ਜੰਮੂ ਵਿਖੇ ਦਵਿੰਦਰ ਸਿੰਘ ਬਹਿਲ ਨੂੰ ਗ੍ਰਿਫਤਾਰ ਕਰ ਕੇ ਲਿਜਾਂਦੀ ਐਨ.ਆਈ.ਏ. ਦੀ ਟੀਮ

ਸਿਆਸੀ ਖਬਰਾਂ

ਭਾਰਤੀ ਜਾਂਚ ਏਜੰਸੀ (ਐਨ.ਆਈ.ਏ.) ਨੇ ਗਿਲਾਨੀ ਦੇ ਕਰੀਬੀ ਦਵਿੰਦਰ ਸਿੰਘ ਬਹਿਲ ਨੂੰ ਕੀਤਾ ਗ੍ਰਿਫਤਾਰ

By ਸਿੱਖ ਸਿਆਸਤ ਬਿਊਰੋ

July 31, 2017

ਜੰਮੂ/ਸ੍ਰੀਨਗਰ: ਭਾਰਤ ਦੀ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਜੰਮੂ ਵਿਖੇ ਹੁਰੀਅਤ ਕਾਨਫਰੰਸ ਦੇ ਆਗੂ ਸਈਦ ਅਲੀ ਸ਼ਾਹ ਗਿਲਾਨੀ ਦੇ ਕਰੀਬੀ ਦੱਸੇ ਜਾਂਦੇ ਇਕ ਵਕੀਲ ਦੀਆਂ ਦੋ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਇਸੇ ਮਾਮਲੇ ‘ਚ ਐਨ.ਆਈ.ਏ. ਨੇ ਹੁਰੀਅਤ ਦੇ ਆਗੂ ਤੇ ਸਈਦ ਅਲੀ ਸ਼ਾਹ ਗਿਲਾਨੀ ਦੇ ਛੋਟੇ ਪੁੱਤਰ ਨਸੀਮ ਨੂੰ ਬੁੱਧਵਾਰ ਨੂੰ ਪੇਸ਼ ਹੋਣ ਲਈ ਕਿਹਾ ਹੈ ਜਦਕਿ ਵੱਡੇ ਪੁੱਤਰ ਨਈਮ ਨੂੰ ਸੋਮਵਾਰ ਨੂੰ ਪੁੱਛਗਿੱਛ ਲਈ ਏਜੰਸੀ ਦੇ ਹੈਡਕੁਆਰਟਰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਨਈਮ ਪੇਸ਼ੇ ਵਜੋਂ ਡਾਕਟਰ ਹੈ ਤੇ ਪਾਕਿਸਤਾਨ ‘ਚ 11 ਸਾਲ ਗੁਜ਼ਾਰਨ ਤੋਂ ਬਾਅਦ 2010 ‘ਚ ਕਸ਼ਮੀਰ ਪਰਤਿਆ ਹੈ।

ਜਾਣਕਾਰੀ ਅਨੁਸਾਰ ਐਨ.ਆਈ.ਏ. ਨੇ ਐਤਵਾਰ (30 ਜੁਲਾਈ) ਨੂੰ ਜੰਮੂ ਦੇ ਬਖਸ਼ੀ ਨਗਰ ਸਥਿਤ ਦਵਿੰਦਰ ਸਿੰਘ ਬਹਿਲ (ਵਕੀਲ) ਪੁੱਤਰ ਅਤਰ ਸਿੰਘ ਦੇ ਘਰ ਮਕਾਨ ਨੰਬਰ 255 ਅਤੇ ਦਫਤਰ ‘ਤੇ ਛਾਪੇਮਾਰੀ ਕਰਦੇ ਹੋਏ 4 ਮੋਬਾਈਲ ਫੋਨ, ਲੈਪਟਾਪ ਤੇ ਹੋਰ ਚੁੱਕ ਲਿਆ। ਐਨ.ਆਈ.ਏ. ਵਲੋਂ ਕਸ਼ਮੀਰ ਦੀ ਅਜ਼ਾਦੀ ਦੇ ਸੰਘਰਸ਼ ‘ਚ ਵਿਦੇਸ਼ਾਂ ਤੋਂ ਪੈਸੇ ਮੰਗਵਾਉਣ ਦਾ ਦੋਸ਼ ਲਾ ਕੇ ਇਹ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਜਾਂਚ ਏਜੰਸੀ ਨੇ ਜੰਮੂ ‘ਚ ਇਕ ਵਪਾਰੀ ਦੇ ਘਰ ਛਾਪਾ ਮਾਰਿਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਨ.ਆਈ.ਏ. ਨੇ ਗਿਲਾਨੀ ਦੇ ਦੋਵਾਂ ਪੁੱਤਰਾਂ ‘ਤੇ ਸ਼ਿਕੰਜਾ ਕੱਸਦੇ ਹੋਏ ਨਈਮ ਤੇ ਨਸੀਮ ਨੂੰ ਕਸ਼ਮੀਰ ‘ਚ ਚੱਲ ਰਹੇ ਸੰਘਰਸ਼ ‘ਚ ਪੈਸਿਆਂ ਦੀ ਮਦਦ ਦੇਣ ਦੇ ਮਾਮਲੇ ਦੀ ਜਾਂਚ ਦੇ ਸਬੰਧ ‘ਚ ਸੋਮਵਾਰ ਤੇ ਬੁੱਧਵਾਰ ਨੂੰ ਪੁੱਛਗਿੱਛ ਲਈ ਆਪਣੇ ਹੈਡਕੁਆਰਟਰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਨਈਮ ਦੇ ਮਾਮਲੇ ‘ਚ ਪਾਕਿਸਤਾਨ ਸਥਿਤ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਵੀ ਨਾਮਜ਼ਦ ਕੀਤਾ ਹੋਇਆ ਹੈ। ਐਨ.ਆਈ.ਏ. ਨੇ ਅਜ਼ਾਦੀ ਪਸੰਦ ਜਥੇਬੰਦੀ, ਜਿਨ੍ਹਾਂ ‘ਚ ਗਿਲਾਨੀ ਤੇ ਮੀਰਵਾਇਜ਼ ਦੀ ਅਗਵਾਈ ਵਾਲੀ ਹੁਰੀਅਤ ਕਾਨਫ਼ਰੰਸ, ਹਿਜ਼ਬੁਲ ਮੁਜਾਹਦੀਨ ਤੇ ਔਰਤਾਂ ਦੀ ਜਥੇਬੰਦੀ ਦੁਖਤਰਾਨ-ਏ-ਮਿੱਲਤ ਨੂੰ ਵੀ ਆਪਣੀ ਐਫ. ਆਈ. ਆਰ. ‘ਚ ਨਾਮਜ਼ਦ ਕੀਤਾ ਹੈ।

ਇਸ ਦੌਰਾਨ ਹੁਰੀਅਤ ਕਾਨਫਰੰਸ ਦੇ ਚੇਅਰਮੈਨ ਸਈਦ ਅਲੀ ਸ਼ਾਹ ਗਿਲਾਨੀ ਦੇ ਵੱਡੇ ਬੇਟੇ ਨਈਮ ਗਿਲਾਨੀ ਨੂੰ ਐਤਵਾਰ (30 ਜੁਲਾਈ) ਛਾਤੀ ‘ਚ ਦਰਦ ਤੋਂ ਬਾਅਦ ਸਕਿਮਸ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਹੁਰੀਅਤ ਦੇ ਬੁਲਾਰੇ ਨੇ ਦੱਸਿਆ ਕਿ ਨਈਮ ਦਿਲ ਦਾ ਮਰੀਜ਼ ਹੈ ਤੇ ਉਸ ਨੂੰ ਆਈ.ਸੀ.ਯੂ. ‘ਚ ਰੱਖਿਆ ਗਿਆ ਹੈ। ਉਸ ਨੇ ਦੱਸਿਆ ਕਿ ਨਈਮ ਗਿਲਾਨੀ ਨੂੰ ਐਨ.ਆਈ.ਏ. ਨੇ ਸੋਮਵਾਰ ਨੂੰ ਪੁੱਛਗਿੱਛ ਲਈ ਦਿੱਲੀ ਬੁਲਾਇਆ ਸੀ, ਜਿਸ ਲਈ ਉਸ ਨੇ ਦਿੱਲੀ ਜਾਣ ਵਾਸਤੇ ਜਹਾਜ਼ ਦੀ ਟਿਕਟ ਵੀ ਬੁੱਕ ਕਰਵਾਈ ਸੀ।

ਦਵਿੰਦਰ ਸਿੰਘ ਬਹਿਲ ‘ਜੰਮੂ ਕਸ਼ਮੀਰ ਸੋਸ਼ਲ ਪੀਸ ਫੋਰਮ’ ਦਾ ਚੇਅਰਮੈਨ ਹੈ, ਜੋ ਹੁਰੀਅਤ ਕਾਨਫਰੰਸ (ਗਿਲਾਨੀ ਧੜੇ) ਦਾ ਇਕ ਹਿੱਸਾ ਹੈ। ਉਹ ਹੁਰੀਅਤ ਦੇ ਕਾਨੂੰਨੀ ਸੈੱਲ ਦਾ ਵੀ ਮੈਂਬਰ ਹੈ।

ਐਨਆਈਏ ਦੇ ਇੰਸਪੈਕਟਰ ਜਨਰਲ ਅਲੋਕ ਮਿੱਤਲ ਨੇ ਕਿਹਾ ਕਿ “ਅਸੀਂ ਦਵਿੰਦਰ ਸਿੰਘ ਬਹਿਲ ਦੇ ਦਫ਼ਤਰ ਅਤੇ ਘਰ ਉਤੇ ਛਾਪਾ ਮਾਰਿਆ, ਜਿੱਥੋਂ ਚਾਰ ਸੈੱਲਫੋਨ, ਟੈੱਬਲੈੱਟ ਤੇ ਹੋਰ ਦਸਤਾਵੇਜ਼ ਆਪਣੇ ਕਬਜ਼ੇ ‘ਚ ਲਏ ਹਨ”। ਛਾਪਾ ਮਾਰਨ ਪੁੱਜੀ ਐਨ.ਆਈ.ਏ. ਦੀ ਟੀਮ ਵਿੱਚ 20 ਅਧਿਕਾਰੀ ਸਨ ਅਤੇ ਇਸ ਦੀ ਅਗਵਾਈ ਡੀਆਈਜੀ ਰੈਂਕ ਦਾ ਇਕ ਅਧਿਕਾਰੀ ਕਰ ਰਿਹਾ ਸੀ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਐਨ.ਆਈ.ਏ. ਦੇ ਛਾਪੇ ਦੌਰਾਨ ਸਥਾਨਕ ਹਿੰਦੂਆਂ ਨੇ ਦਵਿੰਦਰ ਸਿੰਘ ਬਹਿਲ ਦੇ ਘਰ ਬਾਹਰ ਇਕੱਤਰ ਹੋ ਕੇ ਬਹਿਲ ਅਤੇ ਅਜ਼ਾਦੀ ਪਸੰਦ ਕਸ਼ਮੀਰੀ ਆਗੂਆਂ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਗਿਲਾਨੀ ਦੇ ਜਵਾਈ ਅਲਤਾਫ਼ ਅਹਿਮਦ ਸ਼ਾਹ ਉਰਫ਼ ਅਲਤਾਫ਼ ਫੰਟੂਸ਼ ਨੂੰ ਐਨਆਈਏ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਉਸ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗਿਲਾਨੀ ਦੇ ਨੇੜਲਿਆਂ ਵਿੱਚ ਸ਼ਾਮਲ ਤਹਿਰੀਕ-ਏ-ਹੁਰੀਅਤ ਦੇ ਬੁਲਾਰੇ ਅਯਾਜ਼ ਅਕਬਰ ਅਤੇ ਪੀਰ ਸੈਫ-ਉੱਲਾ ਨੂੰ ਪਿਛਲੇ ਹਫ਼ਤੇ ਕਸ਼ਮੀਰ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ। ਹੁਰੀਅਤ ਕਾਨਫਰੰਸ ਦੇ ਬੁਲਾਰੇ ਸ਼ਾਹਿਦ-ਉਲ-ਇਸਲਾਮ, ਮਹਿਰਾਜੂਦੀਨ ਕਲਵਲ, ਨਈਮ ਖ਼ਾਨ (ਗਿਲਾਨੀ ਧੜੇ ਨਾਲ ਸਬੰਧਤ) ਅਤੇ ਫਾਰੂਕ ਅਹਿਮਦ ਡਾਰ ਉਰਫ਼ ਬਿੱਟਾ ਕਰਾਟੇ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਹ ਸਾਰੇ 10 ਦਿਨਾਂ ਲਈ ਐਨਆਈਏ ਦੀ ਹਿਰਾਸਤ ਵਿੱਚ ਹਨ।

ਐਨਆਈਏ ਨੇ ਇਹ ਕੇਸ 30 ਮਈ ਨੂੰ ਦਰਜ ਕੀਤਾ ਸੀ, ਜਿਸ ਸਬੰਧੀ ਜੰਮੂ ਕਸ਼ਮੀਰ ਤੋਂ ਇਲਾਵਾ ਹਰਿਆਣਾ ਤੇ ਦਿੱਲੀ ਵਿੱਚ ਕਈ ਥਾਈਂ ਛਾਪੇ ਮਾਰੇ ਗਏ।

ਸਬੰਧਤ ਖ਼ਬਰ: ਕਸ਼ਮੀਰ: ਐਨ.ਆਈ.ਏ. ਵਲੋਂ 7 ਕਸ਼ਮੀਰੀ ਆਗੂਆਂ ਦਾ ਦਿੱਲੀ ਵਿਖੇ 10 ਦਿਨਾਂ ਪੁਲਿਸ ਰਿਮਾਂਡ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: