ਕਿਰਪਾਨ

ਸਿੱਖ ਖਬਰਾਂ

ਇਟਲੀ ਦੀ ਅਦਾਲਤ ਨੇ ਸਿੱਖ ਨੂੰ ਜਨਤਕ/ਕੰਮਕਾਰ ਵਾਲੀ ਥਾਂ ‘ਤੇ ਕਿਰਪਾਨ ਪਾਕੇ ਜਾਣ ਨੁੰ ਦਿੱਤੀ ਇਜ਼ਾਜਤ

By ਸਿੱਖ ਸਿਆਸਤ ਬਿਊਰੋ

November 27, 2014

ਬਰੇਸ਼ੀਆ/ਇਟਲੀ (26 ਨਵੰਬਰ, 2014 ): ਪੰਜ ਕੱਕਾਰਾਂ ਵਿੱਚੋਂ ਕਿਰਪਾਨ ਧਾਰਨ ਕਰਨ ਨੂੰ ਲੈਕੇ ਸਿੱਖ ਕੌਮ ਨੂੰ ਵੱਖ ਵੱਖ ਦੇਸ਼ਾਂ ਵਿੱਚ ਕਈ ਕਾਨੂੰਨੀ ਅਤੇ ਸਮਾਜਿੱਕ ਅੜਚਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਿੱਖ ਕੌਮ ਆਪਣੇ ਪੰਜ ਕਕਾਰਾਂ ਵਿਚੋਂ ਪ੍ਰਮੁੱਖ ਸ੍ਰੀ ਸਾਹਿਬ ਅਤੇ ਦਸਤਾਰ ਦੀ ਮੁਸ਼ਕਿਲ ਦੇ ਹੱਲ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ।

ਇੱਕ ਇੱਤਹਾਸਿੱਕ ਫੈਸਲੇ ਦੌਰਾਨ ਸ੍ਰੀ ਸਾਹਿਬ ਨੂੰ ਜਨਤਕ ਥਾਵਾਂ ‘ਤੇ ਪਹਿਨਣ ਲਈ ਉਸ ਸਮੇਂ ਭਾਰੀ ਰਾਹਤ ਮਿਲੀ, ਜਦ ਇਟਲੀ ਦੇ ਜ਼ਿਲ੍ਹਾ ਪਿਆਚੈਂਸਾ ਦੀ ਇਕ ਅਦਾਲਤ ਵਿਚ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ, ਇਟਲੀ ਦੇ ਪ੍ਰਧਾਨ ਤਲਵਿੰਦਰ ਸਿੰਘ ਵਡਾਲੀ ਨੇ ਚੱਲ ਰਹੇ ਕੇਸ ਵਿਚ ਅਦਾਲਤ ਨੇ ਉਨ੍ਹਾਂ ਨੂੰ ਸ੍ਰੀ ਸਾਹਿਬ ਪਾ ਕੇ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ।

ਵਰਨਣਯੋਗ ਹੈ ਕਿ ਤਲਵਿੰਦਰ ਸਿੰਘ ਵਡਾਲੀ ਨੂੰ ਜੁਲਾਈ 2013 ਵਿਚ ਇਟਾਲੀਅਨ ਪੁਲਿਸ ਵੱਲੋਂ ਕੰਮ ‘ਤੇ ਜਾਂਦੇ ਸਮੇਂ ਰੋਕਿਆ ਗਿਆ ਸੀ ਅਤੇ ਉਨ੍ਹਾਂ ਵੱਲੋਂ ਪਹਿਨੀ ਗਈ ਸ੍ਰੀ ਸਾਹਿਬ ਨੂੰ ਇੱਕ ਹਥਿਆਰ ਦੱਸ ਕੇ ਆਰਮੀ ਐਕਟ ਤਹਿਤ ਉਨ੍ਹਾਂ ‘ਤੇ ਮੁਕੱਦਮਾ ਕੀਤਾ ਗਿਆ ਸੀ। ਉਪਰੰਤ ਵਡਾਲੀ ਵੱਲੋਂ ਇਟਲੀ ਦੇ ਸਮੂਹ ਗੁਰਦੁਆਰਿਆਂ ਦੀ ਸਾਂਝੀ ਨੈਸ਼ਨਲ ਧਰਮ ਪ੍ਰਚਾਰ ਕਮੇਟੀ, ਇਟਲੀ ਦੇ ਸਹਿਯੋਗ ਨਾਲ ਵਕੀਲ ਕਰਕੇ ਇਸ ਕੇਸ ਨੂੰ ਬਹੁਤ ਹੀ ਸੂਝ-ਬੂਝ ਨਾਲ ਲੜਿਆ ਗਿਆ।

