June 29, 2016 | By ਸਿੱਖ ਸਿਆਸਤ ਬਿਊਰੋ
ਫ਼ਤਹਿਗੜ੍ਹ ਸਾਹਿਬ: “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤ ਵੱਲੋਂ ਐਨ.ਐਸ.ਜੀ. ਦਾ ਮੈਂਬਰ ਬਣਨ ਦਾ ਇਸ ਦਲੀਲ ਰਾਹੀਂ ਵਿਰੋਧ ਕੀਤਾ ਜਾ ਰਿਹਾ ਸੀ ਕਿ ਪ੍ਰਮਾਣੂ ਸ਼ਕਤੀ ਦੇ ਭਾਰਤ ਵੱਲੋ ਇਕੱਤਰ ਕੀਤੇ ਜਾਣ ਵਾਲੇ ਪ੍ਰਮਾਣੂ ਭੰਡਾਰਾਂ ਦੀ ਬਦੌਲਤ, ਭਾਰਤ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਨਾਲ ਕਿਸੇ ਵੀ ਸਮੇਂ ਜੰਗ ਵਰਗੀ ਮਨੁੱਖਤਾ ਵਿਰੋਧੀ ਹਰਕਤ ਕਰਨ ਲਈ ਉਤਸਾਹਿਤ ਨਾ ਹੋਵੇ। ਕਿਉਂਕਿ ਪ੍ਰਮਾਣੂ ਜੰਗ ਲੱਗਣ ਦੀ ਸੂਰਤ ਵਿਚ ਸਿੱਖ ਵਸੋਂ ਵਾਲੇ ਇਲਾਕੇ ਤਬਾਹ ਹੋ ਜਾਣਗੇ ਜਦ ਕਿ ਸਿੱਖ ਦਾ ਨਾ ਤਾਂ ਇਸਲਾਮਿਕ ਪਾਕਿਸਤਾਨ ਨਾਲ ਕਿਸੇ ਤਰ੍ਹਾਂ ਦਾ ਵੈਰ ਵਿਰੋਧ ਤੇ ਦੁਸ਼ਮਣੀ ਹੈ ਅਤੇ ਨਾ ਹੀ ਹਿੰਦੂ ਭਾਰਤ ਨਾਲ। ਫਿਰ ਸਿੱਖ ਕੌਮ ਇਹਨਾਂ ਦੋਵਾਂ ਦੁਸ਼ਮਣ ਮੁਲਕਾਂ ਦੇ ਆਪਸੀ ਤਣਾਅ ਦੀ ਬਦੌਲਤ ਪ੍ਰਮਾਣੂ ਜੰਗ ਦੇ ਵੱਡੇ ਖ਼ਤਰੇ ਦਾ ਨਿਸ਼ਾਨਾਂ ਕਿਉਂ ਬਣੇ?”
ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤ ਵਰਗੇ ਘੱਟ ਗਿਣਤੀ ਕੌਮਾਂ ਵਿਰੋਧੀ ਮੁਲਕ ਨੂੰ ਐਨ.ਐਸ.ਜੀ. ਅਤੇ ਐਮ.ਟੀ.ਸੀ.ਆਰ. ਵਰਗੀਆਂ ਕੌਮਾਂਤਰੀ ਸੰਸਥਾਵਾਂ ਤੋਂ ਦੂਰ ਰੱਖਣ ਦੀ ਜ਼ੋਰਦਾਰ ਅਪੀਲ ਕਰਦੇ ਹੋਏ ਅਤੇ ਸਿੱਖ ਵਸੋਂ ਵਾਲੇ ਇਲਾਕਿਆਂ ਨੂੰ ਜੰਗ ਦਾ ਅਖਾੜਾ ਨਾ ਬਣਨ ਦੇਣ ਦੀ ਇਨਸਾਨੀਅਤ ਪੱਖੀ ਮੰਗ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਹੁਣ ਜਦੋਂ ਭਾਰਤ ਐਮ.ਟੀ.ਸੀ.ਆਰ. (ਮਿਜ਼ਾਇਲ ਟੈਕਨੋਲੋਜੀ ਕੰਟਰੋਲ ਰਿਜ਼ਾਇਮ) ਕਲੱਬ ਦਾ ਮੈਂਬਰ ਬਣਨ ਜਾ ਰਿਹਾ ਹੈ, ਇਸ ਨਾਲ ਤਾਂ ਭਾਰਤ ਨੂੰ ਮਿਜ਼ਾਇਲ ਨਾਲ ਸੰਬੰਧਤ ਹਰ ਤਰ੍ਹਾਂ ਦੀ ਤਕਨੀਕ ਦੂਸਰੇ ਮੁਲਕਾਂ ਤੋ ਪ੍ਰਾਪਤ ਕਰਨ ਅਤੇ ਮਾਰੂ ਤੋ ਮਾਰੂ ਮਿਜ਼ਾਇਲਾਂ ਤਿਆਰ ਕਰਨ ਦੇ ਅਧਿਕਾਰ ਮਿਲ ਜਾਣਗੇ।
ਇਸ ਦੇ ਨਾਲ ਹੀ ਭਾਰਤ “ਮਿਜ਼ਾਇਲਾਂ ਦੀ ਤਕਨੀਕ ਰਾਹੀਂ ਡਰੋਨ ਹਮਲੇ” ਵੀ ਕਰ ਸਕੇਗਾ। ਅਸੀਂ ਦਹਿਸਤਵਾਦ ਨੂੰ ਖ਼ਤਮ ਕਰਨ ਲਈ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਦੇ ਵਿਰੁੱਧ ਨਹੀਂ ਹਾਂ। ਪਰ ਡਰੋਨ ਹਮਲਿਆਂ ਰਾਹੀਂ ਨਿਸ਼ਾਨਾਂ ਬਣਾਉਣ ਵਾਲੇ ਵਿਅਕਤੀ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਆਮ ਲੋਕਾਂ ਦੀ ਨੂੰ ਵੀ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪੈਂਦੇ ਹਨ। ਜੋ ਕਿ ਕੌਮਾਂਤਰੀ ਮਨੁੱਖੀ ਅਧਿਕਾਰਾਂ, ਕਾਨੂੰਨਾਂ ਅਤੇ ਨਿਯਮਾਂ ਦੀ ਘੋਰ ਉਲੰਘਣਾ ਕਰਨ ਦੇ ਨਾਲ-ਨਾਲ ਮਨੁੱਖਤਾ ਦੇ ਕਤਲੇਆਮ ਲਈ ਇਹਨਾਂ ਪ੍ਰਮਾਣੂ ਤਾਕਤਾਂ ਵਾਲੇ ਮੁਲਕਾਂ ਨੂੰ ਬਹਾਨਾ ਮਿਲ ਜਾਂਦਾ ਹੈ ਜੋ ਇਨਸਾਨੀ ਕਦਰਾਂ-ਕੀਮਤਾਂ ਅਤੇ ਕੌਮਾਂਤਰੀ ਮਨੁੱਖੀ ਅਧਿਕਾਰਾਂ ਨਿਯਮਾਂ ਦਾ ਜਨਾਜ਼ਾ ਕੱਢਣ ਦੇ ਤੁੱਲ ਦੁੱਖਦਾਇਕ ਹੈ।
ਹਿੰਦੂਤਵ ਭਾਰਤ ਇਹਨਾਂ ਡਰੋਨ ਹਮਲਿਆਂ ਅਤੇ ਮਿਜ਼ਾਇਲ ਟੈਕਨੋਲੋਜੀ ਦੀ ਦੁਰਵਰਤੋਂ ਕਰਕੇ ਹਿੰਦ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਮੁਸਲਿਮ, ਸਿੱਖ, ਇਸਾਈ ਕੌਮਾਂ ਵਿਚ ਦਹਿਸ਼ਤ ਪਾਉਣ ਅਤੇ ਉਹਨਾਂ ਉਤੇ ਅਣਮਨੁੱਖੀ ਜਬਰ-ਜ਼ੁਲਮ ਕਰਨ ਲਈ ਉਤਸਾਹਿਤ ਹੋਵੇਗਾ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਹਿੰਦੂਤਵ ਭਾਰਤ ਨੂੰ ਐਨ.ਐਸ.ਜੀ. ਅਤੇ ਐਮ.ਟੀ.ਸੀ.ਆਰ. ਕਲੱਬ ਦਾ ਮੈਂਬਰ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਦਾ ਜੋਰਦਾਰ ਇਸੇ ਤਰ੍ਹਾਂ ਵਿਰੋਧ ਕਰਦਾ ਰਹੇਗਾ। ਤਾਂ ਕਿ ਸਿੱਖ ਵਸੋਂ ਵਾਲੇ ਇਲਾਕੇ ਮੈਦਾਨ-ਏ-ਜੰਗ ਦਾ ਰੂਪ ਬਿਲਕੁਲ ਨਾ ਧਾਰ ਸਕਣ ਅਤੇ ਇਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਆਪਣੇ ਜੀਵਨ ਨੂੰ ਬਿਨਾਂ ਕਿਸੇ ਡਰ-ਭੈ ਤੋਂ ਆਜ਼ਾਦੀ ਅਤੇ ਅਮਨ-ਚੈਨ ਨਾਲ ਜੀ ਸਕਣ ਅਤੇ ਆਪਣੀਆਂ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਦਰਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਸਾਂਝੇ ਤੌਰ ‘ਤੇ ਫੈਸਲੇ ਕਰਦੇ ਹੋਏ ਖ਼ਤਮ ਕਰਵਾ ਸਕਣ ਅਤੇ ਸਿੱਖ ਕੌਮ ਦੀ ਵੱਖਰੀ ਤੇ ਅਣਖੀਲੀ ਪਹਿਚਾਣ ਨੂੰ ਪੰਜਾਬ, ਹਿੰਦ ਅਤੇ ਬਾਹਰਲੇ ਮੁਲਕਾਂ ਵਿਚ ਸਥਾਪਿਤ ਕਰ ਸਕਣ।
Related Topics: MTCR, Shiromani Akali Dal Amritsar (Mann), Simranjeet Singh Mann