ਮਾਨਸਾ (26 ਨਵੰਬਰ, 2015): ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਪਿਛਲੇ ਦਿਨਾਂ ਦੌਰਾਨਪੰਜਾਬ ਦੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਲੱਠਮਾਰ ਗੁੰਡਿਆਂ ਵੱਲੋਂ ਬਜ਼ੁਰਗ ਜਰਨੈਲ ਸਿੰਘ ਦੀ ਬੇਤਹਾਸ਼ਾ ਕੁੱਟਮਾਰ ਕਰਨ ਖਿਲਾਫ ਕੈਬਨਿਟ ਮੰਤਰੀ ਸਮੇਤ ਹੋਰਨਾਂ ਜਿੰਮੇਵਾਰ ਨੌਜਵਾਨਾਂ ਖਿਲਾਫ ਇਰਾਦਾ ਕਤਲ 307 ਦਾ ਕੇਸ ਦਰਜ ਕੀਤਾ ਜਾਵੇ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਮੰਗ ਕੀਤੀ ਗਈ ਕਿ ਬਠਿੰਡਾ ਜ਼ਿਲਾ ਦੇ ਪਿੰਡ ਹਮੀਰਗੜ•, ਕੋਠਾ ਗੁਰੂ, ਖੋਖਰ ਅਤੇ ਗੁਰਦਾਸਪੁਰ ਸਮੇਤ ਥਾਂ-ਥਾਂ ਵਾਪਰੀਆਂ ਸਾਰੀਆਂ ਲੱਠਮਾਰ ਕਾਰਵਾਈਆਂ ਦੀ ਅਦਾਲਤੀ ਜਾਂਚ ਹਾਈਕੋਰਟ ਦੇ ਜੱਜ ਤੋਂ ਕਰਵਾਈ ਜਾਵੇ ਅਤੇ ਮੁਕੱਦਮੇ ਦਰਜ ਕਰਕੇ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
ਜਥੇਬੰਦੀਆਂ ਦਾ ਦੋਸ਼ ਹੈ ਕਿ ਪਿੰਡ ਹਮੀਰਗੜ੍ਹ (ਬਠਿੰਡਾ) ਵਿੱਚ ਪੇਂਡੂ ਪੰਚਾਇਤ ਅਤੇ ਵਿਕਾਸ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਰੈਲੀ ਦੌਰਾਨ ਉਸ ਦੇ 50 ਤੋਂ ਵੱਧ ਨਿੱਜੀ ਲੱਠਮਾਰ ਕਾਰਕੁਨਾਂ ਵਲੋਂ ਪਿੰਡ ਦੇ ਕਿਸਾਨ ਜਰਨੈਲ ਸਿੰਘ ਦੀ ਬੇਤਹਾਸ਼ਾ ਕੁੱਟਮਾਰ ਕਰਕੇ ਉਸ ਨੂੰ ਅਧਮੋਇਆ ਅਤੇ ਬੇਹੋਸ਼ ਕਰਨ ਦੇ ਦੋਸ਼ੀ, ਮੰਤਰੀ ਸਣੇ ਸਾਰੇ ਲੱਠਮਾਰਾਂ ਵਿਰੁੱਧ ਇਰਾਦਾ ਕਤਲ 307 ਦਾ ਕੇਸ ਦਰਜ ਕਰਨ ਲਈ ਪੀੜਤ ਕਿਸਾਨ ਵਲੋਂ ਐਸ.ਐਸ.ਪੀ ਬਠਿੰਡਾ ਨੂੰ ਭੇਜੀ ਗਈ ਅਰਜ਼ੀ ਮੁਤਾਬਕ ਤੁਰੰਤ ਕੇਸ ਦਰਜ ਕਰਕੇ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ।
ਜਥੇਬੰਦੀਆਂ ਦੇ ਜਨਰਲ ਸਕੱਤਰ ਕ੍ਰਮਵਾਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਲਛਮਣ ਸਿੰਘ ਸੇਵੇਵਾਲਾ ਵੱਲੋਂ ਦੋਸ਼ ਲਾਇਆ ਗਿਆ ਕਿ ਹਕੂਮਤੀ ਦਹਿਸ਼ਤਗਰਦੀ ਦੇ ਹੱਥੇ ਵਜੋਂ ਪੁਲੀਸ ਨਾਲੋਂ ਵੀ ਜ਼ਿਆਦਾ ਨਿੱਜੀ ਲੱਠਮਾਰ ਗਰੋਹਾਂ ਦੀ ਗ਼ੈਰਕਾਨੂੰਨੀ ਵਰਤੋਂ ਖਾਸ ਕਰਕੇ ਕਿਸਾਨਾਂ-ਮਜ਼ਦੂਰਾਂ ਤੇ ਹੋਰ ਕਿਰਤੀ ਵਰਗਾਂ ਵਲੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਕੀਤੇ ਜਾ ਰਹੇ ਸ਼ਾਂਤਮਈ ਜਮਹੂਰੀ ਸੰਘਰਸ਼ਾਂ ਨੂੰ ਕੁਚਲਣ ਲਈ ਕੀਤੀ ਜਾਣ ਲੱਗ ਪਈ ਹੈ।
ਉਨ੍ਹਾਂ ਕਿਹਾ ਕਿ ਸੰਘਰਸ਼ਸ਼ੀਲ ਕਿਸਾਨ-ਮਜ਼ਦੂਰ ਜਥੇਬੰਦੀਆਂ ਉਪਰ ਨਕਸਲਵਾਦੀ ਹੋਣ ਦੇ ਦੋਸ਼ ਵੀ ਅਜਿਹੇ ਤਾਨਾਸ਼ਾਹ ਕਾਰਿਆਂ ਨੂੰ ਜਾਇਜ਼ ਠਹਿਰਾਉਣ ਲਈ ਹੀ ਨਾਜਾਇਜ਼ ਤੌਰ ’ਤੇ ਲਾਏ ਜਾ ਰਹੇ ਹਨ। ਉੁਨ੍ਹਾਂ ਕਿਹਾ ਕਿ ਬੀਤੇ ਸਾਲ ਮੁਜ਼ਾਹਰਾਕਾਰੀ ਕੁੜੀਆਂ ਦੀਆਂ ਗੁੱਤਾਂ ਪੁੱਟਣ ਅਤੇ ਥੱਪੜ ਮਾਰਨ ਤੋਂ ਲੈ ਕੇ ਇਨੀਂ ਦਿਨੀਂ ਖੋਖਰ, ਕੋਠਾ ਗੁਰੂ, ਹਮੀਰਗੜ੍ਹ ਅਤੇ ਗੁਰਦਾਸਪੁਰ ਵਿਚ ਅਜਿਹੀ ਹਕੂਮਤੀ/ਸਿਆਸੀ ਦਹਿਸ਼ਤਗਰਦੀ ਦਾ ਨੰਗਾ ਨਾਚ ਕਈ ਥਾਈਂ ਕੀਤਾ ਜਾ ਚੁੱਕਾ ਹੈ।
ਆਗੂਆਂ ਨੇ ਕਿਹਾ ਕਿ ਪੂਰੇ ਸਰਕਾਰੀਤੰਤਰ ਦੀ ਦੁਰਵਰਤੋਂ ਰਾਹੀਂ ਅਤੇ ਪੈਸੇ ਦੇ ਜ਼ੋਰ ਨਾਲ ਕੀਤੀ ਗਈ ਬਠਿੰਡਾ ਰੈਲੀ ਸਮੇਂ ਵੀ ਭਾਰੀ ਨਫ਼ਰੀ ਵਰਦੀਧਾਰੀ ਤੇ ਸਿਵਲ ਪੁਲੀਸ ਤੋਂ ਇਲਾਵਾ ਅਜਿਹੇ ਗੈ਼ਰਕਾਨੂੰਨੀ ਲੱਠਮਾਰ ਬ੍ਰਿਗੇਡ ਸ਼ਰੇਆਮ ਤਾਇਨਾਤ ਕੀਤੇ ਗਏ ਸਨ।