ਅੰਮ੍ਰਿਤਸਰ: ਭਾਰਤੀ ਫੌਜ ਵੱਲੋਂ ਜੂਨ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਸਾਹਿਬ ਵੱਲੋਂ ਕੀਤੇ ਫੌਜੀ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇਬਰੇਰੀ ਦਾ ਜੋ ਸਾਮਾਨ ਭਾਰਤੀ ਫੌਜ ਕੋਲ ਸੀ, ਉਹ ਸਾਰਾ ਸਾਮਾਨ ਭਾਰਤ ਸਰਕਾਰ ਨੂੰ ਸੌਂਪ ਦਿੱਤਾ ਗਿਆ ਸੀ। ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੇ ਪਰਿਵਾਰ ਸਮੇਤ ਮੱਥਾ ਟੇਕਣ ਵਾਸਤੇ ਆਏ ਥਲ ਸੈਨਾ ਦੇ ਸਾਬਕਾ ਮੁਖੀ ਜਨਰਲ ਜੇ.ਜੇ. ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਕਤ ਵਿਚਾਰਾਂ ਦਾ ਪ੍ਰਗਟਾਵਾ ਕੀਤਾ।
ਸੂਚਨਾ ਕੇਂਦਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਥਲ ਸੈਨਾ ਮੁਖੀ ਨੇ ਆਖਿਆ ਕਿ ਸ਼੍ਰੀ ਦਰਬਾਰ ਸਾਹਿਬ ਸਾਹਿਬ ਵੱਲੋਂ ਕੀਤੇ ਫੌਜੀ ਹਮਲੇ ਦੌਰਾਨ ਫੌਜ ਨੇ ਸਿੱਖ ਰੈਫਰੈਂਸ ਲਾਇਬਰੇਰੀ ਦੇ ਜੋ ਵੀ ਦਸਤਾਵੇਜ਼ ਕਬਜ਼ੇ ਵਿੱਚ ਲਏ ਸਨ, ਨੂੰ ਬਕਾਇਦਾ ਕਾਗ਼ਜ਼ੀ ਕਾਰਵਾਈ ਮਗਰੋਂ ਭਾਰਤ ਸਰਕਾਰ ਦੇ ਹਵਾਲੇ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਿਕ ਮਗਰੋਂ ਇਹ ਸਾਰਾ ਸਾਮਾਨ ਭਾਰਤ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਫੌਜ ਵੱਲੋਂ ਫੌਜੀ ਕਾਰਵਾਈ ਸਮੇਂ ਕਬਜ਼ੇ ਵਿੱਚ ਲਈ ਹਰੇਕ ਚੀਜ਼ ਸਰਕਾਰ ਨੂੰ ਸੌਂਪ ਦਿੱਤੀ ਜਾਂਦੀ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਭਾਰਤੀ ਫੌਜ ਦੇ ਮੌਜੂਦਾ ਮੁਖੀ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਸਮੇਂ ਆਖਿਆ ਸੀ ਕਿ ਭਾਰਤੀ ਫੌਜ ਕੋਲ ਫੌਜੀ ਹਮਲੇ ਸਮੇਂ ਦਾ ਕੋਈ ਵੀ ਸਾਮਾਨ ਨਹੀਂ ਹੈ।
ਸਾਬਕਾ ਥਲ ਸੈਨਾ ਮੁਖੀ ਨੇ ਜੂਨ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ‘ਤੇ ਕੀਤੇ ਫੌਜੀ ਹਮਲੇ ਲਈ ਫੌਜ ਨੂੰ ਦੋਸ਼ਮੁਕਤ ਕਰਾਰ ਦਿੰਦਿਆਂ ਆਖਿਆ ਕਿ ਇਸ ਕਾਰਵਾਈ ਲਈ ਫੌਜ ਨੂੰ ਕਿਸੇ ਵੀ ਤਰ੍ਹਾਂ ਦੋਸ਼ੀ ਨਹੀਂ ਆਖਿਆ ਜਾ ਸਕਦਾ ਕਿਉਂਕਿ ਫੌਜ ਵੱਲੋਂ ਤਾਂ ਆਏ ਹੁਕਮਾਂ ਮੁਤਾਬਕ ਕਾਰਵਾਈ ਕੀਤੀ ਗਈ ਸੀ। ਫੌਜ ਸਰਕਾਰ ਤੋਂ ਆਏ ਹੁਕਮਾਂ ਨੂੰ ਮੰਨਣ ਤੋਂ ਇਨਕਾਰੀ ਨਹੀਂ ਹੋ ਸਕਦੀ। ਉਨ੍ਹਾਂ ਇਸ ਹਮਲੇ ਲਈ ਫੌਜ ਦੀ ਥਾਂ ਸਿਆਸੀ ਆਗੂਆਂ ਨੂੰ ਜ਼ਿੰਮੇਵਾਰ ਦੱਸਿਆ।
ਵਿਦੇਸ਼ ਵਿੱਚ ਸਿੱਖਾਂ ’ਤੇ ਹੋ ਰਹੇ ਨਸਲੀ ਹਮਲਿਆਂ ਬਾਰੇ ਉਨ੍ਹਾਂ ਆਖਿਆ ਕਿ ਇਹ ਹਮਲੇ ਮੰਦਭਾਗੇ ਹਨ। ਪਹਿਲਾਂ ਸਿੱਖਾਂ ਵੱਲੋਂ ਵੱਡੀ ਦਸਤਾਰ ਬੰਨ੍ਹੀ ਜਾਂਦੀ ਸੀ ਪਰ ਹੁਣ ਨਵੀਂ ਪੀੜ੍ਹੀ ਵੱਲੋਂ ਛੋਟੀਆਂ ਦਸਤਾਰਾਂ ਬੰਨ੍ਹੀਆਂ ਜਾਂਦੀਆਂ ਹਨ, ਜਿਸ ਨਾਲ ਸ਼ਨਾਖਤ ਸਬੰਧੀ ਭੁਲੇਖਾ ਬਣਿਆ ਹੈ। ਇਸ ਦੌਰਾਨ ਸ੍ਰੀ ਜੇ.ਜੇ. ਸਿੰਘ ਦੇ ਪੁੱਤਰ ਵਿਵੇਕ ਪਾਲ ਸਿੰਘ ਜੋ ਕਿ ਫਰਾਂਸ ਦੇ ਇੱਕ ਸ਼ਹਿਰ ਵਿੱਚ ਕੌਂਸਲਰ ਹੈ, ਨੇ ਦੱਸਿਆ ਕਿ ਫਰਾਂਸ ਵਿੱਚ ਸਿੱਖ ਅਤੇ ਇਥੋਂ ਦੀ ਸਰਕਾਰ ਦਸਤਾਰ ਬਾਰੇ ਸਹੀ ਢੰਗ ਨਾਲ ਆਪਣਾ ਪੱਖ ਰੱਖਣ ਵਿੱਚ ਅਸਫਲ ਰਹੇ ਹਨ। ਉਨ੍ਹਾਂ ਆਖਿਆ ਕਿ ਫਰਾਂਸ ਵਿੱਚ ਮੌਜੂਦਾ ਵਿਦਿਅਕ ਪ੍ਰਣਾਲੀ ਦੌਰਾਨ ਕੋਈ ਵੀ ਵਿਦਿਆਰਥੀ ਸਕੂਲ ਵਿੱਚ ਧਾਰਮਿਕ ਚਿੰਨ੍ਹ ਦੀ ਵਰਤੋਂ ਨਹੀਂ ਕਰ ਸਕਦਾ।
aਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਅਤੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਫਰਾਂਸ ਸਰਕਾਰ ਨੂੰ ਦਸਤਾਰ ਬਾਰੇ ਸਹੀ ਢੰਗ ਨਾਲ ਦੱਸਣ ਕਿ ਇਹ ਧਾਰਮਿਕ ਚਿੰਨ੍ਹ ਨਹੀਂ ਸਗੋਂ ਸਿੱਖਾਂ ਦੇ ਪਹਿਰਾਵੇ ਦਾ ਅਨਿਖੜਵਾਂ ਅੰਗ ਹੈ। ਉਨ੍ਹਾਂ ਨਾਲ ਫਰਾਂਸ ਤੋਂ ਇੱਕ ਵਫਦ ਵੀ ਪੁੱਜਿਆ ਸੀ। ਇਸ ਮੌਕੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਅਤੇ ਅੰਮ੍ਰਿਤਪਾਲ ਸਿੰਘ ਨੇ ਸਾਬਕਾ ਫੌਜੀ ਮੁਖੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਸਿਰੋਪਾ ਤੇ ਧਾਰਮਿਕ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਤ ਕੀਤਾ।