ਸਿੱਖ ਖਬਰਾਂ

ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ: ਸ਼੍ਰੋਮਣੀ ਕਮੇਟੀ ਵਲੋਂ ਸਮਾਗਮ ਸਾਬੋਤਾਜ ਕਰਨ ਦੀ ਕੋਸ਼ਿਸ਼

By ਸਿੱਖ ਸਿਆਸਤ ਬਿਊਰੋ

August 31, 2016

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧਿਕਾਰੀਆਂ ਵਲੋਂ ਅੜਿੱਕੇ ਡਾਹੁਣ ਦੇ ਬਾਵਜੂਦ ਵੀ ਭਾਈ ਦਿਲਾਵਰ ਸਿੰਘ ਦਾ 21ਵਾਂ ਸ਼ਹੀਦੀ ਦਿਹਾੜਾ ਨਾਲ ਮਨਾਇਆ ਗਿਆ। 90 ਦੇ ਦਹਾਕੇ ਦੇ ਪੰਜ ਸਾਲ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਤਹਿਤ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਦੇ ਦੋਸ਼ੀ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤ “ਸਿੰਘ” ਨੂੰ ਮਨੁੱਖੀ ਬੰਬ ਬਣਕੇ ਉਡਾਉਣ ਵਾਲੇ ਭਾਈ ਦਿਲਾਵਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਭਾਈ ਅਮਰੀਕ ਸਿੰਘ ਅਜਨਾਲਾ, ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਦੇ ਮੁਖੀ ਗਿਆਨੀ ਬਲਦੇਵ ਸਿੰਘ, ਅਖੰਡ ਕੀਰਤਨੀ ਜਥਾ ਜਰਮਨੀ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ ਭਲਵਾਨ, ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰ ਪਾਲ ਸਿੰਘ, ਸਿਕੰਦਰ ਸਿੰਘ ਵਰਾਣਾ, ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ, ਅਮਰੀਕ ਸਿੰਘ ਨੰਗਲ, ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦੇ ਮੁੱਖ ਪ੍ਰਬੰਧਕੀ ਸਕੱਤਰ ਭਾਈ ਪਪਲਪ੍ਰੀਤ ਸਿੰਘ, ਭਾਈ ਨਵਦੀਪ ਸਿੰਘ, ਭਾਈ ਗੁਰਸ਼ਰਨ ਸਿੰਘ ਸੋਹਲ, ਅਕਾਲ ਖਾਲਸਾ ਦਲ ਦੇ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ ਖਾਲਸਾ, ਭਾਈ ਸੁਰਿੰਦਰ ਪਾਲ ਸਿੰਘ ਤਾਲਬਪੁਰ, ਦਮਦਮੀ ਟਕਸਾਲ ਅਜਨਾਲਾ ਦੇ ਬੁਲਾਰੇ ਭਾਈ ਸੁਖਦੇਵ ਸਿੰਘ ਨਾਗੋਕੇ, ਭਾਈ ਗੁਰਜੰਟ ਸਿੰਘ ਕੱਟੂ ਇਥੇ ਪੁਜੇ ਸਨ।

ਅਕਾਲ ਤਖਤ ਸਾਹਿਬ ਵਿਖੇ ਭਾਈ ਦਿਲਾਵਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪੁਜੇ ਇਨ੍ਹਾਂ ਪੰਥਕ ਆਗੂਆਂ ਤੇ ਸੰਗਤਾਂ ਦੇ ਜਜ਼ਬਾਤਾਂ ਨੂੰ ਉਦੋਂ ਸੱਟ ਲੱਗੀ ਜਦੋਂ ਕਮੇਟੀ ਪ੍ਰਬੰਧਕਾਂ ਵਲੋਂ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਵਲੋਂ ਸ਼ਹੀਦ ਦੀ ਯਾਦ ਵਿੱਚ ਰਖਵਾਏ ਗਏ ਅਖੰਡ ਪਾਠ ਦਾ ਭੋਗ ਨਿਰਧਾਰਤ ਸਮੇਂ ਤੋਂ ਘੰਟਾ ਪਹਿਲਾਂ ਹੀ ਪਾ ਦਿੱਤਾ ਗਿਆ। ਜਿਸ ਵੇਲੇ ਸੰਗਤਾਂ ਅਕਾਲ ਤਖਤ ਸਾਹਿਬ ਪੁਜੀਆਂ ਤਾਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਲੋਂ ਹਰ ਬਹਾਨੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਉਧਰ ਅਖੰਡ ਪਾਠ ਵਾਲੇ ਅਸਥਾਨ ’ਤੇ ਦਰਬਾਰ ਸਾਹਿਬ ਦੇ ਕਿਸੇ ਵੀ ਗ੍ਰੰਥੀ, ਕਮੇਟੀ ਮੈਂਬਰ ਜਾਂ ਸ਼੍ਰੋਮਣੀ ਕਮੇਟੀ ਅਧਿਕਾਰੀ ਨੇ ਇਸ ਸਮਾਗਮ ਵਿੱਚ ਸ਼ਾਮਿਲ ਹੋਣਾ ਜ਼ਰੂਰੀ ਨਹੀਂ ਸਮਝਿਆ।ਅਕਾਲ ਤਖਤ ਸਾਹਿਬ ਦੀ ਪਹਿਲੀ ਮੰਜ਼ਿਲ ’ਤੇ ਰੱਖੇ ਗਏ ਇਸ ਸ਼ਹੀਦੀ ਸਮਾਗਮ ਦੀ ਕਵਰਿੰਗ ਕਰਨ ਪੁਜੇ ਮੀਡੀਆ ਕਰਮੀਆਂ ਦੇ ਦਾਖਲੇ ’ਤੇ ਵੀ ਅਣਐਲਾਨੀ ਪਾਬੰਦੀ ਲਗਾ ਦਿੱਤੀ ਗਈ।

ਅਖੰਡ ਪਾਠ ਵਾਲੇ ਅਸਥਾਨ ਦਾ ਪ੍ਰਬੰਧ ਵੇਖ ਰਹੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਨਜ਼ਦੀਕੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੇ ਜਦੋਂ ਇਹ ਵੇਖਿਆ ਕਿ ਵੱਖ-ਵੱਖ ਪੰਥਕ ਸ਼ਖਸੀਅਤਾਂ ਜੁੜਨ ਲੱਗ ਪਈਆਂ ਹਨ ਤਾਂ ਕਾਹਲੀ ਨਾਲ ਭਾਈ ਦਿਲਾਵਰ ਸਿੰਘ ਦੇ ਭਰਾਤਾ ਭਾਈ ਚਮਕੌਰ ਸਿੰਘ, ਭਰਜਾਈ ਅਤੇ ਚਾਚਾ ਅਮਰਜੀਤ ਸਿੰਘ ਦੇ ਗਲ ਸਿਰੋਪਾਉ ਪਾ ਦਿੱਤੇ। ਪ੍ਰਬੰਧਕਾਂ ਦਾ ਵਤੀਰਾ ਮਹਿਸੂਸ ਕਰਦਿਆਂ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਸ਼ਹੀਦੀ ਸਮਾਗਮ ਦਾ ਸਮੁੱਚਾ ਪ੍ਰਬੰਧ ਕਰਨ ਲਈ ਵਿਸ਼ੇਸ਼ ਤੌਰ ’ਤੇ ਜਰਮਨੀ ਤੋਂ ਪੁਜੇ ਭਾਈ ਭੁਪਿੰਦਰ ਸਿੰਘ ਭਲਵਾਨ ਨੇ ਭਾਈ ਜਗਤਾਰ ਸਿੰਘ ਹਵਾਰਾ ਅਤੇ ਬੱਬਰ ਖਾਲਸਾ ਦੇ ਮੁੱਖੀ ਭਾਈ ਵਧਾਵਾ ਸਿੰਘ ਬੱਬਰ ਦਾ ਸੰਦੇਸ਼ ਸੰਗਤਾਂ ਲਈ ਪੜ੍ਹਨਾ ਸ਼ੁਰੂ ਕਰ ਦਿੱਤਾ। ਸ਼੍ਰੋਮਣੀ ਕਮੇਟੀ ਮੁਲਾਜਮਾਂ ਵਲੋਂ ਇਤਰਾਜ਼ ਦੇ ਵਿਚ ਹੀ ਭਾਈ ਭੁਪਿੰਦਰ ਸਿੰਘ ਭਲਵਾਨ ਨੇ ਸੰਦੇਸ਼ ਪੜ੍ਹ ਦਿੱਤੇ।

ਉਪਰੰਤ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਸ. ਸਿਮਰਨਜੀਤ ਸਿੰਘ ਮਾਨ ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਵਿਖੇ ਮੱਥਾ ਟੇਕਣ ਲਈ ਗਏ। ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅੱਜ ਸਮੁਚੀ ਕੌਮ ਲਈ ਫਖਰ ਵਾਲਾ ਦਿਨ ਹੈ ਕਿ ਅੱਜ ਦੇ ਦਿਨ ਕੌਮੀ ਪ੍ਰਵਾਨਿਆਂ ਨੇ ਕੌਮ ਦੀ ਅਣਖ ਤੇ ਗੈਰਤ ਵੰਗਾਰਨ ਵਾਲੇ ਬੇਅੰਤ “ਸਿੰਘ” ਮੁੱਖ ਮੰਤਰੀ ਨੂੰ ਖਾਲਸਈ ਰਹੁ ਰੀਤਾਂ ਅਨੁਸਾਰ ਸਜਾ ਦਿੱਤੀ। ਉਨ੍ਹਾਂ ਕਿਹਾ ਕਿ ਅਕਾਲ ਤਖਤ ਸਾਹਿਬ ਉਹ ਮਹਾਨ ਅਸਥਾਨ ਹੈ ਜਿਥੇ ਗੁਰੂ ਸਾਹਿਬ ਖੁਦ ਅਤੇ ਉਨ੍ਹਾਂ ਦੇ ਹੁਕਮਾਂ ਅਨੁਸਾਰ ਸਿੱਖ ਦੂਸਰੀਆਂ ਕੌਮਾਂ ਤੇ ਵਿਅਕਤੀਆਂ ਦੇ ਹੱਕਾਂ ਦੀ ਰਾਖੀ ਕਰਦੇ ਰਹੇ, ਜਾਨਾਂ ਨਿਛਾਵਰ ਕਰਦੇ ਰਹੇ ਹਨ ਤੇ ਅਜੇ ਵੀ ਕਰ ਰਹੇ ਹਨ ਲੇਕਿਨ ਅੱਜ ਹਾਲਾਤ ਐਨੇ ਬਦਤਰ ਹੋ ਚੁੱਕੇ ਹਨ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਅਕਾਲ ਤਖਤ ਸਾਹਿਬ ਵਿਖੇ ਹੀ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾ ਰਹੇ ਹਨ।

ਉਨ੍ਹਾਂ ਕਿਹਾ ਅੱਜ ਜਿਥੇ ਸੂਬੇ ਦੀ ਅਕਾਲੀ ਤੇ ਉਸਦੀ ਭਾਈਵਾਲੀ ਭਾਜਪਾ ਸਰਕਾਰ ਸਮੇਤ ਨਵੀਂ ਜੰਮੀ ਆਮ ਆਦਮੀ ਪਾਰਟੀ ਵੀ ਨਾਗਪੁਰ ਅਤੇ ਦਿੱਲੀ ਤੋਂ ਆਦੇਸ਼ ਲੈਕੇ ਘਟੱ ਗਿਣਤੀਆਂ ਵਿਰੁਧ ਫੈਸਲੇ ਲੈਣ ਦੇ ਮਨਸੂਬੇ ਬਣਾ ਰਹੀਆਂ ਹਨ ਉਥੇ ਕੌਮੀ ਹੋਂਦ ਹਸਤੀ ਨੂੰ ਬਚਾਉਣ ਲਈ ਮਰਜੀਵੜੇ ਅੱਜ ਵੀ ਮੌਜੂਦ ਵਿਚ ਹਨ। ਉਨ੍ਹਾਂ ਕਿਹਾ ਕਿ ਇਹ ਫੈਸਲਾ ਕਰਨ ਦਾ ਮੌਕਾ ਆ ਗਿਆ ਹੈ ਕਿ ਸਿੱਖਾਂ ਨੇ ਹੁਣ ਨਾਗਪੁਰ ਜਾਂ ਦਿੱਲੀ ਦੀ ਅਧੀਨਗੀ ਕਰਨੀ ਹੈ ਜਾਂ ਅਕਾਲ ਤਖਤ ਸਾਹਿਬ ਦੀ। ਉਨ੍ਹਾਂ ਕਿਹਾ ਕਿ ਸਿੱਖੀ ਦੇ ਇਸ ਮਹਾਨ ਤਖਤ ’ਤੇ ਸ਼੍ਰੋਮਣੀ ਕਮੇਟੀ ਨੂੰ ਵੀ ਅਜ਼ਾਦ ਕਰਨ ਲਈ ਚੰਗੇ ਗੁਰਸਿੱਖਾਂ ਦੀ ਤਲਾਸ਼ ਕਰਨੀ ਜ਼ਰੂਰੀ ਹੈ। ਸ. ਮਾਨ ਨੇ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਆਉਣ ਵਾਲੇ ਹਰ ਸਿੱਖ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਹੀਦੀ ਯਾਦਗਾਰ ਵਿਖੇ ਮੱਥਾ ਜ਼ਰੂਰ ਟੇਕਿਆ ਕਰਨ। ਇਸ ਮੌਕੇ ਏਕ ਨੂਰ ਚੈਰੀਟੇਬਲ ਟਰਸਟ ਦੀ ਬੀਬੀ ਮਨਜੀਤ ਕੌਰ, ਭਾਈ ਦਵਿੰਦਰ ਸਿੰਘ ਚੋਹਲਾ ਸਾਹਿਬ, ਭਾਈ ਦਸੌਂਦਾ ਸਿੰਘ ਚੋਹਲਾ ਸਾਹਿਬ, ਬੀਬੀ ਗੁਰਦੀਪ ਕੌਰ ਚੱਠਾ ਹਾਜ਼ਰ ਸਨ।

ਭਾਈ ਜਗਤਾਰ ਸਿੰਘ ਹਵਾਰਾ ਵਲੋਂ ਕੌਮ ਦੇ ਨਾਮ ਭੇਜੇ ਸੰਦੇਸ਼ ਵਿੱਚ ਦੱਸਿਆ ਗਿਆ ਹੈ ਕਿ ਉਸ ਜਰਵਾਣੇ ਮੁਖ ਮੰਤਰੀ ਨੂੰ ਖਤਮ ਕਰਕੇ ਭਾਈ ਦਿਲਾਵਰ ਸਿੰਘ ਨੇ ਉਸਦੇ ਦਿੱਲੀ ਬੈਠੇ ਮਾਲਕਾਂ ਨੂੰ ਖਾੜਕੂ ਸਿੰਘ ਖਤਮ ਕਰ ਦੇਣ ਦੇ ਦਿੱਤੇ ਦਾਅਵਿਆਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਸੀ। ਭਾਈ ਹਵਾਰਾ ਨੇ ਕਿਹਾ ਹੈ ਕਿ ‘ਅਸੀਂ ਸਭ ਉਸ ਸ਼ਹੀਦ ਦੇ ਵਾਰਿਸ ਹਾਂ ਜਿਸਨੇ ਆਪਣੀ ਕੌਮ ਲਈ ਤੂੰਬਾ-ਤੂੰਬਾ ਹੋ ਕੇ ਉਡਣ ਲੱਗੇ ਸੀ ਨਹੀਂ ਕੀਤੀ ਅਤੇ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਅਸੀਂ ਆਪਣੀ ਕੌਮ ਲਈ ਕੀ ਉਦਮ ਕਰ ਰਹੇ ਹਾਂ। ਉਨ੍ਹਾਂ ਸੰਦੇਸ਼ ਦਿੱਤਾ ਹੈ ਕਿ ਸਭ ਤੋਂ ਪਹਿਲਾਂ ਆਪਣੀ ਜਾਨ ਤੋਂ ਪਿਆਰੇ ਗੁਰਧਾਮ ਅਜ਼ਾਦ ਕਰਾਉਣੇ ਹਨ, ਸ਼੍ਰੋਮਣੀ ਕਮੇਟੀ ਚੋਣਾਂ ਸਮੂਹ ਪੰਥਕ ਧਿਰਾਂ ਨਾਲ ਮਿਲਕੇ ਲੜਨੀਆਂ ਹਨ ਅਤੇ ਗੁਰਦੁਆਰਾ ਪ੍ਰਬੰਧ ਪੰਥਕ ਹੱਥਾਂ ਵਿੱਚ ਲਿਆਉਣਾ ਹੈ। ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਨੂੰ ਕੋਟ-ਕੋਟ ਪ੍ਰਣਾਮ ਕਰਦਿਆਂ ਭਾਈ ਹਵਾਰਾ ਨੇ ਹਰ ਸਿੱਖ ਨੂੰ ਅਪੀਲ ਕੀਤੀ ਹੈ ਕਿ ਉਹ ਗੁਰਮਤਿ ਵਿਚਾਰਧਾਰਾ ਤੋਂ ਸੇਧ ਲੈ ਕੇ ਅਜ਼ਾਦੀ ਦੇ ਸੰਘਰਸ਼ ਵਿੱਚ ਆਪੋ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: