ਚੰਡੀਗੜ: ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਲਈ ਖੇਤੀਬਾੜੀ ਖੇਤਰ ਨੂੰ ਜ਼ਿਆਦਾ ਸਬਸਿਡੀਜ਼ ਅਤੇ ਫਸਲਾਂ ਦੇ ਚੰਗੇ ਮੁੱਲ ਦੇਣ ਦੀ ਜ਼ਰੂਰਤ ਹੈ।
ਬੁੱਧਵਾਰ ਨੂੰ ‘ਆਪ’ ਵਲੋਂ ਜਾਰੀ ਬਿਆਨ ਵਿੱਚ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਜੇਕਰ ਵਰਤਮਾਨ ਸਰਕਾਰਾਂ ਵਲੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਸਬਸਿਡੀਜ਼ ਕਾਫ਼ੀ ਹੁੰਦੀ ਤਾਂ ਪੰਜਾਬ ਦਾ ਕਿਸਾਨ ਆਤਮ ਹੱਤਿਆਵਾਂ ਕਰਨ ਲਈ ਮਜਬੂਰ ਨਾ ਹੁੰਦਾ। ਛੋਟੇਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਖੇਤੀਬਾੜੀ ਖੇਤਰ ਨੂੰ ਜ਼ਿਆਦਾ ਸਬਸਿਡੀ ਦੇਣ ਦੀ ਜ਼ੋਰਦਾਰ ਵਕਾਲਤ ਕਰਦੀ ਹੈ ਤਾਂ ਕਿ ਸਭ ਦਾ ਢਿੱਡ ਭਰਨ ਵਾਲੇ ਕਿਸਾਨ ਆਰਥਿਕ ਸੰਕਟ ਵਿਚੋਂ ਬਾਹਰ ਆ ਸਕਣ।
ਛੋਟੇਪੁਰ ਨੇ ਬਾਦਲ ਪਰਿਵਾਰ ਉੱਤੇ ਵਰ੍ਹਦੇ ਹੋਏ ਕਿਹਾ ਕਿ ਕਿਸਾਨ ਅਤੇ ਖੇਤ ਮਜਦੂਰ ਦੀ ਹਾਲਤ ਲਈ ਅਕਾਲੀ ਦਲ ਅਤੇ ਭਾਜਪਾ ਜ਼ਿੰਮੇਦਾਰ ਹਨ, ਜਿਨ੍ਹਾਂ ਦੀ ਪੰਜਾਬ ਅਤੇ ਕੇਂਦਰ ਵਿਚ ਦੋਵਾਂ ਥਾਵਾਂ ‘ਤੇ ਸਰਕਾਰ ਹੈ, ਪਰੰਤੂ ਇਨ੍ਹਾਂ ਨੇ ਖੇਤੀ ਕਿੱਤੇ ਨਾਲ ਸੰਬੰਧਤ ਲੋਕਾਂ ਲਈ ਕਦੇ ਵੀ ਕੁਝ ਨਹੀਂ ਕੀਤਾ, ਉਲਟਾ ਹਰ ਮਹੀਨੇ ਡੀਜਲ-ਪੈਟਰੋਲ ਦੀਆਂ ਕੀਮਤਾਂ ਵਧਾਈਆਂ ਹਨ ਅਤੇ ਹੋਰ ਤਾਂ ਹੋਰ ਪੰਜਾਬ ਸਰਕਾਰ ਦੁਆਰਾ ਡੀਜਲ ਉੱਤੇ ਭਾਰੀ ਵੈਟ ਲਗਾ ਕੇ ਕਿਸਾਨਾਂ ਸਮੇਤ ਹਰ ਵਰਗ ਨੂੰ ਲੁਟਿਆ ਜਾ ਰਿਹਾ ਹੈ। ਛੋਟੇਪੁਰ ਨੇ ਕਿਹਾ ਕਿ 2017 ਵਿੱਚ ‘ਆਪ’ ਦੀ ਸਰਕਾਰ ਬਣਨ ‘ਤੇ ਡੀਜ਼ਲ ਉੱਤੇ ਵੈਟ ਨੂੰ ਘੱਟ ਕਰੇਗੀ ਤਾਂ ਕਿ ਕਿਸਾਨਾਂ ਅਤੇ ਹੋਰ ਵਰਗ ਨੂੰ ਰਾਹਤ ਮਿਲ ਸਕੇ ਅਤੇ ਟਿਊਬਵੈਲ ਕੁਨੇਕਸ਼ਨ ਲਈ ਫੀਸ ਦੇ ਨਾਮ ਉਤੇ ਕੀਤੀ ਜਾ ਰਹੀ ਲੱਖਾਂ ਰੁਪਏ ਲੁੱਟ ਨੂੰ ਬੰਦ ਕੀਤਾ ਜਾਵੇਗਾ।
ਛੋਟੇਪਰ ਨੇ ਮੀਡਿਆ ਦੇ ਇੱਕ ਹਿੱਸੇ ਵਿੱਚ ਆਮ ਆਦਮੀ ਪਾਰਟੀ ਵਿੱਚ ਗੁਟਬਾਜ਼ੀ ਸਬੰਧੀ ਜਾਰੀ ਕੀਤੀ ਜਾ ਰਹੀ ਫਰਜ਼ੀ ਖਬਰਾਂ ਨੂੰ ਬਿਲਕੁਲ ਬੇਬੁਨਿਆਦ ਕਰਾਰ ਦਿੱਤਾ। ਛੋਟੇਪੁਰ ਨੇ ਮੀਡਿਆ ਨੂੰ ਅਪੀਲ ਕਰਦੇ ਕਿਹਾ ਕਿ ਉਹ ਅਜਿਹੀਆਂ ਫਰਜ਼ੀ ਖਬਰਾਂ ਜਾਰੀ ਕਰਵਾਉਣ ਵਾਲੇ ਅਨਸਰਾਂ ਤੋਂ ਸੁਚੇਤ ਰਹਿਣ।