ਸਿਆਸੀ ਖਬਰਾਂ

ਕਸ਼ਮੀਰੀਆਂ ਨੂੰ ਚੈਲੰਜ ਕਰਨ ਵਾਲਾ ਜਨਰਲ ਰਾਵਤ ਕੀ ਹੁਣ ਚੀਨ ਨਾਲ ਮੁਕਾਬਲੇ ਦੀ ਹਿੰਮਤ ਕਰੇਗਾ?: ਮਾਨ

By ਸਿੱਖ ਸਿਆਸਤ ਬਿਊਰੋ

June 30, 2017

ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਭਾਰਤੀ ਫੌਜ ਦੇ ਮੁਖੀ ਜਨਰਲ ਰਾਵਤ ਨੂੰ ਸਵਾਲ ਕੀਤਾ ਕਿ ਹੁਣ ਉਹ ਚੀਨ ਦੀ ਫੌਜ ਦਾ ਮੁਕਾਬਲਾ ਕਰਨ ਦੀ ਹਿੰਮਤ ਦਿਖਾਉਣਗੇ ਜਾਂ ਨਹੀਂ? ਸ. ਮਾਨ ਨੇ ਪਾਰਟੀ ਦਫਤਰ ਤੋਂ ਜਾਰੀ ਪ੍ਰੈਸ ਬਿਆਨ ‘ਚ ਕਿਹਾ ਕਿ ਪਠਾਣਾਂ ਦੇ ਹਮਲਿਆਂ ਵੇਲੇ ਹਿੰਦੂ ਹਾਕਮ ਗਊਆਂ ਅੱਗੇ ਕਰ ਦਿੰਦੇ ਸੀ ਕਿ ਦੁਸ਼ਮਣ ਫੌਜ ਵੀ ਹਿੰਦੂਆਂ ਵਾਂਗ ਹੀ ਗਊਆਂ ਨੂੰ ਨੁਕਸਾਨ ਨਹੀਂ ਪਹੁੰਚਾਏਗੀ ਅਤੇ ਗਊਆਂ ਕਾਰਨ ਸਾਡੀ ਜਾਨ ਬਚ ਜਾਏਗੀ। ਪਰ ਇਹ ਗਊਆਂ ਸਗੋਂ ਉਨ੍ਹਾਂ ਦੇ ਖਾਣ ਦੇ ਕੰਮ ਆਉਂਦੀਆਂ ਸਨ। ਸ. ਮਾਨ ਨੇ ਹਿੰਦੂਵਾਦੀ ਧਰਮਗੁਰੂ ਰਾਮਦੇਵ ਦੇ ਉਸ ਬਿਆਨ ਦਾ ਜ਼ਿਕਰ ਕੀਤਾ ਜਿਸ ਵਿਚ ਰਾਮਦੇਵ ਨੇ ਕਿਹਾ ਸੀ ਕਿ “ਜੋ ਭਾਰਤ ਮਾਤਾ ਦੀ ਜੈ ਜਾਂ ਗਊ ਮਾਤਾ ਦੀ ਜੈ ਨਹੀਂ ਬੋਲੇਗਾ ਅਸੀਂ ਉਸਦਾ ਸਿਰ ਕਲਮ ਕਰ ਦਿਆਂਗੇ।”

ਜਾਰੀ ਬਿਆਨ ‘ਚ ਸ. ਮਾਨ ਨੇ ਕਿਹਾ ਕਿ ਸਿੱਖ ਗਾਂ ਨੂੰ ਬਤੌਰ ਇਕ ਜਾਨਦਾਰ ਲਾਹੇਵੰਦ ਜੀਵ ਮੰਨਦੇ ਹਨ, ਪੂਜਦੇ ਨਹੀਂ। ਉਨ੍ਹਾਂ ਕਿਹਾ ਕਿ ਸਿੱਖ ਕੇਵਲ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ਵਾਸ ਰੱਖਦੇ ਹਨ, ਹੋਰ ਕਿਸੇ ਵਿਚ ਨਹੀਂ। ਭਾਜਪਾ, ਆਰ.ਐਸ.ਐਸ. ਅਤੇ ਇਸਦੀਆਂ ਸਹਿਯੋਗੀ ਹਿੰਦੂਵਾਦੀ ਜਥੇਬੰਦੀਆਂ ਘੱਟਗਿਣਤੀਆਂ ਖਾਸ ਕਰਕੇ ਮੁਸਲਮਾਨਾਂ ‘ਤੇ ਗਾਂ ਦੇ ਮਾਸ ਆਦਿ ਦੀਆਂ ਅਫਵਾਹਾਂ ਫੈਲਾ ਕੇ ਹਮਲੇ ਕਰਦੇ ਹਨ। ਸ. ਮਾਨ ਨੇ ਜਰਨਲ ਰਾਵਤ ਨੂੰ ਕੁਝ ਸਮਾਂ ਪਹਿਲਾਂ ਦਿੱਤਾ ਬਿਆਨ ਚੇਤੇ ਕਰਵਾਇਆ, ਜਦੋਂ ਜਨਰਲ ਰਾਵਤ ਨੇ ਕਿਹਾ ਸੀ ਕਿ ਕਸ਼ਮੀਰੀ ਪੱਥਰ ਮਾਰਨ ਦੀ ਬਜਾਏ ਹਥਿਆਰ ਚੁੱਕ ਕੇ ਸਾਡਾ ਮੁਕਾਬਲਾ ਕਰਨ ਤਾਂ ਸਾਡੀ ‘ਬਹਾਦਰ ਫੌਜ’ ਉਨ੍ਹਾਂ ਦੇ ਛੱਕੇ ਛੁਡਾ ਦੇਵੇਗੀ।

ਸਬੰਧਤ ਖ਼ਬਰ: ਸਿੱਕਮ ਦੇ ਵਿਵਾਦਤ ਖੇਤਰ ‘ਚ ਬਣੇ ਭਾਰਤੀ ਫੌਜ ਦੇ ਬੰਕਰਾਂ ਨੂੰ ਚੀਨ ਨੇ ਬੁਲਡੋਜਰਾਂ ਨਾਲ ਢਾਹਿਆ …

ਭਾਰਤੀ ਫੌਜ, ਨੀਮ ਫੌਜੀ ਦਸਤੇ ਅਤੇ ਪੁਲਿਸ ਕਸ਼ਮੀਰ, ਅਸਾਮ, ਝਾਰਖੰਡ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ ਆਦਿ ਸੂਬਿਆਂ ਵਿਚ ਉਥੋਂ ਦੇ ਸਥਾਨਕ ਨਿਹੱਥੇ ਲੋਕਾਂ ‘ਤੇ ਜ਼ੁਲਮ ਕਰ ਰਹੇ ਹਨ। ਹੁਣ ਜਦੋਂ ਸਾਹਮਣੇ ਚੀਨ ਹੈ ਤਾਂ ਸਿਰਫ ਗੱਲਾਂ ਬਾਤਾਂ ਨਾਲ ਹੀ ਸਾਰਿਆ ਜਾ ਰਿਹਾ ਹੈ। ਸਿਮਰਨਜੀਤ ਸਿੰਘ ਮਾਨ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਜੇ ਭਾਰਤ ਦੇ ਫਿਰਕੂ ਹਾਕਮ ਕਿਸੇ ਗੁਆਂਢੀ ਮੁਲਕ ਚੀਨ, ਪਾਕਿਸਤਾਨ ਆਦਿ ਨਾਲ ਜੰਗ ਦੀ ਸਾਜਿ਼ਸ ਰਚਣ ਤਾਂ ਸਿੱਖ ਕੌਮ ਅਜਿਹੀ ਜੰਗ ਦਾ ਬਿਲਕੁਲ ਵੀ ਹਿੱਸਾ ਨਾ ਬਣੇ।

ਸਬੰਧਤ ਖ਼ਬਰ: 1962 ਦੀ ਜੰਗ ਦਾ ਹਵਾਲਾ ਦਿੰਦਿਆਂ ਚੀਨ ਨੇ ਭਾਰਤੀ ਫੌਜ ਨੂੰ ਇਤਿਹਾਸ ਤੋਂ ਸਬਕ ਸਿੱਖਣ ਲਈ ਕਿਹਾ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: