ਅੰਮ੍ਰਿਤਸਰ: ਅੱਜ ਇੱਥੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ ਸਰਪ੍ਰਸਤ ਬੀਬੀ ਪਰਮਜੀਤ ਕੌਰ ਖਾਲੜਾ, ਪ੍ਰਧਾਨ ਹਰਮਨਦੀਪ ਸਿੰਘ ਸਰਹਾਲੀ, ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾਂ,ਸਪੋਕਸਮੈਨ ਸਤਵਿੰਦਰ ਸਿੰਘ ਪਲਾਸੌਰ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਹਿੰਦੂਤਵੀ ਸ਼ਕਤੀਆਂ (ਇੰਦਰਾਕਿਆਂ, ਭਾਜਪਾਕਿਆਂ, ਆਰ.ਐਸ.ਐਸ.ਕਿਆਂ) ਵੱਲੋਂ ਸਿੱਖੀ ਨਾਲ 5 ਸਦੀਆਂ ਪੁਰਾਣਾ ਵੈਰ ਕੱਢਣ ਲਈ ਕੀਤਾ ਗਿਆ ਸੀ, ਉੱਥੇ ਬਾਦਲਕੇ ਆਪਣੀ ਰਾਜਨੀਤਿਕ ਮੌਤ ਦੇ ਡਰੋਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਦੀ ਮੌਤ ਚਾਹੁੰਦਿਆ ਇਸ ਯੋਜਨਾਬੰਦੀ ਵਿੱਚ ਸ਼ਾਮਿਲ ਹੋਏ।
ਜਾਰੀ ਭਿਆਨ ਵਿੱਚ ਕਿਹਾ ਗਿਆ ਹੈ ਕਿ 25 ਅਪ੍ਰੈਲ 1984 ਨੂੰ ਸੰਤ ਲੋਂਗੋਵਾਲ ਨੇ ਇੰਦਰਾਗਾਂਧੀ ਦੇ ਪ੍ਰਾਈਵੇਟ ਸਕੱਤਰ ਆਰ.ਕੇ. ਧਵਨ ਨੂੰ ਗੁਪਤ ਚਿੱਠੀ ਲਿੱਖ ਕੇ ਫੌਜੀ ਹਮਲੇ ਬਾਰੇ ਗੁਪਤ ਯੋਜਨਾਬੰਦੀ ਨੂੰ ਆਖਰੀ ਰੂਪ ਦੇਣ ਬਾਰੇ ਕਿਹਾ ਸੀ।
ਲੋਂਗੋਵਾਲ ਨੇ ਲਿਖਿਆ ਸੀ ਕਿ ਸੰਤ ਭਿੰਡਰਾਵਾਲਾ ਢਿੱਲਾ ਨਹੀ ਪੈ ਰਿਹਾ ਆਪਾਂ ਨੂੰ ਉਹ ਕੁੱਝ ਕਰਨਾ ਪੈਣਾ ਹੈ ਜਿਸਦੀ ਯੌਜਨਾਬੰਦੀ ਆਪਾਂ ਕੀਤੀ ਹੈ ਅਤੇ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਇਸ ਯੋਜਨਾਬੰਦੀ ਬਾਰੇ ਤੁਹਾਡੇ ਨਾਲ ਪਹਿਲਾਂ ਹੀ ਵਿਸਥਾਰ ਨਾਲ ਵਿਚਾਰਾਂ ਕਰ ਚੁੱਕੇ ਹਨ। ਭਿੰਡਰਾਵਾਲੇ ਦੇ ਬੰਦੇ ਫੌਜ ਵੇਖ ਕੇ ਭੱਜ ਜਾਣਗੇ ਸੰਭਵ ਹੈ ਕਿ ਉਹ ਵੀ ਭੱਜ ਜਾਵੇਗਾ।
