ਅੰਮ੍ਰਿਤਸਰ (26 ਅਕਤੂਬਰ, 2015): ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਵਜੋਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਫੈਸਲਾ ਕੀਤਾ ਹੈ ਕਿ ਸ਼੍ਰੀ ਹਰਿਮੰਦਰ ਸ਼ਾਹਿਬ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਅਰਾ ਸਾਹਿਬਾਨ ਵਿੱਚ ਦੀਪਮਾਲਾ ਨਾ ਜਾਵੇ।
ਪੰਥ ਵਿਰੋਧੀ ਘਟਨਾਵਾਂ ਦੇ ਸਿਲਸਿਲੇ ਕਾਰਨ ਸਿੱਖਾਂ ‘ਚ ਰੋਸ ਦੀ ਭਾਵਨਾ ਦੇ ਮੱਦੇਨਜ਼ਰ ਬੀਤੇ ਕੱਲ੍ਹ ਬਰਗਾੜੀ ਵਿਖੇ ਪੰਥਕ ਇਕੱਠ ਵੱਲੋਂ ਕਾਲੀ ਦੀਵਾਲੀ ਦੇ ਦਿੱਤੇ ਸੱਦੇ ਦੀ ਅਸਿੱਧੀ ਤਾਈਦ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਵੀ 29 ਅਕਤੂਬਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਅਤੇ 11 ਨਵੰਬਰ ਨੂੰ ਬੰਦੀ ਛੋੜ ਦਿਵਸ (ਦੀਵਾਲੀ) ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਅਤੇ ਆਤਿਸ਼ਬਾਜੀ ਤੋਂ ਗੁਰੇਜ਼ ਕਰਨ ਦਾ ਫ਼ੈਸਲਾ ਕੀਤਾ ਹੈ।
ਪ੍ਰਧਾਨ ਸ਼੍ਰੋਮਣੀ ਕਮੇਟੀ ਜਥੇਦਾਰ ਅਵਤਾਰ ਸਿੰਘ ਨੇ ਅੱਜ ਪ੍ਰਬੰਧਕੀ ਅਮਲੇ ਨਾਲ ਬੈਠਕ ਉਪਰੰਤ ਫ਼ੈਸਲਾ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਦੀ ਬੇਅਦਬੀ ਕਾਰਨ ਸਿੱਖ ਸੰਗਤ ਦੇ ਮਨ ਨੂੰ ਲੱਗੀ ਠੇਸ ਨੂੰ ਦੇਖਦੇ ਹੋਏ ਗੁਰਪੁਰਬ ਅਤੇ ਬੰਦੀ ਛੋੜ ਦਿਵਸ ਮੌਕੇ ਸਾਦੇ ਸਮਾਗਮ ਰੱਖੇ ਜਾਣ।
ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਾ ਕੇਵਲ ਸਿੱਖਾਂ ਦੇ ਬਲਕਿ ਸਮੁੱਚੀ ਮਾਨਵਤਾ ਦੇ ਸਾਂਝੇ ਇਸ਼ਟ ਹਨ ਅਤੇ ਉਨ੍ਹਾਂ ਦੇ ਅਪਮਾਨ ਖਿਲਾਫ਼ ਹਰੇਕ ਦੇ ਦਿਲ ‘ਚ ਰੋਸ ਦੀ ਭਾਵਨਾ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਅਤੇ ਗੁਰਮਤਿ ਸਮਾਗਮਾਂ ਸਮੇਂ ਆਤਿਸ਼ਬਾਜੀ ਅਤੇ ਦੀਪਮਾਲਾ ਨਾ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਕਤ ਧਾਰਮਿਕ ਦਿਹਾੜਿਆਂ ਮੌਕੇ ਹੁੰਦੀ ਦੀਪਮਾਲਾ ਅਤੇ ਆਤਿਸ਼ਬਾਜ਼ੀ ਨੂੰ ਵੇਖਣ ਲਈ ਨਾ ਕੇਵਲ ਸਿੱਖ ਬਲਕਿ ਵਿਸ਼ਵ ਭਰ ਤੋਂ ਹੋਰਨਾਂ ਧਰਮਾਂ ਅਤੇ ਨਸਲਾਂ ਦੇ ਲੋਕ ਵੀ ਹੁਮ ਹੁਮਾ ਕੇ ਪੁਜਦੇ ਹਨ।