ਪ੍ਰਤੀਕਾਤਮਕ ਫਾਈਲ ਫੋਟੋ: ਭਾਈ ਬਲਜੀਤ ਸਿੰਘ ਦਾਦੂਵਾਲ

ਪੰਜਾਬ ਦੀ ਰਾਜਨੀਤੀ

‘ਸਰਬੱਤ ਖ਼ਾਲਸਾ’ ‘ਚ ਅਕਾਲ ਤਖ਼ਤ ਦੇ ਜਥੇਦਾਰ ਥਾਪਣ ਬਾਰੇ ਵਿਧੀ-ਵਿਧਾਨ ਐਲਾਨਿਆ ਜਾਵੇਗਾ:ਭਾਈ ਦਾਦੂਵਾਲ

By ਸਿੱਖ ਸਿਆਸਤ ਬਿਊਰੋ

July 31, 2016

ਚੰਡੀਗੜ੍ਹ: ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ 10 ਨਵੰਬਰ ਨੂੰ ਜੋ “ਸਰਬੱਤ ਖ਼ਾਲਸਾ” ਬੁਲਾਇਆ ਜਾ ਰਿਹਾ ਹੈ, ਉਸ ਵਿੱਚ ਅਕਾਲ ਤਖ਼ਤ ਦੇ ਨਵੇਂ ਜਥੇਦਾਰ ਥਾਪੇ ਜਾਣ ਦਾ ਅਤੇ ਉਨ੍ਹਾਂ ਨੂੰ ਸੇਵਾਮੁਕਤ ਕਰਨ ਦਾ ਵਿਧੀ ਵਿਧਾਨ ਐਲਾਨਿਆ ਜਾਵੇਗਾ ਤਾਂ ਜੋ ਲਿਫਾਫਿਆਂ ਰਾਹੀਂ ਇਨ੍ਹਾਂ ਅਹੁਦਿਆਂ ’ਤੇ ਹੁੰਦੀ ਨਿਯੁਕਤੀ ਅਤੇ ਹਟਾਏ ਜਾਣ ਦਾ ਸਿਲਸਿਲਾ ਖ਼ਤਮ ਕੀਤਾ ਜਾ ਸਕੇ।

ਇਹ ਪ੍ਰਗਟਾਵਾ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਮਾਛੀਵਾੜਾ ਵਿਖੇ ਆਪਣੀ ਯਾਤਰਾ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜੋ ਨਵਾਂ ਵਿਧੀ ਵਿਧਾਨ ਐਲਾਨਿਆ ਜਾਵੇਗਾ, ਉਸ ਵਿੱਚ ਸਾਰੇ ਜਥੇਦਾਰ ਸਿਆਸੀ ਗਲਬੇ ਤੋਂ ਆਜ਼ਾਦ ਹੋ ਕੇ ਬੇਖੌਫ਼ ਸਿੱਖ ਕੌਮ ਦੇ ਹਿੱਤਾਂ ਲਈ ਫੈਸਲੇ ਲੈ ਸਕਣਗੇ। ਸਿੱਖ ਕੌਮ ਦੀ ਭਲਾਈ ਲਈ ਸਾਰੇ ਫ਼ੈਸਲੇ ਸੰਗਤ ਦੇ ਸਹਿਯੋਗ ਨਾਲ ਲਏ ਜਾਣਗੇ ਜਦਕਿ ਹੁਣ ਤੱਕ ਜੇਕਰ ਕਿਸੇ ਨੂੰ ਪੰਥ ’ਚੋਂ ਛੇਕਿਆ ਗਿਆ ਹੈ ਜਾਂ ਕਿਸੇ ਨੂੰ ਮੁਆਫ਼ੀ ਦਿੱਤੀ ਗਈ ਹੈ ਉਹ ਸਾਰੇ ਹੀ ਫ਼ੈਸਲੇ ਲਿਫਾਫਿਆਂ ਰਾਹੀਂ ਹੀ ਆਉਂਦੇ ਹਨ।

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਜੇਕਰ ਮੌਜੂਦਾ ਸਰਕਾਰਾਂ ਅਜਿਹੇ ਘਿਨੌਣੇ ਕੰਮ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਅਸਮਰੱਥ ਹੋਈਆਂ ਹਨ ਅਤੇ ਉਨ੍ਹਾਂ ਨੂੰ ਸਜ਼ਾਵਾਂ ਦਿਵਾਉਣ ਵਿੱਚ ਅਸਫ਼ਲ ਹੋਈਆਂ ਹਨ ਤਾਂ ਹੀ ਸਿੱਖ ਕੌਮ ਦੇ ਨੌਜਵਾਨਾਂ ਨੂੰ ਹਥਿਆਰ ਚੁੱਕਣੇ ਪਏ। ਉਨ੍ਹਾਂ ਕਿਹਾ ਕਿ ਉਸ ਔਰਤ ਨੂੰ ਕਤਲ ਕਰਨ ਵਾਲੇ ਸਿੱਖ ਨੌਜਵਾਨਾਂ ਦੀ ਡੱਟ ਕੇ ਮੱਦਦ ਕੀਤੀ ਜਾਵੇਗੀ ਅਤੇ ਉਹ ਉਨ੍ਹਾਂ ਦੇ ਕੇਸ ਦੀ ਪੈਰਵੀ ਕਰਨਗੇ। ਬੁਲਾਏ ਜਾ ਰਹੇ “ਸਰਬੱਤ ਖ਼ਾਲਸਾ” ਵਿੱਚ ਖ਼ਾਲਿਸਤਾਨ ਦੇ ਮੁੱਦੇ ਬਾਰੇ ਉਨ੍ਹਾਂ ਕਿਹਾ ਕਿ ਖ਼ਾਲਿਸਤਾਨ ਦੇ ਨਾਂ ਨੂੰ ਮੌਜੂਦਾ ਸਰਕਾਰ ਨੇ ਹਊਆ ਬਣਾ ਦਿੱਤਾ ਹੈ ਜਦਕਿ ਸੁਪਰੀਮ ਕੋਰਟ ਵੱਲੋਂ ਆਰਡਰ ਹਨ ਕਿ ਖ਼ਾਲਿਸਤਾਨ ਦਾ ਨਾਅਰਾ ਲਗਾਉਣਾ, ਇਸਦੇ ਨਾਮ ਹੇਠ ਇਕੱਠ ਕਰਨਾ ਗੈਰਕਾਨੂੰਨੀ ਨਹੀਂ ਹੈ ਪਰ ਸਰਕਾਰ ਇਸ ਮੁੱਦੇ ’ਤੇ ਵੀ ਧੱਕੇਸ਼ਾਹੀ ਕਰ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: