Site icon Sikh Siyasat News

ਪੰਥਕ ਸੰਮੇਲਨ ਕੌਮੀ ਅਜ਼ਾਦੀ ਦੀ ਤਹਿਰੀਕ ਨੂੰ ਹੁਲਾਰਾ ਦੇਣ ਲਈ ਕੀਤੇ ਜਾਣ: ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸਨਜ਼ (ਯੂ.ਕੇ)

ਖਾਲਿਸਤਾਨ ਦੇ ਐਲਾਨ ਲਈ 29 ਮਾਰਚ 1986 ਨੂੰ ਸ਼੍ਰੀ ਅਕਾਲ ਤਖਤ 'ਤੇ ਹੋਏ ਸਰਬੱਤ ਖਾਲਸਾ ਦਾ ਦ੍ਰਿਸ਼

ਬ੍ਰਮਿੰਘਮ, ਯੂ. ਕੇ. (ਜੁਲਾਈ 27, 2014): ਸਿੱਖ ਕੌਮ ਦੀ ਅਜਾਦੀ ਲਈ ਕਾਰਜਸ਼ੀਲ ਸਮ੍ਹੂਹ ਪੰਥਕ ਜਥੇਬੰਦੀਆਂ ਦੀ ਸਾਂਝੀ ਤਾਲਮੇਲ ਕਮੇਟੀ ਫੈਡਰੇਸ਼ਨ ਅਫ ਸਿੱਖ ਆਰਗੇਨਾਈਜੇਸਨਜ਼ ਯੂ. ਕੇ. ਦੀ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਪੈਦਾ ਹੋਏ ਵਿਵਾਦ ਅਤੇ ਖਿੱਚੋਤਾਣ ਤੇ ਵਿਚਾਰ ਕਰਨ ਲਈ ਵਿਸ਼ੇਸ਼ ਇੱਕਤਰਤਾ ਗੁਰੂ ਨਾਨਕ ਗੁਰਦਵਾਰਾ ਸਮੈਦਿਕ ਵਿਖੇ 26 ਜੁਲਾਈ ਨੂੰ ਹੋਈ, ਜਿਸ ਦੀ ਅਰੰਭਤਾ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਵਾਪਰੀ ਦੁੱਖਦਾਇਕ ਘਟਨਾ ਦੀ ਸਖਤ ਨਿਖੇਧੀ ਕਰਦਿਆਂ ਮਾਰੇ ਗਏ ਸਿੱਖਾਂ ਨੂੰ ਸ਼ਰਧਾਂਜ਼ਲੀ ਅਰਪਤ ਕਰਦਿਆਂ ਜ਼ਖਮੀ ਹੋਏ ਸਿੰਘਾਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਗਈ।

ਮੀਟਿੰਗ ਦੀ ਵਿੱਚ ਲਏ ਗਏ ਫੈਂਸਲੇ ਜਾਰੀ ਕਰਦਿਆਂ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨ ਯੂ,ਕੇ ਦੇ ਕੋਆਰਡੀਨੇਟਰ ਭਾਈ ਜੋਗਾ ਸਿੰਘ ,ਭਾਈ ਕੁਲਦੀਪ ਸਿੰਘ ਚਹੇੜੂ, ਮੀਡੀਆ ਕਮੇਟੀ ਮੈਂਬਰ ਭਾਈ ਕੁਲਵੰਤ ਸਿੰਘ ਢੇਸੀ ਅਤੇ ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਸਟੇਟਮੈਂਟ ਵਿੱਚ ਆਖਿਆ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਅੰਮ੍ਰਿਤਸਰ ਅਤੇ ਹਰਿਆਣਾ ਵਿੱਚ ਹੋਣ ਵਾਲੇ ਸੰਮੇਲਨਾਂ ਤੇ ਲਗਾਈ ਪਬੰਦੀ ਬਾਰੇ ਜੋ ਨਿਰਣਾ ਲਿਆ ਗਿਆ, ਜਥੇਦਾਰਾਂ ਦੇ ਇਸ ਕਦਮ ਨਾਲ ਹੋਣ ਵਾਲੀ ਇੱਕ ਹੋਰ ਗਲਤੀ ਤੋਂ ਬਚਾਅ ਹੋ ਗਿਆ । ਅੱਜ ਸਮੁੱਚੀ ਸਿੱਖ ਕੌਮ ਮਹਿਸੂਸ ਕਰ ਰਹੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਅਤੇ ਬਾਕੀ ਚਾਰ ਤਖਤਾਂ ਦੇ ਜਥੇਦਾਰਾਂ ਦੀ ਚੋਣ ਨਿਰਪੱਖ ਤਰੀਕੇ ਨਾਲ ਕਰਵਾਉਣਾਂ ਬੇਹੱਦ ਜਰੂਰੀ ਹੈ, ਤਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਅਤੇ ਮਹਾਨਤਾ ਬਰਕਰਾਰ ਰਹਿ ਸਕਦੀ ਹੈ ਅਤੇ ਇਸ ਮਹਾਨ ਅਸਥਾਨ ਤੋਂ ਨਿਰਪੱਖ ਅਤੇ ਕੌਮੀ ਮਸਲਿਆਂ ਦੇ ਠੋਸ ਹੱਲ ਲਈ ਸੰਘਰਸ਼ ਵਿੱਢਿਆ ਜਾ ਸਕਦਾ ਹੈ।

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭਾਈ ਗੁਰਬਖਸ਼ ਸਿੰਘ ਖਾਲਸਾ ਨਾਲ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਅਤੇ ਸ਼ਹੀਦ ਭਾਈ ਜਸਪਾਲ ਸਿੰਘ ਗੁਰਦਾਸਪੁਰ ਦੇ ਪਰਿਵਾਰ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਜਰੂਰਤ ਹੈ ।ਪੰਥਕ ਸੰਮੇਲਨ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ,ਸਿੱਖ ਕੌਮ ਦੀ ਚੜਦੀ ਕਲਾ ,ਕੌਮੀ ਪਸਾਰ ਅਤੇ ਕੌਮੀ ਪ੍ਰਫੁੱਲਤਾ, ਸਿੱਖ ਕੌਮ ਦੀ ਅਜ਼ਾਦ ਹੋਂਦ ਅਤੇ ਅੱਡਰੀ ਪਛਾਣ ਨੂੰ ਬਰਕਰਾਰ ਰੱਖਣ ਲਈ ਅਤੇ ਕੌਮੀ ਅਜ਼ਾਦੀ ਲਈ ਚੱਲ ਰਹੇ ਸੰਘਰਸ਼ ਨੂੰ ਹੁਲਾਰਾ ਦੇਣ ਲਈ ਬੁਲਾਏ ਜਾਣ ਨਾ ਕਿ ਆਪਣੀਆਂ ਵੋਟਾਂ ਪੱਕੀਆਂ ਕਰਨ ਜਾਂ ਆਪਣੇ ਸਿਆਸੀ ਅਤੇ ਸਿਧਾਂਤਕ ਵਿਰੋਧੀਆਂ ਨੂੰ ਨੀਵਾਂ ਦਿਖਾਉਣ ਦੀ ਭਾਵਨਾ ਤਹਿਤ ਸੱਦ ਕੇ ਆਪਣੀ ਹਉਮੈ ਦਾ ਪ੍ਰਗਟਾਵਾ ਕੀਤਾ ਜਾਵੇ।

ਹਰਿਆਣਾ ਕਮੇਟੀ ਦੇ ਹੋਂਦ ਵਿੱਚ ਆਉਣ ਲਈ ਸ਼੍ਰੋਮਣੀ ਕਮੇਟੀ ਜਿੰਮੇਵਾਰ ਹੈ ਜਿਸਦੀਆਂ ਗਲਤੀਆਂ ਕਾਰਨ ਹੀ ਅਜਿਹਾ ਹੋਇਆ ਹੈ। ਪਿਛਲੇ ਦਿਨੀਂ ਜਦੋਂ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਸ੍ਰੀ ਦਰਬਾਰ ਸਾਹਿਬ ਗਏ ਤਾਂ ਉਹਨਾਂ ਦੇ ਸਵਾਗਤ ਵਿੱਚ ਉਥੇ ਮੌਜੂਦ ਸਿੰਘਾਂ ਵਲੋਂ ਉੱਠ ਕੇ ਖੜਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਰੀ ਨਿਰਾਦਰ ਹੈ। ਅਜਿਹਾ ਕਰਨ ਵਾਲੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁਲਾਜਮ ਹਨ ਇਸ ਕਰਕੇ ਇਸ ਘਟਨਾ ਦੀ ਜਿੰਮੇਵਾਰ ਵੀ ਇਹਨਾਂ ਵਿਆਕਤੀਆਂ ਸਮੇਤ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੈ।

ਮੀਟਿੰਗ ਵਿੱਚ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਵਿੱਚ ਸ਼ਾਮਲ ਸਿੱਖ ਜਥੇਬੰਦੀਆਂ ਸਿੱਖ ਫੈਡਰੇਸ਼ਨ ਯੂ,ਕੇ ਭਾਈ ਅਮਰੀਕ ਸਿੰਘ ਗਿੱਲ, ਅਖੰਡ ਕੀਰਤਨੀ ਜਥਾ ਯੂ,ਕੇ ਭਾਈ ਬਲਬੀਰ ਸਿੰਘ ਜਥੇਦਾਰ, ਖਾਲਿਸਤਾਨ ਜਲਾਵਤਨ ਸਰਕਾਰ ਭਾਈ ਗੁਰਮੇਜ ਸਿੰਘ ਗਿੱਲ, ਯੂਨਾਈਟਿਡ ਖਾਲਸਾ ਦਲ ਯੂ.ਕੇ. ਭਾਈ ਨਿਰਮਲ ਸਿੰਘ ਸੰਧੂ, ਬ੍ਰਿਟਿਸ਼ ਸਿੱਖ ਕੌਂਸਲ ਭਾਈ ਕੁਲਵੰਤ ਸਿੰਘ ਢੇਸੀ, ਧਰਮ ਯੁੱਧ ਜਥਾ ਦਮਦਮੀ ਟਕਸਾਲ ਭਾਈ ਚਰਨ ਸਿੰਘ, ਸ਼੍ਰੋਮਣੀ ਅਕਾਲੀ ਦਲ ਯੂ.ਕੇ. ਭਾਈ ਗੁਰਦੇਵ ਸਿੰਘ ਚੌਹਾਨ, ਦਲ ਖਾਲਸਾ ਯੂ,ਕੇ ਭਾਈ ਮਨਮੋਹਣ ਸਿੰਘ ਖਾਲਸ, ਇੰਟਰਨੈਸ਼ਨਲ ਪੰਥਕ ਦਲ ਭਾਈ ਰਘਵੀਰ ਸਿੰਘ, ਇੰਟਰਨੈਸ਼ਨਲ ਖਾਲਸਾ ਆਰਗੇਨਾਈਜ਼ੇਸਂਨ ਭਾਈ ਸੁਖਵਿੰਦਰ ਸਿੰਘ ਅਤੇ ਦਲ ਖਾਲਸਾ ਭਾਈ ਮਹਿੰਦਰ ਸਿੰਘ ਰਠੌਰ ਵਲੋਂ ਸ਼ਮੂਲੀਅਤ ਕੀਤੀ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version