ਪੰਜਾਬ ਦੀ ਰਾਜਨੀਤੀ

ਅਸਲ ਦੋਸ਼ੀਆਂ ਨੂੰ ਬਚਾਉਣ ਦੀ ਸਾਜਿਸ਼ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਬੋਗਸ ਰਿਪੋਰਟ: ਛੋਟੇਪੁਰ, ਖਹਿਰਾ

By ਸਿੱਖ ਸਿਆਸਤ ਬਿਊਰੋ

July 01, 2016

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਉੱਤੇ ਪੰਜਾਬ ਸਰਕਾਰ ਦੁਆਰਾ ਗਠਿਤ ਜਸਟੀਸ ਜ਼ੋਰਾ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਨੂੰ ‘ਬੋਗਸ’ ਅਤੇ ਅਸਲ ਦੋਸ਼ੀਆਂ ਨੂੰ ਬਚਾਉਣ ਦੀ ਸਾਜਿਸ਼ ਕਰਾਰ ਦਿੱਤਾ।

ਸ਼ੁੱਕਰਵਾਰ ਨੂੰ ‘ਆਪ’ ਵਲੋਂ ਜਾਰੀ ਸਾਂਝੇ ਬਿਆਨ ਵਿੱਚ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਜਸਟੀਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਉੱਤੇ ਬਾਦਲ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਲੰਬੇ ਅਰਸੇ ਤੋਂ ਕਹਿੰਦੀ ਆ ਰਹੀ ਸੀ ਕਿ ਜਸਟੀਸ ਜ਼ੋਰਾ ਸਿੰਘ ਦਾ ਕਮਿਸ਼ਨ ਰਾਜ ਸਰਕਾਰ ਦੁਆਰਾ ਗਠਿਤ ‘ਫਰਜੀ’ ਕਮਿਸ਼ਨ ਹੈ ਅਤੇ ਜਸਟੀਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੇ ‘ਆਪ’ ਦਾ ਦਾਅਵਾ ਠੀਕ ਸਾਬਤ ਕਰ ਦਿੱਤਾ, ਠੀਕ ਉਸੇ ਤਰ੍ਹਾਂ ਲੰਮਾ ਸਮਾਂ ਲਟਕਾ ਕੇ ਫਰਜ਼ੀ ਅਤੇ ਮਨਘੜੰਤ ਰਿਪੋਰਟ ਪੇਸ਼ ਕਰ ਦਿੱਤੀ, ਜਿਵੇਂ ਕੈਬਿਨੇਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਬਹੁ-ਕਰੋੜੀ ਕਿਤਾਬ ਘੋਟਾਲੇ ਵਿੱਚ ਜਸਟੀਸ ਜਿੰਦਲ ਕਮਿਸ਼ਨ ਨੇ ਰਿਪੋਰਟ ਦਿੱਤੀ ਸੀ। ਨਾ ਤਾਂ ਜਸਟੀਸ ਜਿੰਦਲ ਨੇ ਕਿਤਾਬ ਘੋਟਾਲੇ ਦੇ ਅਸਲ ਦੋਸ਼ੀਆਂ ਨੂੰ ਬੇਨਕਾਬ ਕੀਤਾ ਸੀ ਅਤੇ ਨਾ ਹੀ ਜਸਟੀਸ ਜ਼ੋਰਾ ਸਿੰਘ ਕਮਿਸ਼ਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਅਸਲੀ ਦੋਸ਼ੀਆਂ ਨੂੰ ਸਾਹਮਣੇ ਲਿਆਇਆ ਗਿਆ ਅਤੇ ਨਾ ਹੀ ਬਹਿਬਲ ਕਲਾਂ ਵਿੱਚ ਸ਼ਾਂਤੀ ਢੰਗ ਨਾਲ ਰੋਸ਼ ਧਰਨੇ ਉੱਤੇ ਬੈਠੀ ਸੰਗਤ ਉੱਤੇ ਅੰਧਾ-ਧੁੰਦ ਗੋਲੀ ਚਲਾਉਣ ਅਤੇ ਉਨਾਂ ਨੂੰ ਹੁਕਮ ਦੇਣ ਵਾਲੇ ਉੱਚ ਪੁਲਿਸ ਅਤੇ ਪ੍ਰਬੰਧਕੀ ਅਧਿਕਾਰੀਆਂ ਦਾ ਪਰਦਾਫਾਸ਼ ਕੀਤਾ।

ਛੋਟੇਪੁਰ ਨੇ ਕਿਹਾ ਕਿ ਸੇਵਾ ਮੁਕਤ ਜਜਾਂ ਦੇ ਕਮਿਸ਼ਨ ਦਾ ਗਠਨ ਕਰਕੇ ਮਸਲੇ ਨੂੰ ਲਮਕਾਉਣਾ ਅਤੇ ਜਨਤਾ ਦੀਆਂ ਅੱਖਾਂ ਵਿੱਚ ਧੂਲ ਝੌਂਕਨਾ ਬਾਦਲ ਦੀ ਵਾਕਫ ਕਾਰਜ ਸ਼ੈਲੀ ਹੈ। ‘ਆਪ’ ਨੇਤਾ ਬੋਲੇ, ‘ਜੇਕਰ ਜਸਟੀਸ ਜ਼ੋਰਾ ਸਿੰਘ ਕਮਿਸ਼ਨ ਸਹੀ ਨੀਅਤ ਅਤੇ ਸਰਕਾਰੀ ਤੰਤਰ ਤੋਂ ਅਜ਼ਾਦ ਹੋ ਕੇ ਜਾਂਚ ਕਰਦਾ ਤਾਂ ਜਾਂਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਸ਼ੁਰੂ ਹੁੰਦੀ, ਜੋ ਸੂਬੇ ਦਾ ਗ੍ਰਹਿ ਮੰਤਰੀ ਹੈ। ਜਾਂਚ ਦੇ ਦੌਰਾਨ ਤਤਕਾਲੀਨ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਹੋਰ ਉੱਚ ਪੁਲਿਸ ਅਤੇ ਪ੍ਰਸ਼ਾਸਿਨਕ ਅਧਿਕਾਰੀਆਂ ਵਲੋਂ ਪੁੱਛਗਿਛ ਹੁੰਦੀ ਤਾਂ ਕਿ ਇਹ ਪਤਾ ਚੱਲਦਾ ਸੰਗਤ ਉੱਤੇ ਗੋਲੀ ਕਿਸ ਦੇ ਨਿਰਦੇਸ਼ ਉੱਤੇ ਚਲਾਈ ਗਈ ਸੀ। ਕਿਸੇ ਹਵਾਲਦਾਰ- ਸਿਪਾਹੀ ਨੂੰ ਬਲੀ ਦਾ ਬਕਰਾ ਬਣਾ ਕੇ ਬਾਦਲ ਸਰਕਾਰ ਨੂੰ ਕਲੀਨਚਿਟ ਨਹੀਂ ਦਿੱਤੀ ਜਾ ਸਕਦੀ। ਛੋਟੇਪੁਰ ਨੇ ਮੰਗ ਕੀਤੀ ਕਿ ਜਸਟੀਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਬਿਨਾਂ ਦੇਰੀ ਦੇ ਜਨਤਕ ਕੀਤਾ ਜਾਵੇ।

ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜਸਟੀਸ ਮਾਰਕੰਡੇ ਕਾਟਜੂ ਨੇ ਆਪਣੀ ਤਿੰਨ ਦਿਨਾਂ ਦੀ ਜਾਂਚ ਵਿੱਚ ਜਸਟੀਸ ਜੋਰਾ ਸਿੰਘ ਤੋਂ ਕਿਤੇ ਬਿਹਤਰ ਅਤੇ ਭਰੋਸੇਯੋਗ ਰਿਪੋਰਟ ਪੇਸ਼ ਕਰ ਦਿੱਤੀ ਸੀ। ਜਸਟੀਸ ਕਾਟਜੂ ਨੇ ਆਪਣੀ ਰਿਪੋਰਟ ਵਿਚ ਗੋਲੀ ਕਾਂਡ ਸੰਬੰਧੀ ਪੁਲਿਸ ਅਧਿਕਾਰੀਆਂ ਦੇ ਫੋਨ ਕਾਲ ਦੇ ਰਿਕਾਰਡ ਦੀ ਜਾਂਚ ਪੜਤਾਲ ਉੱਤੇ ਜ਼ੋਰ ਦਿੱਤਾ ਸੀ, ਤਾਂ ਕਿ ਡੀਜੀਪੀ ਦਫਤਰ ਤੋਂ ਲੈ ਕੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਦਫਤਰਾਂ ਅਤੇ ਹੋਰ ਸਿਆਸਤਦਾਨਾਂ ਦੀ ਭੂਮਿਕਾ ਦਾ ਪਤਾ ਚੱਲ ਸਕੇ। ਖਹਿਰਾ ਨੇ ਇਸ ਮਾਮਲੇ ਵਿੱਚ ਚੱਲ ਰਹੀ ਸੀਬੀਆਈ ਜਾਂਚ ਉੱਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਇੰਨੇ ਮਹੀਨੀਆਂ ਦੇ ਬਾਅਦ ਵੀ ਕੋਈ ਅਤਾ-ਪਤਾ ਨਹੀਂ ਹੈ ਕਿ ਜਾਂਚ ਕਿਸ ਪੱਧਰ ਤੱਕ ਪਹੁੰਚੀ ਹੈ ਅਤੇ ਕਦੋਂ ਪੂਰੀ ਹੋਵੇਗੀ। ਖਹਿਰਾ ਨੇ ਕਿਹਾ ਕਿ ਜਦੋਂ ਤੱਕ ਬੇਅਦਬੀ ਕਰਨ ਵਾਲੇ ਅਸਲੀ ਦੋਸ਼ੀਆਂ ਨੂੰ ਫੜਿਆ ਨਹੀਂ ਜਾਂਦਾ ਤੱਦ ਤੱਕ ਹਰ ਜਾਂਚ ਬੇ-ਮਾਇਨੇ ਹੈ ਅਤੇ ਅਕਾਲੀ-ਭਾਜਪਾ ਦੇ ਸ਼ਾਸਨ ਵਿੱਚ ਨਿਰਪੱਖ ਅਤੇ ਠੀਕ ਜਾਂਚ ਦੀ ਉਮੀਦ ਨਹੀਂ ਕੀਤੀ ਜਾ ਸਕਦੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: