ਅੰਮ੍ਰਿਤਸਰ: ਦੇਸ਼-ਧ੍ਰੋਹ ਦੇ ਕੇਸ ਦੀ ਵਿਰੋਧੀ ਰਾਜਨੀਤਕ ਵਿਚਾਰਾਂ ਨੂੰ ਦਬਾਉਣ ਲਈ ਕੀਤੀ ਜਾਂਦੀ ਗਲਤ ਵਰਤੋਂ ਨੂੰ ਅਸਿੱਧੇ ਢੰਗ ਨਾਲ ਪ੍ਰਵਾਨ ਕਰਦਿਆਂ ਪੰਜਾਬ ਸਰਕਾਰ ਅਤੇ ਅੰਮ੍ਰਿਤਸਰ ਪੁਲਿਸ ਨੇ ਚੱਬਾ ਪਿੰਡ ਵਿਖੇ 10 ਨਵੰਬਰ 2015 ਨੂੰ ਹੋਏ ‘ਸਰਬੱਤ ਖਾਲਸਾ 2015’ ਨਾਮੀਂ ਪੰਥਕ ਇਕੱਠ ਦੇ ਪ੍ਰਬੰਧਕਾਂ ਖਿਲਾਫ ਦਰਜ ਕੀਤੀ ਗਈ ਐਫ.ਆਈ.ਆਰ ਰੱਦ ਕਰ ਦਿੱਤੀ ਹੈ।
ਚਾਟੀਵਿੰਡ ਪੁਲਿਸ ਨੇ ਭਾਰਤੀ ਪੈਨਲ ਕੋਡ ਦੀ ਧਾਰਾ 124-ਏ (ਦੇਸ਼-ਧ੍ਰੋਹ), 153-ਏ, 153-ਬੀ, 115, 117, 120-ਬੀ ਅਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ 1967 ਦੀ ਧਾਰਾ 13 (1) ਅਤੇ ਇਨਫੋਰਮੇਸ਼ਨ ਟੈਕਨੋਲੋਜੀ ਕਾਨੂੰਨ ਦੀ ਧਾਰਾ 66-ਐਫ ਅਧੀਨ 20 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ।
ਇਸ ਐਫ.ਆਈ.ਆਰ ਵਿਚ ਸਿਮਰਨਜੀਤ ਸਿੰਘ ਮਾਨ, ਧਿਆਨ ਸਿੰਘ ਮੰਡ, ਜਸਕਰਨ ਸਿੰਘ ਕਾਹਨਸਿੰਘਵਾਲਾ, ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਸਤਨਾਮ ਸਿੰਘ ਮਨਾਵਾਂ, ਵੱਸਣ ਸਿੰਘ ਜ਼ਫਰਵਾਲ, ਗੁਰਜਿੰਦਰ ਸਿੰਘ, ਬਲਜੀਤ ਸਿੰਘ ਦਾਦੂਵਾਲ, ਅਮਰੀਕ ਸਿੰਘ ਅਜਨਾਲਾ, ਸੁਰਿੰਦਰ ਸਿੰਘ ਠੀਕਰੀਵਾਲ, ਜੋਗਾ ਸਿੰਘ ਮੋਹੱਲਕੇ, ਪਪਲਪ੍ਰੀਤ ਸਿੰਘ ਮਰੜੀ, ਰੇਸ਼ਮ ਸਿੰਘ (ਯੂ.ਐਸ.ਏ), ਸੁਰਜੀਤ ਸਿੰਘ (ਯੂ.ਐਸ.ਏ), ਪਰਮਜੀਤ ਸਿੰਘ (ਯੂ.ਕੇ), ਗੁਰਭੇਜ ਸਿੰਘ (ਯੂ.ਐਸ.ਏ), ਹਰਿੰਦਰ ਸਿੰਘ (ਯੂ.ਐਸ.ਏ), ਬਲਜਿੰਦਰ ਸਿੰਘ (ਇਟਲੀ) ਅਤੇ ਵਧਾਵਾ ਸਿੰਘ ਬੱਬਰ ਦੇ ਨਾਮ ਸ਼ਾਮਿਲ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਐਫ.ਆਈ.ਆਰ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਬੀਤੀ ਸ਼੍ਰੋਮਣੀ ਅਕਾਲੀ ਦਲ (ਬਾਦਲ)-ਭਾਜਪਾ ਸਰਕਾਰ ਵਲੋਂ ਰਾਜਨੀਤਕ ਕਾਰਨਾਂ ਕਰਕੇ ਦਰਜ ਕੀਤੇ ਕੇਸਾਂ ਦੀ ਜਾਂਚ ਲਈ ਬਣਾਏ ਗਏ ਕਮਿਸ਼ਨ ਦੀਆਂ ਹਦਾਇਤਾਂ ‘ਤੇ ਰੱਦ ਕੀਤਾ ਗਿਆ ਹੈ।
ਖ਼ਬਰਾਂ ਅਨੁਸਾਰ ਇਸ ਗੱਲ ਦੀ ਪੁਸ਼ਟੀ ਕਰਦਿਆਂ ਐਸ.ਐਸ.ਪੀ ਪਰਮਪਾਲ ਸਿੰਘ ਨੇ ਕਿਹਾ ਕਿ ਮਹਿਤਾਬ ਸਿੰਘ ਗਿੱਲ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਅਧਾਰ ‘ਤੇ ਇਹ ਐਫ.ਆਈ.ਆਰ ਰੱਦ ਕੀਤੀ ਗਈ ਹੈ। ਉਹਨਾਂ ਕਿਹਾ ਕਿ ਐਫ.ਆਈ.ਆਰ ਰੱਦ ਕਰਨ ਦੀ ਰਿਪੋਰਟ ਕਮਿਸ਼ਨ ਨੂੰ ਭੇਜ ਦਿੱਤੀ ਗਈ ਹੈ।