ਬੰਦੀ ਸਿੰਘਾਂ ਦੀ ਰਿਹਾਈ ਲਈ ਹੋਇਆ ਇਕੱਠ

ਸਿੱਖ ਖਬਰਾਂ

ਬੰਦੀ ਸਿੰਘਾਂ ਦੀ ਰਿਹਾਈ ਲਈ ਹੋਇਆ ਇਕੱਠ, ਬਾਦਲ ਦਲ ਦਾ ਬਾਈਕਾਟ ਕਰਨ ਦਾ ਕੀਤਾ ਫੈਸਲਾ

By ਸਿੱਖ ਸਿਆਸਤ ਬਿਊਰੋ

July 30, 2015

ਸਿਡਨੀ (29 ਜੁਲਾਈ, 2015): ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਭਾਰਤੀ ਜੇਲਾਂ ਵਿੱਚ ਬੰਦ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਅਤੇ ਬਾਪੂ ਸੂਰਤ ਸਿੰਘ ਦੇ ਹੱਕ ਵਿੱਚ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ‘ਚ ਵਿਚ ਵਿਸ਼ਾਲ ਇਕੱਠ ਹੋਇਆ। ਇਸ ਇਕੱਠ ਵਿਚ ਕੈਨਬਰਾ ਦੀ ਸੰਗਤ ਦੇ ਨਾਲ-ਨਾਲ ਸਿਡਨੀ, ਮੈਲਬੌਰਨ, ਗਿ੍ਫਥ, ਬਿ੍ਸਵੇਨ ਤੇ ਹੋਰ ਵੱਖ-ਵੱਖ ਸਥਾਨਾਂ ਤੋਂ ਸੰਗਤ ਇਕੱਠੀ ਹੋਈ।

ਇਸ ਮੌਕੇ ਬੀਬੀ ਸਿਮਰਨ ਕੌਰ ਅਤੇ ਹੋਰ ਕਈ ਬੁਲਾਰਿਆਂ ਨੇ ਬੰਦੀ ਸਿੰਘ ਰਿਹਾਈ ਸੰਘਰਸ਼ ਅਤੇ ਪੰਜਾਬ ਦੀ ਵਰਤਮਾਨ ਸਥਿਤੀ ਤੋਂ ਜਾਣੂ ਕਰਵਾਇਆ। ਇਸ ਮੌਕੇ ਸਿੱਖਾਂ ਨੇ ਇਕੱਠੇ ਹੋ ਕੇ ਭਾਰਤੀ ਹਾਈ ਕਮਿਸ਼ਨ ਨੂੰ ਮੰਗ ਪੱਤਰ ਦਿੱਤਾ ਅਤੇ ਇਨ੍ਹਾਂ ਮੁੱਦਿਆਂ ‘ਤੇ ਕਾਰਵਾਈ ਕਰਨ ਦੀ ਮੰਗ ਕੀਤੀ।

ਕੈਨਬਰਾ ਸੰਗਤ ਵੱਲੋਂ ਪ੍ਰਬੰਧ ਕੀਤੇ ਇਸ ਵਿਸ਼ੇਸ਼ ਇਕੱਠ ਵਿਚ ਸਾਰੇ ਸਿੱਖਾਂ ਨੇ ਬਾਦਲ ਦਲ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਅਤੇ ਕਿਹਾ ਕਿ ਉਹ ਹੀ ਕੀਰਤਨੀ, ਢਾਡੀ ਜਾਂ ਕਵੀਸ਼ਰੀ ਆਸਟ੍ਰੇਲੀਅਨ ਸਟੇਜਾਂ ‘ਤੇ ਸੰਗਤਾਂ ਨੂੰ ਸੰਬੋਧਨ ਕਰੇਗਾ, ਜਿਹੜਾ ਬੰਦੀ ਸਿੰਘ ਰਿਹਾਈ ਸੰਘਰਸ਼ ਦੀ ਹਮਾਇਤ ਕਰੇਗਾ।

ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਜੇਕਰ ਬਾਪੂ ਸੂਰਤ ਸਿੰਘ ਨੂੰ ਕੁਝ ਹੋ ਜਾਂਦਾ ਹੈ ਤਾਂ ਸਰਕਾਰਾਂ ਇਸ ਘਟਨਾ ਲਈ ਜਵਾਬਦੇਹ ਹੋਣਗੀਆਂ। ਇਥੇ ਵਿਸ਼ੇਸ਼ ਹੈ ਕਿ ਇਹ ਸਾਰਾ ਇਕੱਠ ਸ਼ਾਂਤਮਈ ਤਰੀਕੇ ਨਾਲ ਰਿਹਾ ਅਤੇ ਜ਼ਿਆਦਾਤਰ ਸਿੰਘ ਤੇ ਸਿੰਘਣੀਆਂ ਕੇਸਰੀ ਦਸਤਾਰਾਂ ਸਜਾ ਕੇ ਪਹੁੰਚੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: