ਜਲੰਧਰ: ਜਲੰਧਰ ਵਿਚ ਦਿਨ ਦਿਹਾੜੇ ਨੌਜਵਾਨ ਦੇ ਹੋਏ ਕਤਲ ਉੱਤੇ ਤਿੱਖੀ ਪ੍ਰਤੀਕ੍ਰਿਆ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਨਿੱਘਰ ਚੁੱਕੀ ਹੈ ਅਤੇ ਰਾਜ ਦੇ ਆਮ ਲੋਕ ਪੂਰੀ ਤਰ੍ਹਾਂ ਨਾਲ ਡਰ ਅਤੇ ਭੈਅ ਵਿਚ ਜੀਅ ਰਹੇ ਹਨ।
ਛੋਟੇਪੁਰ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਆਏ ਦਿਨ ਪੰਜਾਬ ਵਿਚ ਕੋਈ ਨਾ ਕੋਈ ਅਜਿਹੀ ਘਟਨਾ ਹੋ ਰਹੀ ਹੈ। ਜਿਸ ਨਾਲ ਕੀ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਬਦ ਤੋਂ ਬਦਤਰ ਹੋਣ ਦਾ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਪਰੰਤੂ ਸੂਬੇ ਦੇ ਗ੍ਰਹਿ ਮੰਤਰੀ ਪੰਜਾਬ ਵਿਚ ਕਿਸੇ ਵੀ ਪ੍ਰਕਾਰ ਦੇ ਅਪਰਾਧ ਹੋਣ ਤੋਂ ਮੁਨਕਰ ਹੋ ਰਹੇ ਹਨ।
ਜਿਕ੍ਰਯੋਗ ਹੈ ਕਿ ਪਿਛਲੇ ਦਿਨੀ ਨਾਮਧਾਰੀ ਮੁਖੀ ਦੀ ਪਤਨੀ ਚੰਦ ਕੌਰ ਨੂੰ ਲੁਧਿਆਣਾ ਵਿਖੇ ਅਣਪਛਾਤੇ ਹਮਲਾਵਰਾਂ ਨੇ ਗੋਲਿਆਂ ਮਾਰ ਕੇ ਹਲਾਕ ਕਰ ਦਿੱਤਾ ਸੀ ਅਤੇ ਕਰੀਬ 2 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਹਮਲਾਵਰਾਂ ਦਾ ਕੋਈ ਥਹੁ-ਪਤਾ ਨਹੀਂ ਲਗਿਆ ਇਸੇ ਤਰ੍ਹਾਂ ਸਿੱਖ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਵੀ ਬੇਖੋਫ ਹਮਲਾ ਕੀਤਾ ਗਿਆ ਅਤੇ ਹਮਲਾਵਰ ਅਜੇ ਪੁਲਿਸ ਦੀ ਹਿਰਾਸਤ ਵਿਚੋਂ ਬਾਹਰ ਹਨ।
ਜਲੰਧਰ ਵਿਚ ਹੋਏ ਦਿਨ ਦਿਹਾੜੇ ਕਤਲ ਬਾਰੇ ਬੋਲਦਿਆਂ ਛੋਟੇਪੁਰ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪੰਜਾਬ ਵਿਚ ਅਪਰਾਧੀਆਂ ਨੂੰ ਪੁਲਿਸ ਦਾ ਕੋਈ ਡਾਰ ਭੈਅ ਨਹੀਂ ਹੈ ਅਤੇ ਆਏ ਦਿਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਗੁੰਡੇ ਤੇਜਧਾਰ ਹਥਿਆਰਾਂ ਨਾਲ ਸ਼ਰੇਆਮ ਘੁਮ ਰਹੇ ਹਨ। ਇਸੇ ਤਰ੍ਹਾਂ ਹੀ ਅੱਜ ਦਿਨ ਦਿਹਾੜੇ ਜਲੰਧਰ ਵਿਚ ਗੁੰਡਿਆ ਨੇ ਨੌਜਵਾਨ ਨੂੰ ਬਿਨਾ ਕਿਸੇ ਡਰ ਦੇ ਸ਼ਰੇਆਮ ਕਤਲ ਕਰ ਦਿੱਤਾ।
ਦੱਸਣਯੋਗ ਹੈ ਕਿ ਜਲੰਧਰ ਦੇ ਗੁਰੂ ਨਾਨਕ ਪੁਰਾ ਖੇਤਰ ਦੇ ਨਾਲ ਲਗਦੇ ਇਲਾਕੇ ਵਿਚ 2 ਨੌਜਵਾਨਾਂ ਨੂੰ ਅਣਪਛਾਤੇ ਹਮਲਾਵਰਾਂ ਦੇ ਸਮੂਹ ਨੇ ਤੇਜਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ। ਜਿਨ੍ਹਾਂ ਵਿਚੋਂ ਇਕ ਨੌਜਵਾਨ ਦੀ ਹਸਪਤਾਲ ਵਿਚ ਮੌਤ ਹੋ ਗਈ ਜਦੋਂ ਕਿ ਦੂਜਾ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਮ੍ਰਿਤਕ ਦੀ ਪਹਿਚਾਨ ਬਸਤੀ ਬਾਵਾ ਖੇਲ ਨਿਵਾਸੀ ਮਨਪ੍ਰੀਤ ਸਿੰਘ ਵਜੋਂ ਹੋਈ ਹੈ ਜਦਕਿ ਇਸੇ ਬਸਤੀ ਨਿਵਾਸੀ ਮਨੀਸ਼ ਕੁਮਾਰ ਗੰਭੀਰ ਰੂਪ ਵਿਚ ਜਖਮੀ ਹੋ ਗਿਆ।