ਸਿੱਖ ਖਬਰਾਂ

267 ਸਰੂਪਾਂ, ਡਿਜਿਟਲ ਸਿੱਖ ਮੰਚ, ਸਿੱਖ ਸਹਾਇਤਾ ਫੰਡ ਅਤੇ ਸਿੱਖ ਵਿਦਿਆਰਥੀਆਂ ਨੂੰ ਤਾਕੀਦ ਕਰਦਾ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ

By ਸਿੱਖ ਸਿਆਸਤ ਬਿਊਰੋ

July 17, 2020

ਅੰਮ੍ਰਿਤਸਰ: ਅੱਜ ਮਿਤੀ 17 ਜੁਲਾਈ 2020 ਨੂੰ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ:- 

ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੋਲਡਨ ਆਫਸੈਟ ਪ੍ਰੈਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪ ਰਿਕਾਰਡ ਵਿਚ ਘੱਟ ਹੋਣ ਸਬੰਧੀ ਸਿੱਖ ਪੰਥ ਅੰਦਰ ਕਾਫੀ ਸ਼ੰਕਾਵਾਂ ਪਾਈਆਂ ਜਾ ਰਹੀਆਂ ਹਨ। ਇਸ ਸਬੰਧੀ ਵਿਸ਼ਵ ਭਰ ‘ਚੋਂ ਸੁਹਿਰਦ ਸਿੱਖ ਸੰਗਤਾਂ ਦੇ ਸੁਨੇਹੇ ਵੀ ਪੁੱਜੇ ਹਨ ਕਿ ਸੰਗਤ ਸਚਾਈ ਜਾਨਣਾ ਚਾਹੁੰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਪਾਸ ਕੀਤੇ ਮਤੇ ਨੰ: 368 ਮਿਤੀ 12-07-2020 ਰਾਹੀਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਗਈ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿਰਪੱਖ ਜਾਂਚ ਕਰਵਾਈ ਜਾਵੇ। ਸੰਗਤ ਦੀਆਂ ਭਾਵਨਾਵਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੱਦੇਨਜਰ ਇਸ ਸਮੁੱਚੇ ਮਾਮਲੇ ਦੀ ਪੜਤਾਲ ਸਿੱਖ ਬੀਬੀ ਨਵਿਤਾ ਸਿੰਘ ਰਿਟਾਰਿਰਡ ਜਸਟਿਸ ਹਾਈ ਕੋਰਟ ਕਰਨਗੇ ਅਤੇ ਭਾਈ ਈਸ਼ਰ ਸਿੰਘ ਐਡਵੋਕੇਟ ਤੇਲੰਗਨਾ ਹਾਈ ਕੋਰਟ ਇਨ੍ਹਾਂ ਦੇ ਸਹਿਯੋਗੀ ਹੋਣਗੇ। ਲੋੜ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਨ੍ਹਾਂ ਨੂੰ ਅਕਾਊਂਟ ਦੇ ਮਾਹਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਤੇ ਮੌੌਜੂਦਾ ਕਰਮਚਾਰੀ/ਅਧਿਕਾਰੀ ਅਤੇ ਵਿਦਵਾਨਾਂ ਦੀਆਂ ਵੀ ਸੇਵਾਵਾਂ ਮੁਹੱਈਆਂ ਕਰਵਾਈਆਂ ਜਾਣਗੀਆ।ਇਹ ਇੱਕ ਮਹੀਨੇ ਦੇ ਅੰਦਰ-ਅੰਦਰ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੇਣਗੇ, ਉਪਰੰਤ ਲੋੜੀਂਦੀ ਕਾਰਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤੀ ਜਾਵੇਗੀ।

ਆਉਣ ਵਾਲੇ ਸਮੇਂ ਵਿਚ ਸਿੱਖ ਪੰਥ ਵਿਚ ਵੰਡੀਆਂ ਪਾਉਣ ਵਾਲੇ ਗੁਰੂ ਦੋਖੀਆਂ ਤੋਂ ਸਾਵਧਾਨ ਕਰਨ ਲਈ ਅਤੇ ਸਮੁੱਚੇ ਸਿੱਖ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੀ ਰੋਸ਼ਨੀ ਵਿਚ ਇੱਕ ਮੁੱਠ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਾਂਝਾ ਡਿਜੀਟਲ ਮੰਚ ਮੁਹੱਈਆ ਕਰਵਾਇਆ ਜਾਵੇਗਾ। ਜਿਸ ਦਾ ਐਲਾਨ ਪੰਜ ਸਿੰਘ ਸਾਹਿਬਾਨਾ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਕੀਤਾ ਜਾਵੇਗਾ।

ਸਿੱਖ ਲੋੜਵੰਦ ਨੌਜਵਾਨਾਂ, ਵਿਧਵਾਵਾਂ, ਕਿਸਾਨਾਂ, ਮਜਦੂਰਾਂ, ਦੁਕਾਨਦਾਰਾਂ ਅਤੇ ਸਿੱਖ ਧਰਮ ਅੰਦਰ ਦੱਬੇ-ਕੁਚਲੇ ਮਾਨਸਿਕ ਤੌਰ ’ਤੇ ਝੰਬੇ ਸਿੱਖਾਂ ਦੀ ਸਹਾਇਤਾ ਲਈ ਸਿੱਖ ਬੁੱਧੀਜੀਵੀਆਂ, ਸਾਬਕਾ ਬੈਂਕਰਾਂ, ਵਕੀਲਾਂ, ਡਾਕਟਰਾਵਾਂ ਅਤੇ ਆਈ.ਏ.ਐਸ ਅਧੀਕਾਰੀਆਂ ਦੀ ਚੋਣਵੀਂ ਕਮੇਟੀ ਰਾਹੀਂ ਸਿੱਖ ਸਹਾਇਤਾ ਫੰਡ ਕਾਇਮ ਕਰਨ ਦਾ ਯਤਨ ਕੀਤਾ ਜਾਵੇਗਾ।

ਸਿੱਖ ਨੌਜਵਾਨਾਂ ਨੂੰ ਅਪੀਲ ਹੈ ਕਿ ਉਹ ਉਸਾਰੂ ਸੋਚ ਦੇ ਧਾਰਨੀ ਬਣ ਕੇ ਆਰਥਿਕ, ਸਮਾਜਿਕ ਅਤੇ ਰਾਜਨਿਤਕ ਖੇਤਰ ਵਿਚ ਉੱਚੇ ਮੁਕਾਮ ਹਾਸਲ ਕਰਨ ਦੇ ਨਾਲ-ਨਾਲ ਗੁਣਵੰਤਾ ਧਾਰਨ ਕਰਨ ਦਾ ਵੀ ਯਤਨ ਕਰਨ।ਸਿੱਖ ਵਿਦਿਆਰਥੀ ਆਪਣਾ ਸਾਰਾ ਧਿਆਨ ਪੜਾਈ ਉੱਪਰ ਕੇਂਦਰਿਤ ਕਰਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: