ਸਾਹਿਤਕ ਕੋਨਾ

“ਗਦਰੀ ਬਾਬੇ ਕੌਣ ਸਨ?” ਪੁਸਤਕ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਜਾਰੀ ਕੀਤੀ ਗਈ

By ਸਿੱਖ ਸਿਆਸਤ ਬਿਊਰੋ

September 25, 2013

ਅੰਮ੍ਰਿਤਸਰ, ਪੰਜਾਬ (ਸਿਤੰਬਰ 24, 2013): ਅੱਜ ਸਿੰਘ ਸਾਹਿਬ ਗਿ. ਗੁਰਬਚਨ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗਿ. ਬਲਵੰਤ ਸਿੰਘ ਨੰਦਗੜ੍ਹ, ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਮਜੀਠਾ ਰੋਡ ਬਾਈ-ਪਾਸ, ਅੰਮ੍ਰਿਤਸਰ ਵਿਖੇ ਪ੍ਰਸਿੱਧ ਸਿਖ ਚਿੰਤਕ ਸ. ਅਜਮੇਰ ਸਿਘ ਦੀ ਨਵੀਂ ਪੁਸਤਕ ‘ਗ਼ਦਰੀ ਬਾਬੇ ਕੌਣ ਸਨ?’ ਰਿਲੀਜ਼ ਕੀਤੀ ਅਤੇ ਇਸ ਮੌਕੇ ’ਤੇ ਸਿੱਖ ਸਰੋਕਾਰਾਂ ਨਾਲ ਦਿਲੋ-ਜਾਨ ਨਾਲ ਜੁੜੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਗਿ. ਗੁਰਬਚਨ ਸਿੰਘ ਨੇ ਗ਼ਦਰੀ ਬਾਬਿਆਂ ਦੀ ਅਦੁੱਤੀ ਕੁਰਬਾਨੀ ਨੂੰ ਚਿਤਾਰਦਿਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ਼ਹੀਦਾਂ ਦੇ ਇਤਿਹਾਸ ਅਤੇ ਆਪਣੇ ਸ਼ਾਨਾਂਮੱਤੇ ਵਿਰਸੇ ਬਾਰੇ ਪੁਸਤਕਾਂ ਪੜ੍ਹਨ ਦੀ ਆਦਤ ਪਾਉਣ ਅਤੇ ਘਟੋ-ਘੱਟ ਇਕ ਘੰਟਾ ਰੋਜ਼ ਇਸ ਕੰਮ ਲਈ ਕੱਢਿਆ ਕਰਨ।

ਗ਼ਦਰੀਆਂ ਦੇ ਇਤਿਹਾਸ ਨੂੰ ਸਿੱਖ ਪਰਿਪੇਖ ਅਨੁਸਾਰ ਸਮਝਣ ਅਤੇ ਇਤਿਹਾਸ ਨੂੰ ਪੁੱਠਾ ਗੇੜ ਦੇਣ ਦੀਆਂ ਕੋਝੀਆਂ ਸਾਜਸ਼ਾਂ ਨੂੰ ਨੰਗਾ ਕਰਨ ਸੰਬੰਧੀ ਸ. ਅਜਮੇਰ ਸਿੰਘ ਵੱਲੋਂ ਕੀਤੇ ਇਤਿਹਾਸਕ ਕਾਰਜ ਦੀ ਭਰਪੂਰ ਪ੍ਰਸੰਸਾ ਕਰਦਿਆਂ ਸਿੰਘ ਸਾਹਿਬ ਨੇ ਦੇਸ਼ਾਂ ਵਿਦੇਸ਼ਾਂ ਵਿਚ ਸਿੱਖ ਪਛਾਣ ਸੰਬੰਧੀ ਪੈਦਾ ਹੋ ਰਹੀਆਂ ਚੁਣੌਤੀਆਂ ਨਾਲ ਨਿਪਟਣ ਲਈ ਸਿੱਖ ਚਿੰਤਕਾਂ ਨੂੰ ਦਸਤਾਰ ਤੇ ਕਕਾਰਾਂ ਸੰਬੰਧੀ ਪ੍ਰਭਾਵਸ਼ਾਲੀ ਲਿਟ੍ਰੇਚਰ ਲਿਖਣ ਦਾ ਨਿਓਤਾ ਵੀ ਦਿੱਤਾ ਤੇ ਅਜਿਹਾ ਸਾਹਿਤ ਕਰੋੜਾਂ ਦੀ ਗਿਣਤੀ ਵਿਚ ਛਾਪ ਕੇ ਦੇਸ਼-ਵਿਦੇਸ਼ਾਂ ਵਿਚ ਵੰਡਣ ਦੀ ਲੋੜ ਉਤੇ ਜ਼ੋਰ ਦਿੱਤਾ।

ਇਸ ਮੌਕੇ ’ਤੇ ਸਿੰਘ ਸਾਹਿਬ ਗਿ. ਬਲਵੰਤ ਸਿੰਘ ਨੰਦਗੜ੍ਹ ਨੇ ਆਪਣੇ ਵਡੇਰਿਆਂ ਪਾਸੋਂ ਗ਼ਦਰੀ ਬਾਬਿਆਂ ਦੀਆਂ ਸੁਣੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਅਤੇ ਅਜਮੇਰ ਸਿੰਘ ਦੀਆਂ ਗੱਲਾਂ ਦੀ ਪੁਸ਼ਟੀ ਕੀਤੀ ਕਿ ਸਿੱਖ ਸੋਚ ਤੇ ਸਿੱਖ ਜਜ਼ਬੇ ਵਾਲੀਆਂ ਗ਼ਦਰੀਆਂ ਦੀਆਂ ਕਵਿਤਾਵਾਂ ਨੂੰ ਕਿਵੇਂ ਸਾਜ਼ਿਸ਼ਾਂ ਤਹਿਤ ਕੱਟ-ਵੱਢ ਦਿੱਤਾ ਜਾਂਦਾ ਸੀ। ਇਸ ਰਿਲੀਜ਼ ਸਮਾਰੋਹ ਲਈ ਉਚੇਚੇ ਤੌਰ ’ਤੇ ਤਲਵੰਡੀ ਸਾਬੋ ਤੋਂ ਪੁੱਜੇ ਗਿ. ਨੰਦਗੜ੍ਹ ਨੇ ਵੀ ਸ. ਅਜਮੇਰ ਸਿੰਘ ਵੱਲੋਂ ਗ਼ਦਰੀਆਂ ਦੇ ਇਤਿਹਾਸ ਨੂੰ ਇਨਸਾਫ਼ ਦੇਣ ਲਈ ਉਨ੍ਹਾਂ ਦੀ ਭਰਵੀਂ ਪ੍ਰਸੰਸਾ ਕੀਤੀ।

ਇਸ ਮੌਕੇ ’ਤੇ ਨਕਸਲੀ ਤੇ ਖਾੜਕੂ ਲਹਿਰ ਬਾਰੇ ਸਿਧੇ ਅਨੁਭਵ ਰਾਹੀਂ ਜੁੜੇ ਰਹੇ ਸ. ਅਜਮੇਰ ਸਿੰਘ ਨੇ ਇਸ ਪੁਸਤਕ ਦੇ ਮਹੱਤਵ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਅਤੇ ਗ਼ਦਰੀਆਂ ਨਾਲ ਹੋਈਆਂ ਬੇਇਨਸਾਫ਼ੀਆਂ ਦੀ ਚਰਚਾ ਕੀਤੀ। ਉਨ੍ਹਾਂ ਨੇ ਗ਼ਦਰੀਆਂ ਦੀ ਕੁਰਬਾਨੀ ਨੂੰ ਸ਼ਹੀਦ ਭਗਤ ਸਿੰਘ ਤੇ ਹੋਰ ਦੇਸ਼-ਭਗਤਾਂ ਦੀ ਕੁਰਬਾਨੀ ਨਾਲੋਂ ਕਿਤੇ ਉੱਚਾ-ਸੁੱਚਾ ਸਾਬਤ ਕਰਨ ਲਈ ਕਈ ਪ੍ਰਮਾਣ ਵੀ ਦਿੱਤੇ। ਉਘੇ ਪੱਤਰਕਾਰ ਸ. ਕਰਮਜੀਤ ਸਿੰਘ ਨੇ ਪੁਸਤਕ ਬਾਰੇ ਜਾਣ-ਪਛਾਣ ਦਿੰਦਿਆਂ ਸ. ਅਜਮੇਰ ਸਿੰਘ ਵੱਲੋਂ ਨਿਤਾਰੇ ਤੱਥਾਂ ਦੀ ਪੁਸ਼ਟੀ ਕੀਤੀ ਕਿ ਕਿਵੇਂ ਹਿੰਦੂਤਵੀ ਤਾਕਤਾਂ, ਉਦਾਰਪੰਥੀ ਤੇ ਖੱਬੇ ਪੱਖੀ ਗ਼ਦਰ ਲਹਿਰ ਨੂੰ ਸਿੱਖ ਪੰਥ ਨਾਲੋਂ ਨਿਖੇੜ ਤੇ ਤੋੜ ਕੇ ਵੇਖਦੇ ਹਨ, ਅਤੇ ਇਸ ਨੂੰ ਸਿੱਖ ਪੰਥ ਦੇ ਵਿਰੋਧ ਵਿਚ ਭੁਗਤਾਂਦੇ ਹਨ।

ਸ. ਕਰਮਜੀਤ ਸਿੰਘ ਨੇ ਸਿੰਘ ਸਾਹਿਬ ਨੂੰ ਮੁਖ਼ਾਤਬ ਹੁੰਦਿਆਂ ਯਾਦ ਕਰਵਾਇਆ ਕਿ ਜਿਸ ਮਹਾਨ ਤਖ਼ਤ ਦੀ ਸੇਵਾ ਅੱਜ ਆਪ ਜੀ ਕਰ ਰਹੇ ਹੋ, ਇਸੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਸੇਵਾ ਗ਼ਦਰ ਲਹਿਰ ਦੀ ਰੂਹੇ-ਰਵਾਂ ਬਾਬਾ ਵਿਸਾਖਾ ਸਿੰਘ ਜੀ ਵੱਲੋਂ ਵੀ ਨਿਭਾਈ ਗਈ ਸੀ ਤੇ ਉਨ੍ਹਾਂ ਨੂੰ ਸਮੁੱਚੇ ਪੰਥ ਵੱਲੋਂ ਜਥੇਦਾਰ ਦੀ ਸੇਵਾ ਸੌਂਪੀ ਗਈ ਸੀ। ਉਨ੍ਹਾਂ ਨੇ ਗ਼ਦਰੀਆਂ ਦੇ ਸਿੱਖ ਸੋਚ ਨਾਲ ਪ੍ਰਣਾਏ ਹੋਣ ਬਾਰੇ ਕਈ ਪ੍ਰਮਾਣ ਦਿੱਤੇ ਅਤੇ ਭਾਈ ਸਾਹਿਬ ਰਣਧੀਰ ਸਿੰਘ ਦੀ ਸੇਵਾ ਨੂੰ ਉਚੇਚੇ ਤੌਰ ’ਤੇ ਚਿਤਾਰਿਆ। ਇਸ ਮੌਕੇ ’ਤੇ ਗ਼ਦਰ ਲਹਿਰ ਬਾਰੇ ਅਹਿਮ ਪੁਸਤਕਾਂ ਦੇ ਰਚੈਤਾ ਰਾਜਵਿੰਦਰ ਸਿੰਘ ਰਾਹੀ ਨੇ ਅਜਮੇਰ ਸਿੰਘ ਦੀ ਪੁਸਤਕ ਦੇ ਅਹਿਮ ਪੱਖਾਂ ਬਾਰੇ ਵਿਸਥਾਰ ਸਹਿਤ ਦੱਸਦਿਆਂ ਗ਼ਦਰ ਲਹਿਰ ਦੇ ਪ੍ਰੇਰਨਾ ਸਰੋਤ ਵਿਚ ਗੁਰਦੁਆਰੇ ਤੇ ਗੁਰੂ ਗ੍ਰੰਥ ਸਾਹਿਬ ਦੇ ਕੇਂਦਰੀ ਸਥਾਨ ’ਤੇ ਹੋਣ ਬਾਰੇ ਇਤਿਹਾਸਕ ਹਵਾਲੇ ਦਿੱਤੇ ਅਤੇ ਗ਼ਦਰ ਲਹਿਰ ਦੇ ਇਤਿਹਾਸ ਨਾਲ ਹੋਏ ਅਨਿਆਂ ਬਾਰੇ ਭਰਪੂਰ ਚਾਨਣਾ ਪਾਇਆ।

ਇਸ ਮੌਕੇ ’ਤੇ ਅਕਾਲ ਪੁਰਖ ਕੀ ਫ਼ੌਜ ਦੇ ਕਨਵੀਨਰ ਸ. ਜਸਵਿੰਦਰ ਸਿੰਘ ਐਡਵੋਕੇਟ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਸ. ਅਜਮੇਰ ਸਿੰਘ ਦੇ ਕੰਮ ਦੀ ਪ੍ਰਸੰਸਾ ਕੀਤੀ।ਪ੍ਰੋਗਰਾਮ ਦੇ ਅੰਤ ਵਿਚ ਸ. ਹਰਮਿੰਦਰ ਸਿੰਘ ਫ਼ਰੀਡਮ ਨੇ ਸਕੂਲ ਵਿਚ ਇਸ ਇਤਿਹਾਸਕ ਪ੍ਰੋਗਰਾਮ ਹੋਣ ’ਤੇ ਪ੍ਰਸੰਨਤਾ ਜ਼ਾਹਿਰ ਕੀਤੀ ਅਤੇ ਸਭ ਦਾ ਧੰਨਵਾਦ ਕੀਤਾ।

ਅਕਾਲ ਪੁਰਖ ਕੀ ਫ਼ੌਜ ਅਤੇ ਪੁਸਤਕ ਦੇ ਪ੍ਰਕਾਸ਼ਕ ਸਿੰਘ ਬ੍ਰਦਰਜ਼ ਵੱਲੋਂ ਕਰਵਾਏ ਗਏ ਇਸ ਸਮਾਗਮ ਵਿਚ ਸ. ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਸ. ਬਲਵਿੰਦਰ ਸਿੰਘ ਜੌੜਾ ਸਿੰਘਾ, ਐਡੀਸ਼ਨਲ ਸਕੱਤਰ ਸ਼੍ਰੋਮਣੀ ਕਮੇਟੀ, ਭਾਈ ਮੋਹਕਮ ਸਿੰਘ, ਬੀਬੀ ਪਰਮਜੀਤ ਕੌਰ ਖਾਲੜਾ ਅਤੇ ਹੋਰ ਅਨੇਕਾਂ ਸਖਸ਼ੀਅਤਾਂ ਨੇ ਹਾਜ਼ਰੀ ਲਵਾਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: