ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਗੁਰਦੁਆਰਾ ਪ੍ਰਬੰਧ ਵਿੱਚ ਸਰਕਾਰੀ ਤੇ ਵਿਸ਼ੇਸ਼ ਕਰਕੇ ਕਾਂਗਰਸ ਦੀ ਦਖਲਅੰਦਾਜ਼ੀ ਦਾ ਦੁਖੜਾ ਰੋਣ ਵਾਲੀ ਸ਼੍ਰੋਮਣੀ ਕਮੇਟੀ ਅਤੇ ਇਸ ਵਲੋਂ ਥਾਪੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬੰਦੀ ਛੋੜ ਦਿਹਾੜੇ ਮੌਕੇ ਸੰਦੇਸ਼ ਪੜੇ ਜਾਣ ਦੀ ਆੜ ਹੇਠ ਦਰਬਾਰ ਸਾਹਿਬ ਦਾ ਸਮੁੱਚਾ ਸੁਰੱਖਿਆ ਪ੍ਰਬੰਧ ਹੀ ਪੰਜਾਬ ਪੁਲਿਸ ਨੂੰ ਸੌਂਪ ਦਿੱਤਾ। ਗਿਆਨੀ ਗੁਰਬਚਨ ਸਿੰਘ ਖੁਦ ਪੰਜਾਬ ਪੁਲਿਸ ਦੇ ਇੱਕ ਐਸ.ਪੀ. ਰੈਂਕ ਦੇ ਅਧਿਕਾਰੀ ਦੀ ਅਗਵਾਈ ਹੇਠ ਪੁਲਿਸ ਸੁਰੱਖਿਆ ਚੇਨ (ਸੰਗਲੀ) ਵਿੱਚ ਅਕਾਲ ਤਖਤ ਸਾਹਿਬ ਦੇ ਸਕਤਰੇਤ ਤੋਂ ਦਰਸ਼ਨੀ ਡਿਊੜੀ ਤੀਕ ਅਤੇ ਫਿਰ ਵਾਪਿਸ ਸਕਤਰੇਤ ਪੁੱਜੇ। ਦਰਸ਼ਨੀ ਡਿਊੜੀ ਵਿਖੇ ਕੋਈ ਇੱਕ ਘੰਟਾ ਚਲੇ ਸਮਾਗਮ ਦੌਰਾਨ ਵੀ ਗਿਆਨੀ ਗੁਰਬਚਨ ਸਿੰਘ ਦੀ ਇਹ ‘ਨਾਬੀ ਤੇ ਸਕਾਈ ਬਲਿਉੁ’ ਦਸਤਾਰਾਂ ਵਾਲੀ ਪੁਲਿਸ ਸੁਰੱਖਿਆ ਛਤਰੀ ਦਰਸ਼ਨੀ ਡਿਊੜੀ ਦੇ ਬਾਹਰ ਬੈਠੀ ਰਹੀ।
ਸੰਬੰਧਤ ਖਬਰ:
→ ‘ਜਥੇਦਾਰ ਸਾਹਿਬਾਨ’ ਬੰਦੀ ਛੋੜ ਦਿਹਾੜੇ ‘ਤੇ ਸਿੱਖ ਪਰੰਮਪਰਾ ਨੂੰ ਜਾਰੀ ਰੱਖਣ ਵਿਚ ਕਿਵੇਂ ਨਾਕਾਮ ਰਹੇ?
(ਵਿਸਤਾਰ ਅੰਗਰੇਜ਼ੀ ਵਿੱਚ ਹੈ)
ਕੌਮ ਦੇ ਨਾਮ ਸੰਦੇਸ਼ ਪੜ੍ਹਦਿਆਂ ਗਿਆਨੀ ਗੁਰਬਚਨ ਸਿੰਘ ਨੇ ਮੰਨਿਆ ਕਿ ‘ਹਰ ਵਾਰ ਕੌਮ ਦੇ ਨਾਮ ਸੰਦੇਸ਼ ਪੜ੍ਹੇ ਜਾਣ ਦੇ ਬਾਵਜੂਦ ਵੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਹੋ ਰਹੀ ਬੇਅਦਬੀ ਰੁਕਣ ਦਾ ਨਾਮ ਨਹੀਂ ਲੈ ਰਹੀ। ਪੰਚਾਇਤਾਂ ਆਪਣੇ ਪਿੰਡਾਂ ਵਿਚੋਂ ਸ਼ਰਾਬ ਦੇ ਠੇਕੇ ਚੁਕਵਾਉਣ ਲਈ ਸਰਬਸੰਮਤੀ ਨਾਲ ਮਤੇ ਪਾਸ ਕਰਕੇ ਪੰਜਾਬ ਦੇ ਸੰਬੰਧਿਤ ਵਿਭਾਗ ਨੂੰ ਭੇਜਣ ਅਤੇ ਇਹ ਮਤੇ ਪਾਸ ਕਰਵਾਉਣ ਲਈ ਸਿੱਖ ਸੰਗਤਾਂ ਅਤੇ ਖ਼ਾਸਕਰ ਬੀਬੀਆˆ ਭੈਣਾਂ ਅੱਗੇ ਆਉਣ। ਸਾਡੀਆਂ ਸਮਾਜਿਕ ਰਸਮਾਂ ਖਰਚੀਲੀਆਂ ਤੇ ਭੜਕੀਲੀਆਂ ਹੋ ਚੁੱਕੀਆਂ ਹਨ ਤੇ ਗੁਰਦੁਆਰਿਆਂ ਦੀ ਬਜਾਏ ਮਹਿੰਗੇ ਹੋਟਲਾਂ ਦੀ ਭੇਟ ਚੜ੍ਹ ਗਈਆਂ ਹਨ’। ਸਾਲ 2015 ਵਿੱਚ ਬਾਦਲ ਸਰਕਾਰ ਦੇ ਵੇਲੇ ਅੰਜ਼ਾਮ ਦਿੱਤੇ ਗਏ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਗੱਲ ਗਿਆਨੀ ਗੁਰਬਚਨ ਸਿੰਘ ਨੇ ਜ਼ਰੂਰ ਕੀਤੀ। ਉਨ੍ਹਾਂ ਕਿਹਾ ਕਿ ਬੰਦੀ ਛੋੜ ਦਿਹਾੜੇ ਤੋਂ ਸੇਧ ਲੈਂਦਿਆਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਸਜ਼ਾਵਾਂ ਭੁਗਤਣ ਦੇ ਬਾਵਜੁਦ ਬੰਦ ਬੇਕਸੂਰ ਸਿੱਖਾਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰ ਦੇਣਾ ਚਾਹੀਦਾ ਹੈ। ਪਰ ਗਿਆਨੀ ਜੀ ਦੇ ਇਸ ਸੰਦੇਸ਼ ਨੂੰ ਸੁਣਨ ਵਾਲਿਆਂ ਦੇ ਨਾਮ ਹੇਠ ਵੀ ਬਾਵਰਦੀ ਪੁਲਿਸ ਤੇ ਕਮੇਟੀ ਮੁਲਾਜ਼ਮ ਹੀ ਸਨ ਜਦੋਂ ਕਿ ਸੰਗਤ ਦੀ ਗਿਣਤੀ ਨਾ ਮਾਤਰ ਸੀ।
ਸਬੰਧਤ ਖ਼ਬਰ:
ਬੰਦੀਛੋੜ ਦਿਹਾੜਾ:’ਸੰਦੇਸ਼ ਪੜ੍ਹਨ’ਦਾ ਮਾਮਲਾ:ਪੁਲਿਸ ਵੱਲੋਂ ਕਾਰਜਕਾਰੀ ਜਥੇਦਾਰਾਂ ਦੀਆਂ ਗ੍ਰਿਫਤਾਰੀਆਂ …
