ਨਵੀਂ ਦਿੱਲੀ (21 ਦਸੰਬਰ, 2015): ਸਿੱਖਾਂ ਦੇ ਮੁਕੱਦਸ ਅਸਥਾਨ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਹਿਬ ਨੂੰ ਯੂਨੇਸਕੋ ਵੱਲੋਂ ਵਿਸ਼ਵ ਵਿਰਾਸਤ ਦਾ ਦਰਜ਼ਾ ਦੇਣ ਲਈ ਭਾਰਤ ਸਰਕਰ ਨੇ ਯੁਨੈਸਕੋ ਨੂੰ ਪੱਤਰ ਭੇਜਿਆ ਹੈ। ਭਾਰਤ ਵੱਲੋਂ ਯੂਨੈਸਕੋ ਨੂੰ ਭੇਜੀ ਸੂਚੀ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ 31 ਹੋਰ ਸਥਾਨਾਂ ਦੇ ਨਾਂਅ ਦਿੱਤੇ ਹਨ।
ਪੰਜਾਬੀ ਅਖਬਾਰ ਪਹਿਰੇਦਾਰ ਵਿੱਚ ਨਸ਼ਰ ਖ਼ਬਰ ਅਨੁਸਾਰ ਕੇਂਦਰੀ ਸਭਿਆਚਾਰਕ ਮੰਤਰੀ ਮਹੇਸ਼ ਸ਼ਰਮਾ ਨੇ ਲੋਕ ਸਭਾ ‘ਚ ਲਿਖਤੀ ਰੂਪ ‘ਚ ਬਿਆਨ ਦਿੱਤਾ ਹੈ ਕਿ ਭਾਰਤ ਦੇ ਅਜਿਹੇ ਹੋਰ ਵੀ 32 ਸਥਾਨ ਹਨ ਜੋ ਇਸ ਸੂਚੀ ‘ਚ ਸ਼ਾਮਿਲ ਕੀਤੇ ਗਏ ਹਨ । ਵਿਸ਼ਵ ਵਿਰਾਸਤ ਸਥਾਨ ਵਜੋਂ ਨਾਮਜ਼ਦ ਵਿਸ਼ਵ ਪ੍ਰਸਿੱਧ ਅੰਮਿ੍ਰਤਸਰ ‘ਚ ਸਥਿਤ ਸ੍ਰੀ ਹਰਿਮੰਦਰ ਸਾਹਿਬ , ਬੁੱਧ ਦਾ ਸਥਾਨ ਸਾਰਨਾਥ ,ਅਸਮ ਦਾ ਦਰਿਆ ਮਜੂਲੀ, ਅਤੇ ਸ੍ਰੀਨਗਰ ਦੇ ਮੁਗ਼ਲ ਗਾਰਡਨ ਨੂੰ ਯੁਨਿਸਕੋ ਦੀ ਸੂਚੀ ‘ਚ ਸ਼ਾਮਿਲ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਸਿੱਖ ਇਸ ਪਵਿੱਤਰ ਸਥਾਨ ਨੂੰ ਵਿਸ਼ਵ ਵਿਰਾਸਤ ਦਾ ਦਰਜ਼ਾ ਦੇਣ ਦਾ ਵਿਰੋਧ ਕਰ ਹਰੇ ਹਨ।ਪਿਛਲੇ ਸਮੇਂ ਵਿੱਚ ਸਿੱਖਾਂ ਨੇ ਸ਼ੋਸ਼ਲ ਮੀਡੀਆ ‘ਤੇ ਸ਼੍ਰੀ ਦਰਬਾਰ ਨੂੰ ਵਿਸ਼ਵ ਵਿਰਾਸਤ ਦਾ ਦਰਜ਼ਾ ਦੇਣ ਦੇ ਵਿਰੁੱਧ ਇੱਕ ਮੁਹਿੰਮ ਚਲਾਈ ਗਈ ਸੀ । ਬੈਲਜ਼ੀਅਮ ਦੀ ਇੱਕ ਸਿੱਖ ਜੱਥੇਬੰਦੀ ਵੱਲੋਂ ਇਸ ਦੇ ਵਿਰੋਧ ਵਿੱਚ ੳਾਨ ਲਾਈਨ ਪਟੀਸ਼ਨ ਵੀ ਦਰਜ਼ ਕਰਵਾਈ ਗਈ ਹੈ, ਜਿਸ ਵਿੱਚ ਯੂਨੈਸਕੋ ਨੂੰ ਉਸਦੀ ਲਿਸਟ ਵਿੱਚੋਂ ਸ਼੍ਰੀ ਦਰਬਾਰ ਸਾਹਿਬ ਦਾ ਨਾਮ ਕੱਟਣ ਲਈ ਕਿਹਾ ਗਿਆ ਸੀ।
ਇਸ ਤੋਂ ਇਲਾਵਾ ਕੁੱਝ ਹੋਰ ਸਿੱਖ ਜੱਥੇਬੰਦੀਆਂ ਵੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਵਿਸ਼ਵ ਵਿਰਾਸਤ ਦਾ ਦਰਜ਼ਾ ਦੇਣ ਦੇ ਵਿਰੋਧ ਵਿੱਚ ਚੱਲ ਰਹੀ ਮੁਹਿੰਮ ਵਿੱਚ ਸਰਗਰਮ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਨੂੰ ਵਿਸ਼ਵ ਵਿਰਾਸਤ ਦਾ ਦਰਜ਼ਾ ਮਿਲਣ ਨਾਲ ਇਸਦੇ ਪ੍ਰਬੰਧ ਵਿੱਚ ਸਰਕਾਰੀ ਦਖਲਅੰਦਾਜ਼ੀ ਦਾ ਰਾਹ ਖੁੱਲ ਜਾਵੇਗਾ।
ਇਸ ਸਾਲ ਜੂਨ ਵਿੱਚ ਸਾਬਕਾ ਐੱਮ ਪੀ ਤ੍ਰਿਲੋਚਨ ਸਿੰਘ ਵੱਲੋਂ ਨੇ ਇਸ ਮਸਲੇ ‘ਤੇ ਭਾਰਤ ਸਰਕਾਰ ਦੇ ਸਭਿਆਚਾਰਕ ਮੰਤਰਾਲੇ ਕੋਲ ਇਸ ਮਾਮਲੇ ‘ਤੇ ਸਪੱਸ਼ਟੀਕਰਨ ਲਈ ਪਹੁੰਚ ਕੀਤੀ ਸੀ। ਜਿਸਦੇ ਜਵਾਬ ਵਿੱਚ ਭਾਰਤ ਸਰਕਾਰ ਨੇ ਕਿਹਾ ਕਿ ਉਸ ਵੱਲੋਂ ਅਜਿਹੀ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ।