Site icon Sikh Siyasat News

ਪੰਥਕ ਸੋਚ ਵਾਲਿਆਂ ਨੂੰ ਚੋਣ ਨਤੀਜਿਆਂ ਦਾ ਸੁਨੇਹਾ…

– ਜਸਪਾਲ ਸਿੰਘ ਹੇਰਾਂ

ਪੰਜਾਬ ‘ਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਥਕ ਸਿਆਸਤ ਦੇ ਵਿਹੜੇ ਆਏ ਖਲਾਅ ਬਾਰੇ, ਅਤੇ ਕੀ ਪੰਜਾਬ ਦੀ ਸਿਆਸਤ, ਸਿੱਖ ਮੁੱਦਿਆਂ ਨੂੰ ਮਨਫ਼ੀ ਕਰਕੇ ਹੋ ਸਕਦੀ ਹੈ? ਕੀ ਮੀਰੀ-ਪੀਰੀ ਦੇ ਸਿਧਾਂਤ ਦੇ ਕੌਮ ਲਈ ਹੁਣ ਕੋਈ ਅਰਥ ਨਹੀਂ ਰਹਿ ਗਏ? ਇਸ ਬਾਰੇ ਗੰਭੀਰਤਾ ਨਾਲ ਵਿਚਾਰਨ ਅਤੇ ਪੰਥਕ ਸਿਆਸਤ ਪੰਜਾਬ ‘ਚੋਂ ਹਾਸ਼ੀਏ ਤੇ ਕਿਉਂ ਚਲੀ ਗਈ ਹੈ? ਬਾਰੇ ਲੇਖਾ-ਜੋਖਾ ਕਰਨਾ ਅੱਜ ਦੀ ਤਾਰੀਖ਼ ‘ਚ ਸਭ ਤੋਂ ਵੱਧ ਜ਼ਰੂਰੀ ਅਤੇ ਕੌਮ ਦੇ ਭਵਿੱਖ ਨੂੰ ਲੈ ਕੇ ਅਹਿਮ ਹੈ।

ਬਾਦਲ ਦਲ ਬਾਰੇ ਅਸੀਂ ਹੀ ਨਹੀਂ ਹਰ ਜਾਗਰੂਕ ਸਿੱਖ ਭਲੀ-ਭਾਂਤ ਜਾਣਦਾ ਹੈ ਕਿ ਉਹ ਹੁਣ ਸਿੱਖਾਂ ਦੀ ਪ੍ਰਤੀਨਿਧ ਜਮਾਤ ਨਹੀਂ ਸਗੋਂ ਭਗਵਾਂ ਬ੍ਰਿਗੇਡ ਦਾ ਗੁਲਾਮ ਦਸਤਾ ਹੈ। ਹੁਣ ਜਦੋਂ ਭਗਵਾਂ ਬ੍ਰਿਗੇਡ ਬੇਹੱਦ ਸ਼ਕਤੀਸ਼ਾਲੀ ਹੋ ਕੇ ਦਿੱਲੀ ਦੇ ਤਖ਼ਤ ਤੇ ਬੈਠ ਗਈ ਹੈ ਤਾਂ ਬਾਦਲਕਿਆਂ ਤੇ ਉਸ ਦਾ ਭਗਵਾਂ ਸ਼ਿਕੰਜਾ ਹੋਰ ਕੱਸਿਆ ਜਾਵੇਗਾ, ਪੰਜਾਬ ਦੀ ਰਾਜਨੀਤੀ ‘ਚ ਭਗਵਾਂ ਬ੍ਰਿਗੇਡ ਦਾ ਦਖ਼ਲ ਤੇ ਪ੍ਰਭਾਵ ਹੁਣ ਸਿਖ਼ਰਾਂ ਤੇ ਪੁੱਜ ਜਾਵੇਗਾ ਅਤੇ ਬਾਦਲਕਿਆਂ ਨੂੰ ਸਾਹ ਵੀ ਦਿੱਲੀ ਤੋਂ ਆਪਣੇ ਭਗਵਾਂ ਆਕਿਆਂ ਨੂੰ ਪੁੱਛ ਕੇ ਲੈਣਾ ਪਵੇਗਾ।

ਦੂਸਰਾ ਅੱਜ ਜਦੋਂ ਘੱਟ-ਗਿਣਤੀਆਂ ਦੀ ਦੁਸ਼ਮਣ ਇਸ ਭਗਵਾਂ ਬ੍ਰਿਗੇਡ ਦਾ ਦਿੱਲੀ ਦੇ ਤਖ਼ਤ ਤੇ ਮਜ਼ਬੂਤ ਕਬਜ਼ਾ ਹੋ ਗਿਆ ਹੈ ਤਾਂ ਦਿੱਲੀ ਤਖ਼ਤ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਵੈਮਾਣ ਨੂੰ ਲੈ ਕੇ ਟਕਰਾਅ ਹਰ ਹੀਲੇ ਹੋਣਾ ਹੀ ਹੋਣਾ ਹੈ।

ਜਿਹੜੀ ਧਿਰ ਸਿੱਖਾਂ ਦੀ ਵੱਖਰੀ ਹੋਂਦ ਨੂੰ ਮੰਨਣ ਤੋਂ ਇਨਕਾਰੀ ਹੈ ਅਤੇ ਹਮੇਸ਼ਾ ਸਿੱਖਾਂ ਦੇ ਹਿੰਦੂ ਧਰਮ ਦਾ ਹਿੱਸਾ ਹੋਣ ਦੀ ਦੁਹਾਈ ਦੇ ਕੇ, ਸਿੱਖੀ ਦੀ ਹੋਂਦ ਤੇ ਕੁਹਾੜਾ ਚਲਾਉਣ ਦਾ ਸਿੱਧਾ-ਅਸਿੱਧਾ ਯਤਨ ਨਿਰੰਤਰ ਕਰਦੀ ਹੈ, ਉਸ ਸ਼ਕਤੀ ਵੱਲੋਂ ਦੇਸ਼ ਦਾ ਹਾਕਮ ਬਣ ਜਾਣ ਤੋਂ ਬਾਅਦ, ਸਿੱਖੀ ਦੀ ਹੋਂਦ ਤੇ ਹਮਲਿਆਂ ਦਾ ਤਿੱਖਾ ਤੇ ਤੇਜ਼ ਹੋਣਾ ਸੁਭਾਵਿਕ ਹੈ।

ਅਜਿਹੇ ਸਮੇਂ ਜਦੋਂ ਸਿੱਖੀ ਦੀ ਹੋਂਦ ਨੂੰ ਨਿਗਲਣ ਲਈ ਕਾਹਲੀਆਂ ਸ਼ਕਤੀਆਂ, ਦੇਸ਼ ਦੀ ਹੋਣੀ ਦੀਆਂ ਮਾਲਕ ਬਣ ਬੈਠੀਆਂ ਹਨ, ਉਸ ਸਮੇਂ ਵੀ ਜੇ ਪੰਜਾਬ ‘ਚ ਪੰਥਕ ਸਿਆਸਤ ਆਲੋਪ ਰਹੀ, ਪੰਥਕ ਧਿਰਾਂ ਗੁੰਮ ਰਹੀਆਂ, ਫ਼ਿਰ ਪੰਥਕ ਸਫ਼ਾਂ ਵਲੇਟਣ ਲਈ ਪੰਥ ਦੁਸ਼ਮਣ ਤਾਕਤਾਂ ਨੂੰ ਬਹੁਤਾ ਸਮਾਂ ਨਹੀਂ ਲੱਗੇਗਾ।

ਅਸੀਂ ਲੋਕ ਸਭਾ ਚੋਣਾਂ ਸ਼ੁਰੂ ਹੋਣ ਤੋਂ ਪਹਿਲਾ ਹੀ ਇਹ ਹੋਕਾ ਦੇਣਾ ਸ਼ੁਰੂ ਕਰ ਦਿੱਤਾ ਸੀ ਕਿ ਪੰਜਾਬ ਦੀ ਸਿਆਸਤ ‘ਚੋਂ ਪੰਥਕ ਸਿਆਸਤ ਦਾ ਭੋਗ ਨਾ ਪੈਣ ਦਿੱਤਾ ਜਾਵੇ, ਪੰਥਕ ਮੁੱਦਿਆਂ ਨੂੰ ਆਲੋਪ ਨਾ ਹੋਣ ਦਿੱਤਾ ਜਾਵੇ, ਸਿੱਖੀ ਦਰਦ ਅਤੇ ਪੰਥਕ ਸੋਚ ਰੱਖਣ ਵਾਲੇ ਸਿੱਖ ਇਕ ਸਾਂਝੇ ਪਲੇਟ ਫਾਰਮ ਤੇ ਇਕੱਠੇ ਹੋਣ ਅਤੇ ਪੰਜਾਬ ਦੀ ਤਬਾਹੀ ਦੀ ਕਹਾਣੀ ਦਾ ਮੁੱਢ ਬੰਨ੍ਹਣ ਤੋਂ ਰੋਕਿਆ ਜਾਵੇ। ਪ੍ਰੰਤੂ ਸੌੜੀ, ਸੁਆਰਥੀ ਤੇ ਪਦਾਰਥੀ ਸੋਚ ਕਾਰਣ ਹਰ ਪੰਥਕ ਅਖਵਾਉਂਦਾ ਆਗੂ ਆਪਣੀਆਂ ਨਿੱਜੀ ਗਰਜਾਂ ਦਾ ਤਿਆਗ ਨਹੀਂ ਕਰ ਸਕਿਆ, ਨਤੀਜੇ ਵਜੋਂ ਪੰਥਕ ਸਿਆਸਤ ਵਾਲਾ ਖ਼ਲਾਅ ‘ਆਪ ਪਾਰਟੀ’ ਨੇ ਆ ਮੱਲਿਆ।

ਬਾਦਲਕਿਆਂ ਤੇ ਰਾਹੁਲਕਿਆਂ ਤੋਂ ਲੋੜੋਂ ਵੱਧ ਔਖੇ ਸਿੱਖ, ਆਪ ਦੀ ਝੋਲੀ ਜਾ ਪਏ ਅਤੇ ਪੰਜਾਬ ‘ਚ ਆਪ ਦੀ ਹਨੇਰੀ ਚੱਲੀ, ਜਿਸਨੇ ਸਾਰੀਆਂ ਗਿਣਤੀਆਂ-ਮਿਣਤੀਆਂ ਉਲਟਾ ਕੇ ਰੱਖ ਦਿੱਤੀਆਂ ਅਤੇ ਬਿਨਾਂ ਕਿਸੇ ਪਾਰਟੀ ਢਾਂਚੇ ਦੇ ਆਪ ਪਾਰਟੀ ਪੰਜਾਬ ‘ਚੋਂ 36 ਲੱਖ ਵੋਟਾਂ ਤੇ 4 ਸੀਟਾਂ ਲੈ ਗਈ।

ਅਸੀਂ ਸਮਝਦੇ ਹਾਂ ਕਿ ਰਾਜਸੀ ਨਿਸ਼ਾਨੇ ਲਈ ਦੇਸ਼ ‘ਚ ਸਾਫ ਸੁਥਰੀਆਂ ਅਤੇ ਚੰਗੇ ਖਿਆਲਾਂ ਵਾਲੀਆਂ ਪਾਰਟੀਆਂ ਦਾ ਸਹਿਯੋਗ ਲੈਣਾ, ਘੱਟ-ਗਿਣਤੀਆਂ ਨੂੰ ਇਕੱਠਾ ਕਰਨਾ ਬੇਹੱਦ ਜ਼ਰੂਰੀ ਹੈ। ਪ੍ਰੰਤੂ ਉਸ ਤੋਂ ਵੀ ਵੱਧ ਜ਼ਰੂਰੀ ਹੈ ਕਿ ਪੰਜਾਬ ‘ਚ ਕੋਈ ਪੰਥਕ ਧਿਰ ਮਜ਼ਬੂਤੀ ਨਾਲ ਖੜ੍ਹੀ ਵਿਖਾਈ ਦੇਵੇ, ਜਿਹੜੀ ਸਿੱਖ ਮੁੱਦਿਆਂ ਦੀ ਸੱਚੀ-ਸੁੱਚੀ ਪਹਿਰੇਦਾਰੀ ਕਰੇ ਅਤੇ ਪੰਜਾਬ ਦੇ ਹਿੱਤਾਂ ਦੀ ਡੱਟ ਕੇ ਰਖ਼ਵਾਲੀ ਕਰੇ।

ਲੋੜ ਪੈਣ ਤੇ ਹਮ-ਖਿਆਲੀਆਂ ਦਾ ਸਹਿਯੋਗ ਲੈਣਾ ਅਤੇ ਸਹਿਯੋਗ ਦੇਣਾ ਸਮੇਂ ਦੀ ਵੱਡੀ ਲੋੜ ਹੈ ਅਤੇ ਰਾਜਸੀ ਪ੍ਰਾਪਤੀਆਂ ਲਈ ਕਾਰਗਾਰ ਹਥਿਆਰ ਵੀ ਹੈ, ਪ੍ਰੰਤੂ ਪੰਜਾਬ ‘ਚ ਪੰਥਕ ਅਵਾਜ਼ ਨੂੰ ਗੂੰਗੀ ਕਰਕੇ, ਅਸੀਂ ਤਬਾਹੀ ਦੀ ਡੂੰਘੀ ਖੱਡ ‘ਚ ਹੀ ਜਾ ਡਿੱਗਾਗੇ, ਕਿਉਂਕਿ ਮੁੱਲ ਪੁਆਉਣ ਲਈ ਆਪਣੀ ਹੋਂਦ ਦਾ ਹੋਣਾ ਅਤਿ ਜ਼ਰੂਰੀ ਹੁੰਦਾ ਹੈ ਅਤੇ ਜਿਸਦੀ ਹੋਂਦ ਨਹੀਂ ਹੁੰਦੀ, ਫ਼ਿਰ ਉਸਦਾ ਕੋਈ ਮੁੱਲ ਵੀ ਨਹੀਂ ਹੁੰਦਾ।

ਸਿੱਖੀ ਸਿਧਾਤਾਂ ਦੀ ਰੋਸ਼ਨੀ ‘ਚ, ਸਿੱਖੀ ਦੀ ਆਨ-ਸ਼ਾਨ ਨੂੰ ਵਧਾਉਣ ਲਈ ਹਲੀਮੀ ਰਾਜ ਦੀ ਸਥਾਪਨਾ ਲਈ ਅਤੇ ਸਰਬੱਤ ਦੇ ਭਲੇ ਦੇ ਗੁਰੂ ਸਾਹਿਬਾਨ ਦੇ ਨਾਅਰੇ ਦੀ ਪੂਰਤੀ ਲਈ, ਇਕ ਪੰਥਕ ਏਜੰਡਾ ਬਣਾ ਕੇ, ਹਰ ਪੰਥ ਪ੍ਰਸਤ ਨੂੰ ‘ਕੇਸਰੀ ਨਿਸ਼ਾਨ’ ਸਾਹਿਬ ਥੱਲੇ ਇਕੱਠਾ ਕਰਕੇ, ਸਿੱਖ ਦੁਸ਼ਮਣ ਤਾਕਤਾਂ ਦੇ ਸਿੱਖੀ ਦੀ ਹੋਂਦ ਨੂੰ ਹੜੱਪਣ ਦੇ ਮਨਸੂਬਿਆਂ ਨੂੰ ਤਬਾਹ ਕਰਨ ਲਈ ਨਿਰੋਈ, ਨਿਰਾਲੀ, ਸੱਚੀ-ਸੁੱਚੀ ਪੰਥਕ ਧਿਰ ਤੇ ਪੰਥਕ ਲੀਡਰਸ਼ਿਪ ਨੂੰ ਅੱਗੇ ਲਿਆਉਣਾ ਹੁਣ ਸਮੇਂ ਦੀ ਵੱਡੀ ਲੋੜ ਤੇ ਮੰਗ ਬਣ ਚੁੱਕਾ ਹੈ।

ਆਉਣ ਵਾਲੇ ਸਮੇਂ ‘ਚ ਸਿੱਖੀ ਦੀ ਹੋਂਦ ਦੇ ਖ਼ਾਤਮੇ ਸਿੱਖਾਂ ਦੇ ਸਵੈਮਾਣ ਨੂੰ ਕੁਚਲਣ ਅਤੇ ਪੰਜਾਬ ਦੀ ਮੌਤ ਦੇ ਵਾਰੰਟਾਂ ਤੇ ਦਸਤਖ਼ਤ ਕਰਨ ਦੇ ਮਨਸੂਬੇ ਪੂਰੇ ਕੀਤੇ ਜਾਣ ਦੇ ਨਿਰੰਤਰ ਯਤਨ ਹੋਣਗੇ, ਜਿਨ੍ਹਾਂ ਦਾ ਮੂੰਹ ਤੋੜ੍ਹਵਾ ਜਵਾਬ ਸਿਰਫ਼ ਤੇ ਸਿਰਫ਼ ਗੁਰੂ ਦੇ ਸੱਚੇ ਸਿੱਖ, ਜਿਨ੍ਹਾਂ ਦੇ ਮਨਾਂ ‘ਚ ਸਿੱਖੀ ਜਜ਼ਬਾਤਾਂ ਦਾ ਸ਼ੂਕਦਾ ਵੇਗ ਹੈ, ਜਿਨ੍ਹਾਂ ਦੀ ਮੱਤ ਤੇ ਗੁਰੂ ਦੀ ਮੱਤ ਦੀ ਬਖ਼ਸ਼ਿਸ ਹੈ। ਜਿਨ੍ਹਾਂ ਦੀ ‘ਹਿੰਮਤ ਨੂੰ ਗੁਰੂ ਦਾ ਥਾਪੜਾ ਹੈ, ਉਨ੍ਹਾਂ ਪੰਥ ਦਰਦੀ ਸਿੱਖਾਂ ਦਾ ਜਾਗਣਾ, ਇਕੱਠੇ ਹੋਣਾ, ਗੁਰੂ ਦੇ ਚਰਨਾਂ ‘ਚ ਬੈਠ ਕੇ ਦੂਰਦ੍ਰਿਸ਼ਟੀ ਨਾਲ ਫੈਸਲਾ ਲੈਣਾ ਤੇ ਫਿਰ ਕਮਰਕੱਸੇ ਕਰਕੇ, ਮੈਦਾਨ ‘ਚ ਨਿੱਤਰਣਾ ਹੀ ਇੱਕੋ-ਇਕ ਹੱਲ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version