ਬੰਦੀ ਛੋੜ ਦਿਹਾੜੇ ਮੌਕੇ ਦਰਸ਼ਨੀ ਡਿਊੜੀ ਤੋਂ ਚੱਲੇ ਵਿਸ਼ੇਸ਼ ਸਮਾਗਮ ਮੌਕੇ ਕਥਾ ਵਾਚਕ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ, ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ, ਸ਼੍ਰੋਮਣੀ ਕਮੇਟੀ ਪਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਵੀ ਆਪਣੇ ਵਿਚਾਰ ਰੱਖੇ। ਸਟੇਜ ਸਕੱਤਰ ਦੀ ਭੂਮਿਕਾ ਸ਼੍ਰੋਮਣੀ ਕਮੇਟੀ ਸਕੱਤਰ ਡਾ: ਰੂਪ ਸਿੰਘ ਨੇ ਨਿਭਾਈ। ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕੈਮਪੁਰ, ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ, ਕਾਰਜਕਾਰਣੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ ਵੀ ਮੌਜੂਦ ਸਨ।
ਸਬੰਧਤ ਖ਼ਬਰ:
ਅੰਮ੍ਰਿਤਸਰ, ਗੁਰਦਾਸਪੁਰ, ਅੰਮ੍ਰਿਤਸਰ ਦਿਹਾਤੀ ਅਤੇ ਤਰਨਤਾਰਨ ਪੁਲਿਸ ਦੇ ਕੋਈ 23 ਸੌ ਦੇ ਕਰੀਬ ਵਰਦੀ ਧਾਰੀ ਅਤੇ ਬਾਵਰਦੀ ਜਵਾਨਾਂ ਅਤੇ ਖੁਫੀਆ ਵਿਭਾਗ ਦੇ 200 ਦੇ ਕਰੀਬ ਮੁਲਾਜ਼ਮਾਂ ਨੇ ਸਮੁਚੇ ਦਰਬਾਰ ਸਾਹਿਬ ਕੰਪਲੈਕਸ ਨੂੰ ਘੇਰੇ ਵਿੱਚ ਲਿਆ ਹੋਇਆ ਸੀ। ਐਸ.ਪੀ. ਰੈਂਕ ਦੇ ਛੇ ਅਧਿਕਾਰੀਆਂ ਤੇ ਦਰਜਨਾਂ ਡੀ.ਐਸ.ਪੀ. ਅਧਿਕਾਰੀਆਂ ਦੀ ਅਗਵਾਈ ਹੇਠ ਇਹ ਮੁਲਾਜ਼ਮ ਤੈਨਾਤ ਸਨ। ਗਿਆਨੀ ਗੁਰਬਚਨ ਸਿੰਘ ਦੀ ਸੁਰੱਖਿਆ ਲਈ ਤਾਇਨਾਤ ਹੋਣ ਵਾਲੀ ਕਮੇਟੀ ਦੀ ਟਾਸਕ ਫੋਰਸ ਵੀ ਅੱਜ ਪਹਿਲੀ ਕਤਾਰ ਦੀ ਬਜਾਏ ਤੀਸਰੀ ਕਤਾਰ ਵਿੱਚ ਨਜ਼ਰ ਆਈ। ਦਰਬਾਰ ਸਾਹਿਬ ਕੰਪਲੈਕਸ ਦੇ ਹਰੇਕ ਮੁੱਖ ਗੇਟ ਤੇ ਨਿਗਾਹ ਰੱਖਣ ਲਈ ਕਮੇਟੀ ਦੇ ਵਧੀਕ ਸਕੱਤਰ ਤੇ ਮੀਤ ਸਕੱਤਰ ਰੈਂਕ ਦੇ ਅਧਿਕਾਰੀ ਕਮੇਟੀ ਮੁਲਾਜ਼ਮਾਂ ਸਹਿਤ ਮੌਜੂਦ ਰਹੇ। ਕਮੇਟੀ ਦੇ ਇਹ ਮੁਲਾਜ਼ਮ ਸਵੇਰੇ 9 ਵਜੇ ਤੋਂ ਰਾਤ ਅੱਠ ਵਜੇ ਤੀਕ ਦੀ ਡਿਊਟੀ ਲਈ ਪਾਬੰਦ ਸਨ। ਸੂਤਰਾਂ ਅਨੁਸਾਰ ਬੀਤੀ ਰਾਤ ਹੀ ਬਾਵਰਦੀ ਪੁਲਿਸ ਨੇ ਸਮੁਚੇ ਦਰਬਾਰ ਸਾਹਿਬ ਕੰਪਲੈਕਸ ਦੀ ਤਲਾਸ਼ੀ ਲਈ ਸੀ। ਦੇਰ ਸ਼ਾਮ ਜਦੋਂ ਪੱਤਰਕਾਰਾਂ ਨੂੰ ਭਾਈ ਧਿਆਨ ਸਿੰਘ ਮੰਡ ਵਲੋਂ ਗੁਰਦੁਆਰਾ ਪਹੂਵਿੰਡ ਤੋਂ “ਕੌਮ ਦੇ ਨਾਮ ਪੜ੍ਹਿਆ ਗਿਆ ਸੰਦੇਸ਼” ਮਿਲ ਗਿਆ ਤਾਂ ਪੁਲਿਸ ਪ੍ਰਸ਼ਾਸਨ ਨੂੰ ਕੁਝ ਸਾਹ ਆਇਆ।