ਇਸੇ ਲੜੀ ਵਿੱਚ ਉਨ੍ਹਾਂ ਕਿਹਾ ਕਿ ਜਦੋਂ ਫੌਜ ਨੇ ਸ਼੍ਰੀ ਦਰਬਾਰ ਸਾਹਿਬ ਦੀ ਘੇਰਾਬੰਦੀ ਸ਼ੁਰੂ ਕੀਤੀ ਤਾਂ ਲੋਗੋਂਵਾਲ ਨੇ ਆਪਣੀ ਦੁਸ਼ਮਣੀ ਜੱਗ ਜਾਹਿਰ ਕਰਦਿਆ ਕਿਹਾ ਕਿ “ਉਸ ਨੂੰ (ਭਿੰਡਰਾਵਾਲੇ ਨੂੰ) ਦੱਸ ਦਿਓ ਕਿ ਉਸ ਦੇ ਮਹਿਮਾਨ ਆ ਗਏ ਹਨ”
ਖਾਲੜਾ ਮਿਸ਼ਨ ਨੇ ਕਿਹਾ ਕਿ ਬਾਦਲਕਿਆਂ ਵੱਲੋਂ ਇੰਦਰਾਗਾਂਧੀ ਵੱਲ 7 ਗੁਪਤ ਚਿੱਠੀਆਂ ਲਿਖੀਆਂ ਗਈਆਂ ਅਤੇ ਕਈ ਗੁਪਤ ਮੀਟਿੰਗਾਂ ਕੀਤੀਆਂ ਗਈਆਂ। ਖਾਲੜਾ ਮਿਸ਼ਨ ਨੇ ਕਿਹਾ ਕਿ ਸੰਤ ਭਿੰਡਰਾਵਾਲਿਆ ਨੇ ਆਪ ਮੰਨਿਆ ਸੀ ਕਿ ਤਿੰਨ ਵਾਰ ਉਨ੍ਹਾਂ ਨੂੰ ਕਤਲ ਕਰਨ ਦੀ ਸਾਜਿਸ਼ ਰਚੀ ਗਈ ਸੀ, ਪਰ ਵਾਹਿਗੁਰੂ ਨੇ ਸਿਰੇ ਨਹੀ ਚੜਨ ਦਿੱਤੀ। ਆਖਰੀ ਵਾਰੀ 50 ਲੱਖ ਰੁਪਏ ਦੀ ਸਪਾਰੀ ਦੇ ਕੇ 14 ਅਪ੍ਰੈਲ 1984 ਨੂੰ ਸੰਤ ਭਿੰਡਰਾਵਾਲਿਆ ਨੂੰ ਕਤਲ ਕਰਨ ਦੀ ਸਾਜਿਸ਼ ਲੋਂਗੋਵਾਲ-ਬਾਦਲਕਿਆਂ ਦੀਆਂ ਹਦਾਇਤਾਂ ਤੇ ਦਫਤਰ ਸਕੱਤਰ ਗੁਰਚਰਨ ਸਿੰਘ ਵੱਲੋਂ ਰਚੀ ਗਈ । ਇਹ ਸਾਜਿਸ਼ ਵੀ ਅਸਫਲ ਹੋ ਗਈ ਪਰ ਸੰਤਾਂ ਦੇ ਨੇੜਲੇ ਸਾਥੀ ਸੁਰਿੰਦਰ ਸਿੰਘ ਸੋਢੀ ਦਾ ਕਤਲ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਇਹ ਪਾਪ ਉਸ ਵੇਲੇ ਫਿਰ ਨੰਗਾ ਹੋ ਗਿਆ ਜਦੋਂ ਬਾਦਲਕਿਆ ਨੇ ਸ਼੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੀ ਲਿਖਤੀ ਆਗਿਆ ਦੇਣ ਲਈ ਉਨ੍ਹਾਂ ਰਮੇਸ਼ ਇੰਦਰ ਸਿੰਘ ਨੂੰ ਡੀ.ਸੀ. ਨਿਯੁੱਕਤ ਕਰਨ ਵਿੱਚ ਮਦਦ ਕੀਤੀ, ਕਿਉਂਕਿ ਸ੍ਰ: ਗੁਰਦੇਵ ਸਿੰਘ ਬਰਾੜ ਡੀ.ਸੀ. ਅੰਮ੍ਰਿਤਸਰ ਨੇ ਫੌਜ ਨੂੰ ਸ਼੍ਰੀ ਦਰਬਾਰ ਸਾਹਿਬ ਅੰਦਰ ਜਾਣ ਲਈ ਲਿਖਤੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਹ ਛੁੱਟੀ ਤੇ ਚਲੇ ਗਏ ਸਨ। ਸ਼੍ਰੀ ਬਾਦਲ ਨੇ ਰਮੇਸ਼ ਇੰਦਰ ਸਿੰਘ ਨੂੰ ਬਾਦਲ ਸਰਕਾਰ ਵਿੱਚ ਚੀਫ ਸਕੱਤਰ ਲਾ ਕੇ ਅਤੇ ਮੁੱਖ ਸੂਚਨਾ ਅਫਸਰ ਨਿਯੁੱਕਤ ਕਰਕੇ ਉਸ ਦੇ ਅਹਿਸਾਨਾਂ ਦਾ ਮੁੱਲ ਤਾਰਿਆ।
