Site icon Sikh Siyasat News

ਸੁੱਚਾ ਸਿੰਘ ਛੋਟੇਪੁਰ ਪਾਰਟੀ ਵਿੱਚ ਧੜੇਬੰਦੀ ਪੈਦਾ ਕਰ ਰਹੇ ਹਨ: ਡਾ. ਦਲਜੀਤ ਸਿੰਘ

ਜਲੰਧਰ (9 ਜੁਲਾਈ, 2015): ਪੰਜਾਬ ਵਿੱਚ ਪਿਛਲੀਆਂ ਲੋਕ ਸਭਾ ਚੋਣਾਂ ਵਿੱ ਚਚਾਰ ਸੀਟਾਂ ਜਿੱਤ ਕੇ ਆਪਣਾ ਆਧਾਰ ਕਾਇਮ ਕਰਨ ਵਾਲੀ ਆਮ ਆਦਮੀ ਪਾਰਟੀ  ਪੰਜਾਬੀ ਇਕਾਈ ਦੀ ਲੀਡਰਸ਼ਿਪ ਵਿੱਚ ਪੈਦਾ ਹੋਈ ਅੰਦਰੂਨੀ ਖਿੱਚੋਤਾਣ ਵੱਧਦੀ ਜਾ ਰਹੀ ਹੈ।ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਡਾ. ਦਲਜੀਤ ਸਿੰਘ ਨੇ ਦੋਸ਼ ਲਾਇਆ ਕਿ ਸੁੱਚਾ ਸਿੰਘ ਛੋਟੇਪੁਰ ਪਾਰਟੀ ਵਿੱਚ ਧੜੇਬੰਦੀ ਪੈਦਾ ਰਹੇ ਹਨ ਅਤੇ ਸਾਰੇ ਜ਼ਿਲ੍ਹਿਆਂ ’ਚ ਪਾਰਟੀ ਦੇ ਬਰਾਬਰ ਧੜੇ ਖੜ੍ਹੇ ਕਰ ਰਹੇ ਹਨ ।

ਡਾ. ਦਲਜੀਤ ਸਿੰਘ

ਉਨ੍ਹਾਂ ਨੇ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਅਤੇ ਪਾਰਟੀ ਦੇ ਸੂਬਾਈ ਕਨਵੀਨਰ ਸੁੱਚਾ ਸਿੰਘ ਛੋਟੇਪੁਰ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਦੋਵੇਂ ਆਗੂ ਪਾਰਟੀ ਨੂੰ ਤਬਾਹ ਕਰਨ ’ਤੇ ਤੁਲੇ ਹੋਏ ਹਨ। ਉਨ੍ਹਾਂ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਦੀਆਂ ਸਾਰੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਬਾਰੇ ਉਨ੍ਹਾਂ ਦੀ ਅਰਵਿੰਦ ਕੇਜਰੀਵਾਲ ਨਾਲ ਸਿੱਧੀ ਗੱਲਬਾਤ ਵੀ ਹੋ ਚੁੱਕੀ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਨਿਰਾਸ਼ ਹੋਣ ਦੀ ਲੋੜ ਨਹੀਂ। ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਸੰਜੇ ਸਿੰਘ ਪਾਰਟੀ ਵਰਕਰਾਂ ਨੂੰ ਗੁਮਰਾਹ ਕਰਨ ਲਈ ਝੂਠ ਵੀ ਬੋਲ ਰਹੇ ਹਨ।

ਉਨ੍ਹਾਂ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਜੇ ਸਿੰਘ ਤੇ ਸੁੱਚਾ ਸਿੰਘ ਛੋਟੇਪੁਰ ਦੋਵੇਂ ਆਗੂ ਪਾਰਟੀ ਸੰਵਿਧਾਨ ਦੇ ਉਲਟ ਕੰਮ ਕਰ ਰਹੇ ਹਨ ਅਤੇ ਪਾਰਟੀ ਦਾ ਅਜਿਹਾ ਢਾਂਚਾ ਖੜ੍ਹਾ ਕਰ ਰਹੇ ਹਨ ਜਿਸ ਬਾਰੇ ਸੂਬਾਈ ਕਾਰਜਕਾਰਨੀ ਕਮੇਟੀ ਦੀ ਸਹਿਮਤੀ ਨਹੀਂ। ਪਾਰਟੀ ਦੇ ਇਕ ਧੜੇ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਅਤੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਹੀ ਨਿਸ਼ਾਨਾ ਬਣਾਇਆ ਹੈ।

ਡਾ. ਦਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਜਜ਼ਬਾਤੀ ਤੌਰ ’ਤੇ ਚੱਟਾਨ ਵਾਂਗ ਖੜ੍ਹੇ ਹਨ ਕਿਉਂਕਿ ਉਹੀ ਪਾਰਟੀ ਦਾ ਚਿਹਰਾ-ਮੋਹਰਾ ਹਨ ਤੇ ਲੋਕ ਉਨ੍ਹਾਂ ਦੀ ਵਿਚਾਰਧਾਰਾ ਨਾਲ ਹੀ ਜੁੜੇ ਹੋਏ ਹਨ।

ਉਨ੍ਹਾਂ ਕਿਹਾ ਕਿ ਸੰਜੇ ਸਿੰਘ ਪਾਰਟੀ ਸੰਵਿਧਾਨ ਦੇ ਉਲਟ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਨੂੰ ਮੁੜ ਪਾਰਟੀ ਦਾ ਕਨਵੀਨਰ ਥਾਪੇ ਜਾਣ ਬਾਰੇ ਉਨ੍ਹਾਂ ਨੇ ਟਵਿਟਰ ’ਤੇ ਹੀ ਦੱਸਿਆ ਹੈ ਜਦਕਿ ਪਾਰਟੀ ਦੀ ਕਾਰਜਕਾਰਨੀ ਕਮੇਟੀ ਨੇ ਬਹੁਮਤ ਨਾਲ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਕਨਵੀਨਰ ਦੇ ਅਹੁਦੇ ਤੋਂ 9 ਮਈ ਨੂੰ ਲਾਹ ਦਿੱਤਾ ਸੀ। ਇਸ ਬਾਰੇ ਪਾਰਟੀ ਹਾਈ ਕਮਾਂਡ ਨੂੰ ਵੀ ਲਿਖਤੀ ਤੌਰ ’ਤੇ ਸੂਚਿਤ ਕਰ ਦਿੱਤਾ ਗਿਆ ਸੀ।

ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਜਿਹੜੇ ਮਿਹਨਤੀ ਵਰਕਰਾਂ ਨੂੰ ਅਹੁਦੇ ਦੇਣ ਬਾਰੇ ਸਿਫਾਰਸ਼ ਕੀਤੀ ਗਈ ਸੀ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਅਹੁਦਾ ਨਹੀਂ ਦਿੱਤਾ ਗਿਆ ਸਗੋਂ ਪਾਰਟੀ ਸੰਵਿਧਾਨ ਦੇ ਉਲਟ ਜਾਂਦਿਆਂ ਸੁੱਚਾ ਸਿੰਘ ਛੋਟੇਪੁਰ ਨੇ ਸੰਜੇ ਸਿੰਘ ਦੀ ਸਲਾਹ ਨਾਲ ਗੁਰਵਿੰਦਰ ਸਿੰਘ ਬਾਜਵਾ ਨੂੰ ਅੰਮ੍ਰਿਤਸਰ ਦਾ ਇੰਚਾਰਜ ਲਾ ਦਿੱਤਾ ਜਦਕਿ ਉਹ ਦੂਜੀ ਪਾਰਟੀ ਤੋਂ ਚੋਣ ਲੜਿਆ ਸੀ।

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਖਡੂਰ ਸਾਹਿਬ ਤੋਂ ਵੀ ਐਡਵੋਕੇਟ ਭਾਗੋਵਾਲੀਆ ਨੂੰ ਇੰਚਾਰਜ ਲਾ ਦਿੱਤਾ ਜੋ ਦੂਜੀ ਪਾਰਟੀ ’ਚੋਂ ਚੋਣ ਲੜ ਕੇ ਆਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version