ਸਿੱਖ ਖਬਰਾਂ

ਗਿਆਨੀ ਗੁਰਬਚਨ ਸਿੰਘ ਨੂੰ ਇਟਲੀ ਵਿੱਚ ਸੂਰਤ ਸਿੰਘ ਖਾਲਸਾ ਦੇ ਮੁੱਦੇ ‘ਤੇ ਸਿੱਖ ਸੰਗਤਾਂ ਦੇ ਵਿਰੋਧ ਦਾ ਸਾਹਮਣਾ ਕਰਨ ਪਿਆ

By ਸਿੱਖ ਸਿਆਸਤ ਬਿਊਰੋ

June 30, 2015

ਇਟਲੀ (29 ਜੂਨ, 2015): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇਟਲੀ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਸੂਰਤ ਸਿੰਘ ਖਾਲਸਾ ਦੇ ਮੁੱਦੇ ਉਤੇ ਸਿੱਖ ਸੰਗਤਾਂ ਦੇ ਵਿਰੋਧ ਦਾ ਸਾਹਮਣਾ ਕਰਨ ਪਿਆ। ਗਿਆਨੀ ਗੁਰਬਚਨ ਸਿੰਘ ਇਟਲੀ ਦੇ ਦੌਰੇ ਉੱਤੇ ਹਨ ਪਰ ਜਿਵੇਂ ਹੀ ਉਹ ਗੁਰਦੁਆਰਾ ਸਾਹਿਬ ਵਿੱਚ ਆਏ ਤਾਂ ਉੱਥੇ ਮੌਜੂਦ ਸਿੱਖਾਂ ਨੇ ਗਿਆਨੀ ਗੁਰਬਚਨ ਸਿੰਘ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਟਲੀ ਦੇ ਸਿੱਖਾਂ ਦਾ ਕਹਿਣਾ ਹੈ ਕਿ ਗਿਆਨੀ ਗੁਰਬਚਨ ਸਿੰਘ ਬਜ਼ੁਰਗ ਸੂਰਤ ਸਿੰਘ ਖ਼ਾਲਸਾ ਦੇ ਮੁੱਦੇ ਉੱਤੇ ਬਿਲਕੁਲ ਚੁੱਪ ਹਨ।

ਬਜ਼ੁਰਗ ਸੂਰਤ ਸਿੰਘ ਖ਼ਾਲਸਾ ਸਿੱਖ ਕੈਦੀਆਂ ਦੀ ਰਿਹਾਈ ਲਈ ਕਰੀਬ 165 ਦਿਨਾਂ ਤੋਂ ਮਰਨ ਵਰਤ ਉੱਤੇ ਹਨ। ਗਿਆਨੀ ਗੁਰਬਚਨ ਸਿੰਘ ਨੂੰ ਇਟਲੀ ਦੇ ਨੋਵੇਲਾਰਾ ਸਥਿਤ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਬੁਲਾਇਆ ਗਿਆ ਸੀ।

ਗੁਰਦੁਆਰਾ ਸਾਹਿਬ ਵਿੱਚ ਆਉਣ ਤੋਂ ਬਾਅਦ ਜਿਵੇਂ ਹੀ ਉਹ ਸੰਬਧੋਨ ਲਈ ਖੜੇ ਹੋਏ ਤਾਂ ਇੱਕ ਨੌਜਵਾਨ ਨੇ ਉਨਾਂ ਨੂੰ ਪੁੱਛਿਆ ਕਿ ਸੂਰਤ ਸਿੰਘ ਖ਼ਾਲਸਾ ਦੇ ਮੁੱਦੇ ਉੱਤੇ ਉਹ ਚੁੱਪ ਕਿਉਂ ਹਨ। ਇਸ ਮੁੱਦੇ ਉਤੇ ਜਥੇਦਾਰ ਗੁਰਬਚਨ ਸਿੰਘ ਨੇ ਕੁਝ ਵੀ ਨਹੀਂ ਕਿਹਾ।

ਇਸ ਤੋਂ ਬਾਅਦ ਪ੍ਰਬੰਧਕ ਨੌਜਵਾਨ ਨੂੰ ਗੁਰਦੁਆਰਾ ਸਾਹਿਬ ਦੇ ਹਾਲ ਤੋਂ ਬਾਹਰ ਲੈ ਗਏ ਪਰ ਉਥੇ ਮੌਜੂਦ ਸੰਗਤਾਂ ਸਿੱਖ ਨੌਜਵਾਨ ਦੇ ਸਮਰਥਨ ਵਿੱਚ ਅੱਗੇ ਆ ਗਈਆਂ। ਵਿਰੋਧ ਦੇ ਚੱਲਦੇ ਹੋਏ ਗਿਆਨੀ ਗੁਰਬਚਨ ਸਿੰਘ ਗੁਰਦੁਆਰਾ ਸਾਹਿਬ ਤੋਂ ਤੁਰੰਤ ਸਿੱਧੇ ਹਵਾਈ ਅੱਡੇ ਲਈ ਰਵਾਨਾ ਹੋ ਗਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: