Site icon Sikh Siyasat News

ਸ਼ਹੀਦੀ ਸਭਾ ਮੌਕੇ ਪੰਚ ਪ੍ਰਧਾਨੀ ਵੱਲੋਂ ਧਾਰਮਿਕ ਦੀਵਾਨ ਸਜਾਏ ਗਏ।

ਫਤਹਿਗੜ੍ਹ ਸਾਹਿਬ (24 ਦਸੰਬਰ, 2009): ਸਿੱਖ ਪੰਥ ਦੇ ਮਹਾਨ ਸ਼ਹੀਦਾਂ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਇੱਥੇ ਸ਼ੁਰੂ ਹੋਏ ਸਲਾਨਾ ਸ਼ਹੀਦੀ ਜੋੜ-ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ ਰਾਤ ਦੇ ਧਾਰਮਿਕ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਬਾਬਾ ਬਲਜੀਤ ਸਿੰਘ ਦਾਦੂਵਾਲ, ਬਾਬਾ ਅਵਤਾਰ ਸਿੰਘ ਸਾਧਾਂਵਾਲੇ, ਬਾਬਾ ਧਰਮਵੀਰ ਸਿੰਘ ਨੇ ਸੰਗਤਾਂ ਨੂੰ ਗੁਰਜਸ ਨਾਲ ਨਿਹਾਲ ਕੀਤਾ। ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਜਿੱਥੇ ਸੰਗਤਾਂ ਨੂੰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਤੋਂ ਪ੍ਰੇਰਣਾ ਲੈਣ ਅਤੇ ਗੁਰ-ਸ਼ਬਦ ਨਾਲ ਜੁੜਨ ਦਾ ਸੁਨੇਹਾ ਦਿੱਤਾ ਓਥੇ ਦੇਹਧਾਰੀ ਗੁਰੂਡੰਮ ਵਿਰੁੱਧ ਚੱਲ ਰਹੇ ਸੰਗਰਸ਼ ਵਿੱਚ ਵੀ ਆਪਣੀ ਸਮਰੱਥਾਂ ਮੁਤਾਬਿਕ ਯੋਗਦਾਨ ਪਾਉਣ ਲਈ ਬੇਨਤੀ ਕੀਤੀ ਹੈ।

ਇਸ ਮੌਕੇ ਪੰਚ ਪ੍ਰਧਾਨੀ ਦੇ ਸੀਨੀਅਰ ਆਗੂਆਂ ਭਾਈ ਹਰਪਾਲ ਸਿੰਘ ਚੀਮਾ ਅਤੇ ਭਾਈ ਕੁਲਬੀਰ ਸਿੰਘ ਬੜਾਪਿੰਡ ਨੇ ਜਾਣਕਾਰੀ ਦਿੱਤੀ ਕਿ ਪੰਚ ਪ੍ਰਧਾਨੀ ਅਤੇ ਖਾਲਸਾ ਐਕਸ਼ਨ ਕਮੇਟੀ ਵੱਲੋਂ ਸਾਂਝੀ ਕਾਨਫਰੰਸ 25 ਦਸੰਬਰ ਨੂੰ ਗੁਰਦੁਆਰਾ ਫਤਹਿਗੜ੍ਹ ਸਾਹਿਬ ਕੋਲ ਫਾਟਕਾਂ ਨੇੜੇ ਹੋ ਰਹੀ ਹੈ ਜਿਸ ਤਹਿਤ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂ ਪੰਚ ਪ੍ਰਧਾਨੀ ਦੇ ਮੰਚ ਤੋਂ ਸਿੱਖ ਸੰਗਤਾਂ ਨੂੰ ਸੰਬੋਧਨ ਹੋਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ. ਬਲਦੇਵ ਸਿੰਘ ਸਿਰਸਾ, ਪੰਚ ਪ੍ਰਧਾਨੀ ਦੇ ਭਾਈ ਅਮਰੀਕ ਸਿੰਘ ਈਸੜੂ, ਯੂਥ ਦਲ (ਪੰਚ ਪ੍ਰਧਾਨੀ) ਦੇ ਗੁਰਬਿੰਦਰ ਸਿੰਘ ਈਸੜੂ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਗਾਜ਼ੀ ਅਤੇ ਮੀਤ ਪ੍ਰਧਾਨ ਮੱਖਣ ਸਿੰਘ ਗੰਢੂਆਂ ਵੀ ਮੰਚ ਉੱਤੇ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version