ਅੰਮ੍ਰਿਤਸਰ: (ਨਰਿੰਦਰ ਪਾਲ ਸਿੰਘ/ ਮਨਿੰਦਰ ਸਿੰਘ ਗੋਰੀ) ਲ਼ੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਚਿੱਟਾ ਤਸਕਰ ਦੱਸਣ ’ਤੇ ਮਾਣਹਾਨੀ ਮਾਮਲੇ ਵਿੱਚ ਸਥਾਨਕ ਅਦਾਲਤ ਵਿੱਚ ਪੇਸ਼ ਹੋਣ ਲਈ ਪੁਜੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਲਲਕਾਰਦਿਆਂ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ 6 ਮਹੀਨੇ ਰਹਿ ਗਏ ਹਨ ਜੇ ਜ਼ੁਰਅਤ ਹੈ ਤਾਂ ਸਾਨੂੰ ਗ੍ਰਿਫਤਾਰ ਕਰ ਨਹੀਂ ਤਾਂ 6 ਮਹੀਨੇ ਬਾਅਦ ਅਸੀਂ ਤੈਨੂੰ ਗ੍ਰਿਫਤਾਰ ਕਰਕੇ ਵਿਖਾਵਾਂਗੇ।
ਅਰਵਿੰਦ ਕੇਜਰੀਵਾਲ ਅੱਜ ਅੰਮ੍ਰਿਤਸਰ ਦੀ ਇੱਕ ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ ਸਰਕਟ ਹਾਉਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਰਾਸ਼ਟਰੀ ਬੁਲਾਰੇ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੈ ਸਿੰਘ, ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੋਪੁਰ, ਸੰਸਦ ਭਗਵੰਤ ਮਾਨ ਅਤੇ ਹੋਰ ਆਗੂ ਮੌਜੂਦ ਸਨ। ਆਪਣੀ ਤਿੱਖੀ ਸੁਰ ਵਾਲੇ ਭਾਸ਼ਣ ਵਿੱਚ ਕੇਜਰੀਵਾਲ ਨੇ ਕਿਹਾ, ‘ਬਿਕਰਮ ਸਿੰਘ ਮਜੀਠੀਆ ਚੋਣਾਂ ਲਈ ਕੇਵਲ 6 ਮਹੀਨੇ ਰਹਿ ਗਏ ਹਨ। ਇਨ੍ਹਾਂ 6 ਮਹੀਨਿਆਂ ਵਿੱਚ ਜੇਕਰ ਦਮ ਹੈ ਤਾਂ ਸਾਨੂੰ ਗ੍ਰਿਫਤਾਰ ਕਰ ਨਹੀਂ ਤਾਂ 6 ਮਹੀਨੇ ਬਾਅਦ ਪੰਜਾਬ ਵਿੱਚ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ। ਸਰਕਾਰ ਬਣਦੇ ਹੀ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਸੁੱਟਿਆ ਜਾਵੇਗਾ।’
ਅਰਵਿੰਦ ਕੇਜਰੀਵਾਲ ਨੇ ਕਿਹਾ, ‘ਆਪਣੇ ਕੁਸ਼ਾਸਨ ਦੌਰਾਨ ਬਾਦਲਾਂ ਅਤੇ ਮਜੀਠੀਏ ਨੇ ਘਰ-ਘਰ ਨਸ਼ਾ ਪਹੁੰਚਾ ਦਿੱਤਾ ਹੈ। ਨੌਜਵਾਨ ਵਰਗ ਨੂੰ ਬਰਬਾਦ ਕਰਨ ਲਈ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ। ਉਪਰੋਂ ਜੋ ਵੀ ਇਨ੍ਹਾਂ ਦੇ ਨਸ਼ੇ ਦੇ ਕਾਲੇ ਕਾਰੋਬਾਰ ਦੇ ਖਿਲਾਫ ਅਵਾਜ਼ ਚੁੱਕਣ ਦੀ ਕੋਸ਼ਿਸ਼ ਕਰਦਾ ਹੈ, ਉਸ ਉੱਤੇ ਪਰਚਾ ਦਰਜ ਕਰ ਦਿੱਤਾ ਜਾˆਦਾ ਹੈ, ਡਰਾਇਆ ਜਾਂਦਾ ਹੈ। ਜੇਕਰ ਬਤੌਰ ਮੁੱਖ ਮੰਤਰੀ ਮੇਰੇ ਉੱਤੇ ਕੇਸ ਕਰ ਸਕਦੇ ਹਨ ਤਾਂ ਪੰਜਾਬ ਵਿੱਚ ਆਮ ਆਦਮੀ ਦਾ ਕੀ ਹਾਲ ਹੋਵੇਗਾ? ਪਰੰਤੂ ਪੰਜਾਬ ਭਰ ਵਿੱਚ ਮਜੀਠੀਆ ਨੂੰ ਡਰਗ ਤਸਕਰਾਂ ਦਾ ਸਰਦਾਰ ਦੱਸਣ ਵਾਲੇ ਹੋਰਡਿੰਗਸ, ਬੈਨਰ ਅਤੇ ਬੋਰਡਾˆ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਪੰਜਾਬ ਦੇ ਲੋਕ ਬਾਦਲਾਂ ਅਤੇ ਮਜੀਠੀਏ ਤੋਂ ਡਰਨ ਵਾਲੇ ਨਹੀਂ ਹਨ। ਕੇਜ਼ਰੀਵਾਲ ਇਸ ਉਪਰੰਤ ਸਿੱਧੇ ਹੀ ਅਦਾਲਤ ਵਿੱਚ ਗਏ ਜਿਥੇ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਕਰਦਿਆਂ ਅਗਲੀ ਸੁਣਵਾਈ ਦੀ ਤਾਰੀਕ 15 ਅਕਤੂਬਰ ਤੈਅ ਕਰ ਦਿੱਤੀ।
ਉਧਰ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਆਪਣੇ ਭਾਰੀ ਲਾਮ ਲਸ਼ਕਰ ਸਮੇਤ ਅਦਾਲਤ ਵਿੱਚ ਪੁਜੇ। ਮਜੀਠੀਆ ਦੇ ਇਹ ਹਮਾਇਤੀ ਸਵੇਰੇ 9 ਵਜੇ ਤੋਂ ਹੀ ਸਥਾਨਕ ਜ਼ਿਲ੍ਹਾ ਕਚਹਿਰੀ ਦੇ ਨਾਲ ਲਗਦੀ ਸੜਕ ’ਤੇ ਡੇਰੇ ਲਾਈ ਬੈਠੇ ਸਨ। ਦੂਸਰੇ ਪਾਸੇ ਹਜ਼ਾਰਾਂ ਕੇਜ਼ਰੀਵਾਲ ਸਮਰਥਕ ਸਰਕਟ ਹਾਊਸ ਦੇ ਬਾਹਰ ਆਪਣੇ ਆਗੂ ਦੀ ਇੱਕ ਝਲਕ ਪਾਣ ਲਈ ਸਵੇਰ ਤੋਂ ਹੀ ਇੱਕਤਰ ਹੋਏ ਸਨ। ਕੇਜ਼ਰੀਵਾਲ ਦੇ ਅਦਾਲਤ ਵੱਲ ਰਵਾਨਾ ਹੁੰਦਿਆਂ ਵੀ ਇਹ ਸਮਰਥਕ ਨਾਲ ਰਹੇ।
ਜਿਸ ਰਸਤੇ ਤੋਂ ਕੇਜਰੀਵਾਲ ਨੇ ਅਦਾਲਤ ਜਾਣਾ ਸੀ ਓਸੇ ਹੀ ਰਸਤੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਕੋਆਡੀਨੇਟਰ ਤੇ ਐਸ.ਐਸ. ਬੋਰਡ ਦੇ ਮੈਂਬਰ ਇਕਬਾਲ ਸਿੰਘ ਸੰਧੂ ਆਪਣੇ ਸਾਥੀਆ ਸਮੇਤ ਓਸੇ ਹੀ ਰਸਤੇ ਅਕਾਲੀ ਦਲ ਦੇ ਨਾਅਰੇ ਬੁਲੰਦ ਕਰਦਿਆਂ ਜਦੋਂ ਬੈਰੀਕੇਟ ਪਾਰ ਕਰਨ ਲੱਗੇ ਤਾਂ ਪੁਲਿਸ ਪ੍ਰਸ਼ਾਸਨ ਨੇ ਲੰਘਣ ਨਹੀਂ ਦਿੱਤਾ। ਇਥੇ ਹੀ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਰਕਰਾਂ ਵਿਚਕਾਰ ਖੂਬ ਖਿੱਚ-ਧੂੁਹ ਹੋਈ, ਕਈਆਂ ਦੇ ਕਪੜੇ ਵੀ ਪਾਟੇ। ਸੰਧੂ ਨੇ ਭੱਜਕੇ ਇਕ ਬੈਂਕ ਵਿੱਚ ਦਾਖਲ ਹੋਕੇ ਜਾਨ ਬਚਾਈ। ਅਦਾਲਤ ਵਿੱਚ ਜਾਣ ਮੌਕੇ ਕੇਜਰੀਵਾਲ ਦੇ ਨਾਲ ਐਡਵੋਕੇਟ ਹਰਵਿੰਦਰ ਸਿਘ ਫੂਲਕਾ, ਸੰਜੇ ਸਿੰਘ ਅਤੇ ਸੁੱਚਾ ਸਿੰਘ ਛੋਟੇਪੁਰ ਨਾਲ ਸਨ।
ਜ਼ਿਲ੍ਹਾ ਪੁਲਿਸ ਨੇ ਦੋਨਾਂ ਧਿਰਾਂ ਦੇ ਸਮਰਥਕਾਂ ਨੂੰ ਇੱਕ ਦੂਜੇ ਤੋਂ ਦੂਰ ਰੱਖਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਹੋਈ ਸੀ। ਸਥਨਕ ਸਰਕਟ ਹਾਊਸ ਤੋਂ ਜ਼ਿਲ੍ਹਾ ਕਚਿਹਰੀ ਨੂੰ ਜਾਣ ਵਾਲੇ ਰਸਤਿਆਂ ’ਤੇ ਥਾਂ-ਥਾਂ ਬੈਰੀਕੇਟ ਲਗਾਏ ਹੋਏ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ, ਬਾਵਾ ਸਿੰਘ ਗੁਮਾਨਪੁਰਾ, ਭਾਈ ਰਾਮ ਸਿੰਘ, ਸੁਰਜੀਤ ਸਿੰਘ ਭਿੱਟੇਵੱਡ, ਦਰਬਾਰ ਸਾਹਿਬ ਦੇ ਮੈਨੇਜਰ ਤੇ ਸਰਪੰਚ ਸੁਲੱਖਣ ਸਿੰਘ ਭੰਗਾਲੀ 50 ਦੇ ਕਰੀਬ ਦਰਬਾਰ ਸਾਹਿਬ ਦੇ ਮੁਲਾਜਮਾਂ ਸਹਿਤ ਬਿਕਰਮ ਸਿੰਘ ਮਜੀਠੀਆ ਦੀ ਹਮਾਇਤ ਲਈ ਪੁਜੇ ਹੋਏ ਸਨ।