July 26, 2015 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (25 ਜੁਲਾਈ, 2015): ਆਮ ਆਦਮੀ ਪਾਰਟੀ ਨਾਲ ਸਬੰਧਿਤ ਫ਼ਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਦੇ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹ ਪੰਜਾਬ ਇਕਾਈ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨਾਲ ਅਸੀਂ ਮਿਲ ਕੇ ਨਹੀਂ ਚੱਲ ਸਕਦੇ ਇਸ ਤੋਂ ਇਹ ਸਾਫ ਹੋ ਗਿਆ ਹੈ ਕਿ ਪੰਜਾਬ ਦੇ ਆਗੂਆਂ ‘ਚ ਸਿਆਸੀ ਖਿੱਚੋਤਾਣ ਤੇਜ਼ ਹੋ ਗਈ ਹੈ ਤੇ ਇੰਜ ਲੱਗ ਰਿਹਾ ਹੈ ਕਿ ਨਿਕਟ ਭਵਿੱਖ ‘ਚ ਇਨ੍ਹਾਂ ਵਿਚਾਲੇ ਕੋਈ ਸਮਝੌਤਾ ਨਹੀਂ ਹੋ ਸਕਦਾ।
ਉਨ੍ਹਾਂ ਨੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੱਕ ਇਹ ਗੱਲ ਪਹੁੰਚਾ ਦਿੱਤੀ ਹੈ ਕਿ ‘ਆਪ’ ਦੇ ਪੰਜਾਬ ਇਕਾਈ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨਾਲ ਅਸੀਂ ਮਿਲ ਕੇ ਨਹੀਂ ਚੱਲ ਸਕਦੇ।
ਖ਼ਾਲਸਾ ਨੇ ਇਹ ਪ੍ਰਗਟਾਵਾ ਵੀ ਕੀਤਾ ਕਿ ਨਵੀਂ ਦਿੱਲੀ ‘ਚ ਪਾਰਲੀਮੈਂਟ ਦੇ ਸੈਂਟਰਲ ਹਾਲ ‘ਚ ਇਹ ਗੱਲ ਆਮ ਸੁਣੀ ਜਾ ਰਹੀ ਹੈ ਕਿ ਕੇਜਰੀਵਾਲ ਮਹਿਸੂਸ ਕਰਦੇ ਹਨ ਕਿ ਦੇਸ਼ ਦੀ ਕੌਮੀ ਰਾਜਧਾਨੀ ‘ਚ ‘ਆਪ’ ਦੀ ਪ੍ਰਦੇਸ਼ ਸਰਕਾਰ ਬਹੁਤਾ ਚਿਰ ਨਹੀਂ ਚੱਲ ਸਕੇਗੀ, ਜਿਸ ਕਾਰਨ ਕੇਜਰੀਵਾਲ ਦੀ ਅੱਖ ਪੰਜਾਬ ਵਿਧਾਨ ਸਭਾ ਦੀਆਂ 2017 ‘ਚ ਹੋਣ ਵਾਲੀਆ ਚੋਣਾਂ ‘ਤੇ ਹੈ ਅਤੇ ਉਹ ਮੁੱਖੀ ਮੰਤਰੀ ਦੀ ਕੁਰਸੀ ਵੱਲ ਦੇਖ ਰਹੇ ਹਨ।
ਉਨ੍ਹਾਂ ਕਿਹਾ ਕੁਝ ਦਿਨ ਪਹਿਲਾਂ ‘ਆਪ’ ਦੇ ਕਾਨੂੰਨੀ ਸੈੱਲ ਦੇ ਮੁਖੀ ਹਿੰਮਤ ਸਿੰਘ ਸ਼ੇਰਗਿੱਲ ਨੇ ਮੇਰੇ ਵਿਰੁੱਧ ਅਕਾਲੀ ਲੀਡਰਸ਼ਿਪ ਨਾਲ ਸਿਆਸੀ ਤੌਰ ‘ਤੇ ਗੰਢ-ਤੁੱਪ ਕਰਨ ਦੇ ਜੋ ਦੋਸ਼ ਲਾਏ ਹਨ ਉਹ ਬਿਲਕੁਲ ਗਲਤ ਹਨ।ਉਨ੍ਹਾਂ ਕਿਹਾ ਕਿ ਸ: ਸ਼ਰਗਿੱਲ ਨੂੰ ਮੇਰੇ ਵਿਰੁੱਧ ਲਾਏ ਦੋਸ਼ਾਂ ਦਾ ਉੱਤਰ ਦੇਣਾ ਹੀ ਪਵੇਗਾ ਤੇ ਉਨ੍ਹਾਂ ਨੂੰ ਮੇਰੇ ਤੋਂ ਮੁਆਫ਼ੀ ਮੰਗਣੀ ਪਵੇਗੀ ।
‘ਆਪ’ ਦੀ ਗੁੰਝਲਦਾਰ ਸਿਆਸਤ ਤੋਂ ਖਹਿੜਾ ਛੁਡਾਉਣ ਬਾਰੇ ਪੁੱਛੇ ਜਾਣ ‘ਤੇ ਖ਼ਾਲਸਾ ਨੇ ਕਿਹਾ ਕਿ ਮੈਂ ਆਪਣੇ ਹਲਕੇ ਦੇ ਸੂਝਵਾਨ ਲੋਕਾਂ ਨਾਲ ਸਲਾਹ ਮਸ਼ਵਰਾ ਕਰ ਰਿਹਾ ਹਾਂ।ਇਨ੍ਹਾਂ ਗੱਲਾਂ ਦੇ ਬਾਵਜੂਦ ਖ਼ਾਲਸਾ ਨੇ ਕਿਹਾ ਕਿ ਮੈਂ ‘ਆਪ’ ਦੀ ਨੀਤੀ ਤੇ ਪ੍ਰੋਗਰਾਮ ਲਈ ਵਚਨਬਧ ਹਾਂ।
Related Topics: Aam Aadmi Party, Harinder Singh Khalsa, Sucha Singh Chhotepur