ਆਪਣੇ ਵਕੀਲ ਰਾਹੀਂ ਉਨ੍ਹਾਂ ਅਦਾਲਤ ਨੂੰ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਵਿਚ ਸਿੱਖਾਂ ਨੂੰ ਧਾਰਮਿਕ ਚਿੰਨ੍ਹ ਪਹਿਨ ਕੇ ਜਨਤਕ ਥਾਵਾਂ ‘ਤੇ ਜਾਣ ਦੀ ਇਜਾਜ਼ਤ ਨੂੰ ਜਾਣੂ ਕਰਵਾਇਆ, ਜਿਸ ਉਪਰੰਤ ਅਦਾਲਤ ਨੇ ਸਿੱਖ ਧਰਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਸ੍ਰੀ ਸਾਹਿਬ ਪਹਿਨਣ ਦੀ ਇਜਾਜ਼ਤ ਦਿੱਤੀ।

ਫੈਸਲੇ ਤੋਂ ਬਾਅਦ ਗੱਲਬਾਤ ਕਰਦਿਆਂ ਵਡਾਲੀ ਨੇ ਦੱਸਿਆ ਕਿ ਅਦਾਲਤ ਦੇ ਫ਼ੈਸਲੇ ਉਪਰੰਤ ਉਨ੍ਹਾਂ ਨੂੰ ਆਪਣੀ ਸ੍ਰੀ ਸਾਹਿਬ ਵੀ ਬਹੁਤ ਜਲਦੀ ਵਾਪਿਸ ਮਿਲ ਜਾਵੇਗੀ, ਜੋ ਕਿ ਇਟਾਲੀਅਨ ਪੁਲਿਸ ਨੇ ਜ਼ਬਤ ਕਰ ਲਈ ਸੀ।

ਇਟਲੀ ਦੀ ਪਿਆਚੈਂਸਾ ਜ਼ਿਲ੍ਹੇ ਦੀ ਅਦਾਲਤ ਵੱਲੋਂ ਭਾਈ ਤਲਵਿੰਦਰ ਸਿੰਘ ਵਡਾਲੀ ਨੂੰ ਜਨਤਕ ਥਾਵਾਂ ‘ਤੇ ਸ੍ਰੀ ਸਾਹਿਬ ਪਹਿਨ ਕੇ ਘੁੰਮਣ ਦੀ ਇਜਾਜ਼ਤ ਵਾਲੇ ਦਿੱਤੇ ਗਏ ਫ਼ੈਸਲੇ ਨਾਲ ਇਟਲੀ ਦੀਆਂ ਸਮੂਹ ਪੰਥਕ ਜਥੇਬੰਦੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਪਿਆਚੈਂਸਾ ਅਦਾਲਤ ਦੇ ਇਸ ਫ਼ੈਸਲੇ ਨਾਲ ਇਟਲੀ ਭਰ ਵਿਚ ਸ੍ਰੀ ਸਾਹਿਬ ਦੇ ਚੱਲ ਰਹੇ ਕੇਸਾਂ ਦੇ ਫ਼ੈਸਲੇ ਕਰਨ ਵਿਚ ਵੀ ਭਾਰੀ ਮਦਦ ਮਿਲੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: