Site icon Sikh Siyasat News

ਘੋੜੇ ਦੀ ਸਵਾਰੀ ਕਰਨ ਵਾਲੇ ਦਲਿਤ ਨੂੰ ਹਿੰਦੂਤਵੀਆਂ ਵਲੋਂ ਕਤਲ ਕਰਨਾ ਅਣਮਨੁੱਖੀ ਅਤੇ ਅਤਿ ਸ਼ਰਮਨਾਕ: ਮਾਨ

ਸਿਮਰਨਜੀਤ ਸਿੰਘ ਮਾਨ

ਚੰਡੀਗੜ੍ਹ: “ਗੁਜਰਾਤ ਦੇ ਭਵਨਗਰ ਜਿ਼ਲ੍ਹੇ ਵਿਚ ਇਕ ਪ੍ਰਦੀਪ ਰਾਠੋਰ ਨਾਮ ਦੇ ਦਲਿਤ ਜੋ ਆਪਣੇ ਹੀ ਘੋੜੇ ਉਤੇ ਸਵਾਰੀ ਕਰ ਰਿਹਾ ਸੀ, ਉਸਨੂੰ ਬਹੁਗਿਣਤੀ ਮੁਤੱਸਵੀ ਫਿਰਕੂਆਂ ਵੱਲੋਂ ਮਾਰ ਦੇਣ ਦੀ ਕਾਰਵਾਈ ਜਿਥੇ ਗੈਰ-ਇਨਸਾਨੀਅਤ ਹੈ, ਉਥੇ ਇਹ ਅਤਿ ਸ਼ਰਮਨਾਕ ਅਰਾਜਕਤਾ ਫੈਲਾਉਣ ਵਾਲੇ ਦੁੱਖਦਾਇਕ ਅਮਲ ਵੀ ਹਨ । ਇਹ ਕਾਰਵਾਈ ਹਿੰਦੂਤਵ ਸੋਚ ਵਾਲਿਆਂ ਦੇ ਜ਼ਾਲਮਨਾਂ ਅਣਮਨੁੱਖੀ ਇਰਾਦਿਆ ਨੂੰ ਵੀ ਪ੍ਰਤੱਖ ਕਰਦੀ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਗੁਜਰਾਤ ਦੀ ਸਰਕਾਰ ਤੋਂ ਮੰਗ ਕਰਦਾ ਹੈ ਕਿ ਜਿਸ ਜ਼ਾਲਮਨਾਂ ਅਤੇ ਦਿਲ ਕੰਬਾਊ ਕਾਰਵਾਈ ਕਰਨ ਵਾਲੇ ਕੱਟੜਵਾਦੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਸਖ਼ਤ ਤੋ ਸਖ਼ਤ ਸਜ਼ਾ ਦਿੱਤੀ ਜਾਵੇ । ਇਥੇ ਵੱਸਣ ਵਾਲੇ ਦਲਿਤਾਂ ਅਤੇ ਘੱਟ ਗਿਣਤੀ ਨਿਵਾਸੀਆਂ ਦੇ ਜਾਨ-ਮਾਲ ਦੀ ਹਿਫਾਜਤ ਕਰਨ ਦੀ ਜੋ ਭਾਰਤੀ ਸੰਵਿਧਾਨ ਗਾਰੰਟੀ ਦਿੰਦਾ ਹੈ, ਉਸਨੂੰ ਅਮਲੀ ਰੂਪ ਵਿਚ ਲਾਗੂ ਕੀਤਾ ਜਾਵੇ । ਤਾਂ ਕਿ ਕੋਈ ਵੀ ਦਲਿਤ ਜਾਂ ਘੱਟ ਗਿਣਤੀ ਇਨਸਾਨ ਅਸੁਰੱਖਿਆ ਮਹਿਸੂਸ ਨਾ ਕਰ ਸਕੇ ਅਤੇ ਉਸਨੂੰ ਆਪਣੇ ਬਰਾਬਰਤਾ ਦੇ ਹੱਕ ਅਨੁਸਾਰ ਬਿਨ੍ਹਾਂ ਕਿਸੇ ਡਰ-ਭੈ ਦੇ ਜਿੰਦਗੀ ਜਿਊਣ ਦਾ ਹੱਕ ਹੋਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਜਰਾਤ ਦੇ ਭਵਨਗਰ ਜਿ਼ਲ੍ਹੇ ਵਿਚ ਇਕ ਦਲਿਤ ਅਤੇ ਉਸਦੇ ਘੋੜੇ ਨੂੰ ਬਹੁਤ ਹੀ ਬੇਰਹਿੰਮੀ ਨਾਲ ਫਿਰਕੂਆਂ ਵੱਲੋਂ ਮਾਰ ਦੇਣ ਦੀ ਅਤਿ ਦੁੱਖਦਾਇਕ ਘਟਨਾ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਅਤੇ ਇਥੋਂ ਦੇ ਹੁਕਮਰਾਨਾਂ ਦੇ ਪ੍ਰਬੰਧ ਨੂੰ ਖੋਖਲਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ੍ਰੀ ਪ੍ਰਦੀਪ ਰਾਠੋਰ ਦੇ ਪਿਤਾ ਕਾਲੂ ਭਾਈ ਰਾਠੋਰ ਨੇ ਜੋ ਦੱਸਿਆ ਹੈ ਕਿ ਉੱਚ ਜਾਤਾਂ ਵਾਲੇ ਉਸਦੇ ਲੜਕੇ ਨੂੰ ਘੋੜੇ ਦੀ ਸਵਾਰੀ ਕਰਨ ਤੋਂ ਜਦੋਂ ਧਮਕੀਆਂ ਦਿੰਦੇ ਆ ਰਹੇ ਸਨ ਤਾਂ ਪ੍ਰਸ਼ਾਸ਼ਨ ਤੇ ਨਿਜਾਮ ਨੇ ਅਜਿਹਾ ਕਰਨ ਵਾਲਿਆ ਵਿਰੁੱਧ ਉਸੇ ਸਮੇਂ ਕਾਨੂੰਨੀ ਕਾਰਵਾਈ ਕਿਉਂ ਨਾ ਕੀਤੀ ? ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਇਹ ਵੀ ਸਪੱਸਟ ਹੋ ਜਾਂਦਾ ਹੈ ਕਿ ਹਿੰਦੂਤਵ ਹੁਕਮਰਾਨ ਕਾਨੂੰਨ ਨੂੰ ਆਪਣੀ ਮਰਜੀ ਨਾਲ ਵਰਤਨ ਅਤੇ ਉਸਦੀ ਦੁਰਵਰਤੋਂ ਕਰਨ ਦਾ ਰੁਝਾਨ ਜੋ ਵੱਧਦਾ ਜਾ ਰਿਹਾ ਹੈ, ਇਹ ਇਥੋਂ ਦੇ ਅਮਨ-ਚੈਨ ਅਤੇ ਜਮਹੂਰੀਅਤ ਕਦਰਾ-ਕੀਮਤਾ ਲਈ ਖ਼ਤਰੇ ਦੀ ਘੰਟੀ ਹੈ । ਇਸ ਲਈ ਅਜਿਹੀਆ ਕਾਰਵਾਈਆ ਦਾ ਅੰਤ ਕਰਨ ਹਿੱਤ ਸਾਨੂੰ ਸਭ ਘੱਟ ਗਿਣਤੀ ਕੌਮਾਂ, ਦਲਿਤਾਂ, ਰੰਘਰੇਟਿਆਂ, ਪੱਛੜੇ ਵਰਗਾਂ, ਮਜ਼ਲੂਮਾਂ, ਗਰੀਬਾਂ ਨੂੰ ਇਕ ਪਲੇਟਫਾਰਮ ਤੇ ਇਕੱਤਰ ਹੋਣਾ ਅੱਜ ਸਮੇਂ ਦੀ ਮੁੱਖ ਲੋੜ ਬਣ ਚੁੱਕਾ ਹੈ । ਜੋ ਭਾਰਤੀ ਮੁਕਤੀ ਮੋਰਚਾ ਦੇ ਮੁੱਖੀ ਸ੍ਰੀ ਵਾਮਨ ਮੇਸਰਾਮ, ਲਿੰਗਾਇਤ ਧਰਮ ਦੇ ਮੁੱਖੀ ਸ੍ਰੀ ਕਨੇਸਵਰ ਸੁਆਮੀ ਅੱਪਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਾਂਝੇ ਤੌਰ ਤੇ ਜੋ ਸਮੁੱਚੇ ਇੰਡੀਆਂ ਵਿਚ ਉਪਰੋਕਤ ਸਭ ਵਰਗਾਂ ਦੇ ਹੱਕ-ਹਕੂਕਾ ਦੀ ਰੱਖਿਆ ਲਈ ਅਤੇ ਉਨ੍ਹਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਜਮਹੂਰੀਅਤ ਤਰੀਕੇ ਲਹਿਰ ਸੁਰੂ ਕੀਤੀ ਗਈ ਹੈ, ਉਸ ਵਿਚ ਉਪਰੋਕਤ ਸਭ ਵਰਗਾਂ ਨਾਲ ਸੰਬੰਧਤ ਇਨਸਾਨਾਂ ਨੂੰ ਆਪਣਾ ਯੋਗਦਾਨ ਪਾਉਣ ਦੇ ਨਾਲ-ਨਾਲ ਹਰ ਪੱਖੋ ਸਹਿਯੋਗ ਕਰਨਾ ਵੀ ਬਣਦਾ ਹੈ । ਤਾਂ ਕਿ ਫਿਰਕੂਆਂ ਅਤੇ ਹਿੰਦੂਤਵ ਹੁਕਮਰਾਨਾਂ ਦੇ ਜ਼ਬਰ-ਜੁਲਮਾਂ ਦਾ ਅੰਤ ਕਰਨ ਦੇ ਨਾਲ-ਨਾਲ ਅਸੀਂ ਇਥੇ ਸਰਬਸਾਂਝਾ ਇਨਸਾਫ਼ ਪਸੰਦ ਸਾਫ਼-ਸੁਥਰਾ ਰਿਸ਼ਵਤ ਤੋ ਰਹਿਤ ਰਾਜ ਪ੍ਰਬੰਧ ਕਾਇਮ ਕਰ ਸਕੀਏ ਅਤੇ ਉਪਰੋਕਤ ਵਰਗਾਂ ਨਾਲ ਹੋ ਰਹੀਆ ਬੇਇਨਸਾਫ਼ੀਆਂ ਨੂੰ ਸਦਾ ਲਈ ਖ਼ਤਮ ਕਰਕੇ ਬੇਗਮਪੁਰਾ ਦੀ ਵੱਡਮੁੱਲੀ ਸੋਚ ਉਤੇ ਅਧਾਰਿਤ ਨਿਜਾਮ ਕਾਇਮ ਕਰਨ ਵਿਚ ਕਾਮਯਾਬ ਹੋ ਸਕੀਏ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version