੋਏ ਫੌਜੀ ਹਮਲੇ ਵਿੱਚ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਦੀ ਯਾਦ ਵਿੱਚ ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਫਿਉਰੈਂਸੋਲਾ (ਪਿਆਚੈਂਸਾ) ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ।
ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ਹਿਰ ਦੇ ਪ੍ਰਮੁੱਖ ਸਥਾਨ ਤੋਂ ਸ਼ੁਰੂ ਹੋਏ ਇਸ ਨਗਰ ਕੀਰਤਨ ਦੌਰਾਨ ਸਿੱਖ ਸ਼ਰਧਾਲੂਆਂ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਦੀ ਸ਼ਹਿਰ ਵਾਸੀਆਂ ਵੀ ਦਾਦ ਦਿੱਤੀ । ਸੰਗਤਾਂ ਨੇ ਸਤਿਨਾਮ ਵਾਹਿਗੁਰੂ ਦਾ ਜਾਪੁ ਕਰਦਿਆਂ ਬਹੁਤ ਹੀ ਸਤਿਕਾਰ ਨਾਲ ਹਾਜ਼ਰੀ ਲਗਵਾਈ ।
ਸਿੱਖ ਕੌਮ ਨਾਲ ਸਬੰਧਤ ਲਿਟਰੇਚਰ ਨੂੰ ਇਟਾਲੀਅਨ ਲੋਕਾਂ ਤੱਕ ਪਹੁੰਚਾਉਣ ਲਈ ਸਿੱਖ ਸੇਵਾ ਸੋਸਾਇਟੀ ਅਤੇ ਕਲਤੂਰਾ ਸਿੱਖ ਦੇ ਨੌਜਵਾਨਾਂ ਵਲੋਂ ਵਿਸ਼ੇਸ਼ ਸੇਵਾਵਾਂ ਨਿਭਾਈਆਂ ਗਈਆਂ । ਸੰਗਤਾ ਦੀ ਸਹੂਲਤ ਲਈ ਸੇਵਾ ਸੋਸਾਇਟੀਆਂ ਵਲੋਂ ਵਿਸ਼ੇਸ਼ ਲੰਗਰਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ।
ਸ਼ਹਿਰ ਦੇ ਹਸਪਤਾਲ ਵਾਲੇ ਖੁੱਲੇ ਮੈਦਾਨ ਨਗਰ ਕੀਰਤਨ ਦਾ ਆਖਰੀ ਪੜਾਅ ਸੀ, ਜਿੱਥੇ ਉੱਘੇ ਪੰਥਕ ਰਾਗੀ ਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ । ਪ੍ਰਬੰਧਕ ਕਮੇਟੀ ਵਲੋਂ ਜਥਿਆਂ ਤੇ ਪ੍ਰਮੁੱਖ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਨਗਰ ਕੀਰਤਨ ਦੀ ਸਫਲਤਾ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ ।