May 22, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ: ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਅੱਜ ਅਕਾਲੀ ਲੀਡਰ ਅਤੇ ਕੈਬਿਨੇਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਉਤੇ ਮਜੀਠੀਏ ਨੂੰ ਨਸ਼ੇ ਦਾ ਸਰਗਨਾ ਕਿਹਾ ਜਾਣਾ ਕੋਈ ਅਨਹੋਣੀ ਗੱਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਬੱਚਾ-ਬੱਚਾ ਇਸ ਗੱਲ ਤੋਂ ਜਾਣੂ ਹੈ ਕਿ ਪੰਜਾਬ ਵਿਚ ਮਜੀਠੀਆ ਹੀ ਨਸ਼ੇ ਦੇ ਕਾਰੋਬਾਰ ਦਾ ਅਸਲ ਮੁਖੀ ਹੈ।
ਛੋਟੇਪੁਰ ਨੇ ਕਿਹਾ ਕਿ ਮਜੀਠੀਆ ਆਮ ਆਦਮੀ ਪਾਰਟੀ ਦੇ ਲੀਡਰ ਅਰਵਿੰਦ ਕੇਜਰੀਵਾਲ, ਸੰਜੇ ਸਿੰਘ ਅਤੇ ਅਸ਼ੀਸ ਖੇਤਾਨ ਉਤੇ ਮਾਨਹਾਨੀ ਦਾ ਮੁਕਦਮਾ ਦਰਜ ਕਰਵਾ ਕੇ ਇਸ ਦੋਸ਼ ਤੋਂ ਮੁਕਤ ਨਹੀਂ ਹੋ ਜਾਂਦਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਲੀਡਰਾਂ ਦੀ ਇਹ ਫਿਤਰਤ ਰਹੀ ਹੈ ਕਿ ਉਹ ਹਰ ਸੱਚ ਬੋਲਣ ਵਾਲੇ ਨੂੰ ਡਰਾ ਧਮਕਾ ਕੇ ਉਸਦੀ ਅਵਾਜ ਦਬਾਉਣ ਦੀ ਕੋਸ਼ਿਸ਼ ਕਰਦੇ ਹਨ, ਪਰੰਤੂ ਆਮ ਆਦਮੀ ਪਾਰਟੀ ਅਜਿਹੇ ਡਰਾਵਿਆਂ ਕਾਰਣ ਸੱਚ ਬੋਲਣ ਤੋਂ ਪਿਛੇ ਹਟਣ ਵਾਲੀ ਨਹੀਂ।
ਛੋਟੇਪੁਰ ਨੇ ਕਿਹਾ ਕਿ ਇੱਕ ਪੰਜਾਬ ਹੋਣ ਦੇ ਨਾਤੇ ਇਹ ਸੁਣ ਕੇ ਉਨ੍ਹਾਂ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਕਿ ਪੰਜਾਬ ਸਰਕਾਰ ਦੇਸ਼ ਦਾ ਪਹਿਲਾ ਔਰਤਾਂ ਦਾ ਨਸ਼ਾ ਛੁਡਾਓ ਕੇਂਦਰ ਪੰਜਾਬ ਵਿਚ ਸੁਰੂ ਕਰਨ ਜਾ ਰਹੀ ਹੈ। ਉਨ੍ਹਾਂ ਪੁਛਿਆ ਕਿ ਜੇ ਅਕਾਲੀ ਦਲ ਇਹ ਕਹਿੰਦਾ ਹੈ ਕਿ ਪੰਜਾਬ ਵਿਚ ਨਸ਼ੇ ਨਹੀਂ ਹਨ ਤਾਂ ਉਨ੍ਹਾਂ ਨੂੰ ਔਰਤਾਂ ਦਾ ਨਸ਼ਾ ਛੁਡਾਓ ਕੇਂਦਰ ਖੋਲਣ ਦੀ ਲੋੜ ਕਿਉਂ ਪਈ।
ਛੋਟੇਪੁਰ ਨੇ ਕਿਹਾ ਕਿ ਬਾਦਲਾਂ ਅਤੇ ਮਜੀਠੀਏ ਨੂੰ ਵੀ ਇਸ ਗੱਲ ਦਾ ਇਲਮ ਹੈ ਕਿ ਅਕਾਲੀ ਦਲ ਦੇ ਪਿਛਲੇ 9 ਸਾਲਾਂ ਦੇ ਰਾਜ ਵਿਚ ਪੰਜਾਬ ਭਾਰਤ ਵਿਚ ਨਸ਼ਿਆਂ ਦੇ ਅੱਡੇ ਵਜੋਂ ਬਦਨਾਮ ਹੋ ਗਿਆ ਹੈ। ਜਿਸ ਲਈ ਕਿ ਅਕਾਲੀ ਦਲ ਸਰਕਾਰ ਅਤੇ ਮੱਖ ਤੌਰ ਤੇ ਬਿਕਰਮਜੀਤ ਸਿੰਘ ਮਜੀਠੀਆ ਜਿਮੇਵਾਰ ਹੈ।
ਬਿਕਰਮ ਮਜੀਠੀਏ ਨੂੰ ਲਲਕਾਰਦੇ ਹੋਏ ਛੋਟੇਪੁਰ ਨੇ ਕਿਹਾ ਕਿ ਕਿਉਂ ਜੋ ਆਪ ਲੀਡਰਾਂ ਦੇ ਨਾਲ ਨਾਲ ਸਾਰਾ ਪੰਜਾਬ ਹੀ ਉਸਨੂੰ ਨਸ਼ੇ ਦਾ ਸੌਦਾਗਰ ਕਹਿੰਦਾ ਹੈ ਤਾਂ ਉਹ ਸਾਰੇ ਪੰਜਾਬੀਆਂ ਤੇ ਮਾਨਹਾਨੀ ਦਾ ਮੁਕਦਮਾ ਕਿਉਂ ਦਰਜ ਨਹੀਂ ਕਰਵਾ ਦਿੰਦਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨਸ਼ੇ ਨਾਲ ਤਬਾਹ ਹੋ ਚੁੱਕੀ ਜਵਾਨੀ ਨੂੰ ਬਚਾਉਣ ਅਤੇ ਇਸ ਲਈ ਜਿਮੇਵਾਰ ਮਜੀਠੀਏ ਨੂੰ ਜੇਲ ਵਿਚ ਸੁਟਣ ਲਈ ਹਰ ਕੁਰਬਾਨੀ ਕਰਨ ਲਈ ਹਮੇਸ਼ਾ ਤਿਆਰ ਰਹੇਗੀ।
Related Topics: Aam Aadmi Party, Bikramjit Singh Majithia, Sucha Singh Chhotepur