ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਤਿੰਨ ਭਾਸ਼ਾਵਾਂ ਵਿੱਚ ਛਾਪੇ ਗਏ ਮਹਾਨ ਕੋਸ਼ ਦੀ ਵਿਕਰੀ ’ਤੇ ਬੀਤੇ ਕੱਲ੍ਹ (ਵੀਰਵਾਰ) ਪਾਬੰਦੀ ਲਗਾ ਦਿੱਤੀ ਹੈ। ਇਸ ਵਿੱਚ ਗਲਤੀਆਂ ਹੋਣ ਸਬੰਧੀ ਅਦਾਲਤ ਨੇ 19 ਮਈ ਨੂੰ ਜਵਾਬ ਮੰਗਿਆ ਸੀ ਪਰ ਯੂਨੀਵਰਸਿਟੀ ਨੇ ਪੇਸ਼ੀ ਤੋਂ ਪਹਿਲਾਂ ਹੀ ਪਾਬੰਦੀ ਲਾ ਦਿੱਤੀ ਹੈ।
ਪਾਬੰਦੀ ਸਬੰਧੀ ਪੱਤਰ ਵੀਰਵਾਰ ਪਬਲੀਕੇਸ਼ਨ ਬਿਊਰੋ ਦੇ ਡਾਇਰੈਕਟਰ ਕੋਲ ਪੁੱਜਾ ਹੈ, ਜਿਸ ਕਰ ਕੇ ਬਿਊਰੋ ਦੇ ਸਾਰੇ ਵਿਕਰੀ ਕੇਂਦਰਾਂ (ਕਿਤਾਬ ਘਰ, ਬਿਊਰੋ ਦੇ ਮੁੱਖ ਦਫ਼ਤਰ ਵਿੱਚ ਵਿਕਰੀ ਕੇਂਦਰ ਅਤੇ ਬੁੱਕ ਵੈਨ) ਵਿੱਚ ਅੱਜ ਤੋਂ ਬਾਅਦ ਮਹਾਨ ਕੋਸ਼ ਕਿਸੇ ਵੀ ਭਾਸ਼ਾ ਵਿੱਚ ਨਹੀਂ ਵੇਚਿਆ ਜਾਵੇਗਾ।
ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੀ ਮੁਖੀ ਡਾ. ਬਲਜੀਤ ਕੌਰ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਰਜਿਸਟਰਾਰ ਨੂੰ ਇੱਕ ਪੱਤਰ ਲਿਖ ਕੇ ਪਾਬੰਦੀ ਦੀ ਮੰਗ ਕੀਤੀ ਸੀ, ਜਿਸ ਤਹਿਤ ਰਜਿਸਟਰਾਰ ਨੇ ਪਾਬੰਦੀ ਲਾ ਦਿੱਤੀ ਹੈ।
ਮੀਡੀਆ ਰਿਪੋਰਟ ਮੁਤਾਬਕ ਵਾਈਸ ਚਾਂਸਲਰ ਅਨੁਰਾਗ ਵਰਮਾ ਨੇ ਮਹਾਨ ਕੋਸ਼ ਦੇ ਸਾਰੇ ਪ੍ਰਾਜੈਕਟ ਦੀ ਰਿਪੋਰਟ ਮੰਗੀ ਹੈ। ਦੂਜੇ ਪਾਸੇ, ਰਜਿਸਟਰਾਰ ਨੇ ਕਿਹਾ ਹੈ ਕਿ ਅੱਜ (ਵੀਰਵਾਰ) ਮਹਾਨ ਕੋਸ਼ ਦੀ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।