ਬਾਦਲਕਿਆਂ ਨੇ ਫੌਜੀ ਹਮਲੇ ਨਾਲ ਹੋਈ ਤਬਾਹੀ ਦੇ ਸਾਰੇ ਨਿਸ਼ਾਨ ਮਿਟਾ ਕੇ ਫੌਜੀ ਹਮਲੇ ਦਾ ਖੁਰਾ ਖੋਜ ਮਿਟਾ ਦਿੱਤਾ। ਖਾਲੜਾ ਮਿਸ਼ਨ ਨੇ ਕਿਹਾ ਕਿ ਜਲ੍ਹਿਆਵਾਲਾ ਬਾਗ ਕਾਡ 1919 ਵਿੱਚ ਵਾਪਰਿਆ, ਉਸ ਦੀ ਪੜਤਾਲ ਹੰਟਰ ਕਮਿਸ਼ਨ ਨੇ ਕੀਤੀ ਦੋਸ਼ੀਆਂ ਨੂੰ ਸਜਾਵਾਂ ਮਿਲੀਆ ਤੇ ਨਿਸ਼ਾਨ ਅੱਜ ਤੱਕ ਸਾਂਭੇ ਹੋਏ ਹਨ।
ਖਾਲੜਾ ਮਿਸ਼ਨ ਨੇ ਕਿਹਾ ਕਿ ਬਾਦਲਕਿਆਂ ਨੇ ਇਹ ਪਾਪ ਪਹਿਲੀ ਵਾਰ ਨਹੀ ਕੀਤਾ ਬਾਬਾ ਬੂਝਾ ਸਿੰਘ ਵਰਗੇ ਬਜੁਰਗ ਅਤੇ 80 ਹੋਰਾਂ ਦੇ ਝੂਠੇ ਮੁਕਾਬਲੇ ਬਣਾ ਕੇ ਪੰਜਾਬ ਦੀ ਧਰਤੀ ਤੇ ਝੂਠੇ ਮੁਕਾਬਲਿਆਂ ਦੀ ਪਿਰਤ ਸ਼੍ਰੀ ਬਾਦਲ ਨੇ ਹੀ ਪਾਈ ਸੀ।
ਖਾਲੜਾ ਮਿਸ਼ਨ ਆਗੂਆਂ ਨੇ ਕਿਹਾ ਕਿ ਬਾਬਾ ਬੂਝਾ ਸਿੰਘ ਦੇ ਝੂਠੇ ਮੁਕਾਬਲੇ ਤੋਂ ਲੈ ਕੇ ਨਿਰੰਕਾਰੀ ਕਾਂਡ, ਸਾਕਾ ਨੀਲਾ ਤਾਰਾ, 25 ਹਜਾਰ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ,ਜਵਾਨੀ ਜੇਲਾਂ ਵਿੱਚ ਅਤੇ ਨਸ਼ਿਆਂ ਵਿੱਚ ਰੋਲ ਕੇ, ਕਿਸਾਨੀ ਖੁਦਕੁਸ਼ੀਆ ਰਾਂਹੀ ਬਰਬਾਦ ਕਰਕੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਂਡ, ਬਹਿਬਲ ਕਲਾਂ ਗੋਲੀ ਕਾਂਡ ਵਿੱਚ ਦੋਸ਼ੀ ਬਾਦਲਕਿਆਂ ਨੇ ਸਿੱਖੀ ਦੇ ਜੜੀ ਤੇਲ ਦਿੱਤਾ ਹੈ।
ਆਖਿਰ ਵਿੱਚ ਖਾਲੜਾ ਮਿਸ਼ਨ ਆਗੂਆਂ ਨੇ ਸੁਭਰਾਮਨੀਅਮ ਸਵਾਮੀ ਵੱਲੋਂ ਫੌਜੀ ਹਮਲੇ ਦੀਆਂ ਫਾਈਲਾਂ ਜਨਤਕ ਕਰਨ ਦੇ ਦਿੱਤੇ ਬਿਆਨ ਦੀ ਹਮਾਇਤ ਕਰਦਿਆ ਕਿਹਾ ਕਿ ਜਿੱਥੇ ਸ਼੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਬਾਰੇ ਫਾਈਲਾਂ ਜਨਤਕ ਹੋਣੀਆਂ ਚਾਹੀਦੀਆਂ ਹਨ ਉੱਥੇ ਇਸ ਹਮਲੇ ਦੀ ਨਿਰਪੱਖ ਪੜਤਾਲ ਹੋਣੀ ਚਾਹੀਦੀ ਹੈ।