ਜਲੰਧਰ (28 ਅਕਤੂਬਰ, 2015): ਜਿਲਾ ਫਰੀਦਕੋਟ ਦੇ ਪਿੰਡ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਕੇਸ ਵਿੱਚ ਅਸਲ ਦੋਸ਼ੀਆਂ ਨੂੰ ਲੱਭਣ ਵਿੱਚ ਨਾਕਾਮ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵੱਲੋਂ ਆਪਣੀ ਨਾਕਾਮੀ ਛਪਾਉਣ ਲਈ ਇਨ੍ਹਾਂ ਘਟਨਾਵਾਂ ਪਿੱਛੇ ਵਿਦੇਸ਼ੀ ਏਜੰਸੀਆਂ ਦਾ ਹੱਥ ਹੋਣ ਦੇ ਲਾਏ ਜਾ ਰਹੇ ਦੋਸ਼ਾਂ ਨਾਲ ਭਾਰਤ ਦੀ ਕੇਂਦਰ ਸਰਕਾਰ ਸਹਿਮਤ ਨਜ਼ਰ ਨਹੀਂ ਆ ਰਹੀ।
ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਜਲੰਧਰ ਤੋਂ ਨਸ਼ਰ ਖਬਰ ਅਨੁਸਾਰ ਕੇਂਦਰ ਸਰਕਾਰ ਦੀਆਂ ਖੁਫ਼ੀਆ ਰਿਪੋਰਟਾਂ ਅਨੁਸਾਰ ਪੰਜਾਬ ਵਿੱਚ ਬੇਅਦਬੀ ਦੀਆਂ ਉਪਰੋਥਲੀ ਵਾਪਰ ਰਹੀਆਂ ਘਟਨਾਵਾਂ ਵਿੱਚ ਕਿਸੇ ਵਿਦੇਸ਼ੀ ਏਜੰਸੀ ਹੋਣ ਦਾ ਹੱਥ ਨਹੀਂ ਦੱਸਿਆ ਜਾ ਰਿਹਾ।
ਸੂਤਰਾਂ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੰਜਾਬ ਦੀਆਂ ਘਟਨਾਵਾਂ ’ਤੇ ਨਜ਼ਰ ਰੱਖੀ ਹੋੲੀ ਹੈ ਅਤੇ ਉਨ੍ਹਾਂ ਭਾਜਪਾ ਦੀ ਸੂਬਾਈ ਲੀਡਰਸ਼ਿਪ ਨਾਲ ਰਾਬਤਾ ਬਣਾਇਆ ਹੋਇਆ ਹੈ। ਕੇਂਦਰ ਦੀ ਇਸ ਬਣੀ ਧਾਰਨਾ ’ਤੇ ਦਾ ਖੁਲਾਸਾ ਭਾਜਪਾ ਦੇ ਇਕ ਸੀਨੀਅਰ ਆਗੂ ਨੇ ਕੀਤਾ ਹੈ।
ਜਾਣਕਾਰੀ ਅਨੁਸਾਰ ਬੇਅਦਬੀ ਦੀਆਂ ਘਟਨਾਵਾਂ ਨੇ ਸੂਬੇ ਦੇ ਖੁਫ਼ੀਆਤੰਤਰ ਦੀ ਵੀ ਪੋਲ ਖੋਲ੍ਹ ਦਿੱਤੀ ਹੈ। ਪੰਜਾਬ ਦੀਆਂ ਸੂਹੀਆ ਏਜੰਸੀਆਂ ਬੇਅਦਬੀ ਦੀਆਂ ਘਟਨਾਵਾਂ ਦੌਰਾਨ ਲੋਕਾਂ ਦੇ ਫੁੱਟੇ ਬੇਤਹਾਸ਼ਾ ਗੁੱਸੇ ਤੋਂ ਹੈਰਾਨ ਦੱਸੀਆਂ ਜਾ ਰਹੀਆਂ ਹਨ। ਖੁਫ਼ੀਆਤੰਤਰ ਦੀ ਅਸਫ਼ਲਤਾ ਨੇ ਪੰਜਾਬ ਸਰਕਾਰ ਦੇ ਪੈਰਾਂ ਹੇਠੋਂ ਐਸੀ ਜ਼ਮੀਨ ਖਿਸਕਾਈ ਹੈ ਕਿ ਬਾਦਲ ਦਲ ਨੂੰ ਆਪਣੇ ਰਾਜਸੀ ਭਵਿੱਖ ਦੀ ਚਿੰਤਾ ਸਤਾਉਣ ਲੱਗ ਪਈ ਹੈ।
ਪੰਜਾਬ ਵਿੱਚ ਪੁਲੀਸ ਦੀਆਂ ਗੋਲੀਆਂ ਨਾਲ ਮਰਨ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਅਤੇ ਨਾ ਪੁਲੀਸ ਦੇ ਤਸ਼ੱਦਦ ਦਾ ਵਰਤਾਰਾ ਲੋਕਾਂ ਨੇ ਪਹਿਲੀ ਵਾਰ ਦੇਖਿਆ ਸੀ। ਬਠਿੰਡਾ ਹਲਕੇ ਵਿੱਚ ਆਏ ਦਿਨ ਕਿਸਾਨ, ਲਾਈਨਮੈਨਾਂ, ਮੁਲਾਜ਼ਮਾਂ ਤੇ ਹੋਰ ਵਰਗਾਂ ਵੱਲੋਂ ਕੀਤੇ ਜਾਂਦੇ ਪ੍ਰਦਰਸ਼ਨਾਂ ਨੂੰ ਪੁਲੀਸ ਦੇ ਜਬਰ ਦਾ ਸ਼ਿਕਾਰ ਹੋਣਾ ਪੈਂਦਾ ਰਿਹਾ ਪਰ ਬੇਅਦਬੀ ਦੀਆਂ ਘਟਨਾਵਾਂ ਕਾਰਨ ਜਿਸ ਤਰ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਯਕਦਮ ਆਪਣੀਆਂ ਸਿਆਸੀ ਸਰਗਰਮੀਆਂ ਠੱਪ ਕਰ ਦਿੱਤੀਆਂ।
ਇਸ ਤੋਂ ਬਾਦਲ ਪਰਿਵਾਰ ਦੀ ਚਿੰਤਾ ਸਾਫ਼ ਝਲਕਦੀ ਹੈ। ਅਜਿਹਾ ਵੱਡੇ ਬਾਦਲ ਦੇ 50 ਸਾਲਾ ਰਾਜਸੀ ਜੀਵਨ ਵਿੱਚ ਕਦੇ ਨਹੀਂ ਸੀ ਵਾਪਰਿਆ।ਪੰਜਾਬ ਦੀ ਸਿਆਸਤ ਦੇ ਮਹਾਂਰਥੀ ਵਜੋਂ ਜਾਣੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਨੇ ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਦੇਖੇ ਹਨ ਪਰ ਉਹ ਇਸ ਸਮੇਂ ਆਪਣੇ ਰਾਜਸੀ ਜੀਵਨ ਦੇ ਸਭ ਤੋਂ ਮਾੜੇ ਦੌਰ ਵਿੱਚੋਂ ਲੰਘ ਰਹੇ ਹਨ।