ਪੰਜਾਬ ਦੀ ਰਾਜਨੀਤੀ

ਐਸ.ਵਾਈ.ਐਲ. ਨਹਿਰ ਪੁੱਟਣ ਦਾ ਬਾਦਲਾਂ ਦੇ ਦੋਸਤ ਚੌਟਾਲਾ ਦਾ ਐਲਾਨ ਮਹਿਜ ਸ਼ਰਾਰਤ ਅਤੇ ਸਟੰਟ : ਦਲ ਖਾਲਸਾ

By ਸਿੱਖ ਸਿਆਸਤ ਬਿਊਰੋ

February 20, 2017

ਅੰਮ੍ਰਿਤਸਰ: ਇੰਡੀਅਨ ਨੈਸ਼ਨਲ ਲੋਕ ਦਲ ਵਲੋਂ 23 ਫਰਵਰੀ ਨੂੰ ਵਿਵਾਦਿਤ ਐਸ. ਵਾਈ. ਐਲ ਨਹਿਰ ਪੁੱਟਣ ਲਈ ਪੰਜਾਬ ਵੱਲ ਕੂਚ ਕਰਨ ਦੇ ਐਲਾਨ ‘ਤੇ ਸਖਤ ਟਿੱਪਣੀ ਕਰਦਿਆਂ ਦਲ ਖਾਲਸਾ ਨੇ ਕਿਹਾ ਕਿ ਅਭੈ ਚੌਟਾਲਾ ਦਾ ਇਹ ਕਦਮ ਮਹਿਜ ਇਕ ਸਿਆਸੀ ਸ਼ਰਾਰਤ ਅਤੇ ਸਟੰਟ ਤੋਂ ਵੱਧ ਕੁਝ ਵੀ ਨਹੀਂ ਹੈ।

ਪਾਰਟੀ ਆਗੂਆਂ ਹਰਚਰਨਜੀਤ ਸਿੰਘ ਧਾਮੀ ਅਤੇ ਕੰਵਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਕਿਸੇ ਵੀ ਕੀਮਤ ‘ਤੇ ਕਿਸੇ ਨੂੰ ਵੀ ਅਜਿਹੀ ਸ਼ਰਾਰਤ ਜਾਂ ਕਾਰਵਾਈ ਨੂੰ ਅੰਜ਼ਾਮ ਦੇਣ ਦੀ ਇਜਾਜ਼ਤ ਨਹੀਂ ਦੇਣਗੇ।

ਉਹਨਾਂ ਚੌਟਾਲਾ ਪਰਿਵਾਰ ‘ਤੇ ਤੰਜ਼ ਕਸਦਿਆਂ ਕਿਹਾ, “ਚੌਟਾਲੇ ਬਾਦਲ ਪਰਿਵਾਰ ਦੇ ਦੋਸਤ ਹਨ ਅਤੇ ਬੀਤੇ ਕਈ ਸਾਲਾਂ ਤੋਂ ਦੋਵੇਂ ਭੇਦ-ਭਰੀਆਂ ਖੇਡਾਂ ਖੇਡ ਰਹੇ ਹਨ। ਉਹਨਾਂ ਕਿਹਾ ਕਿ ਹੁਣ ਵੀ ਅਭੈ ਸਿੰਘ ਚੌਟਾਲਾ ਜਾਣਦੇ ਹਨ ਕਿ ਜਿੱਥੇ ਉਹ ਨਹਿਰ ਪੁੱਟਣ ਜਾ ਰਹੇ ਹਨ ਉੱਥੇ ਉਹਨਾਂ ਦੇ ਹੀ ਦੋਸਤ ਹਾਲ ਦੀ ਘੜੀ ਸੱਤਾ ‘ਤੇ ਕਾਬਜ਼ ਹਨ ਜੋ ਉਹਨਾਂ ਦਾ ਉਸ ਤਰ੍ਹਾਂ ਗੋਲੀਆਂ ਅਤੇ ਡਾਂਗਾਂ ਨਾਲ ਸਵਾਗਤ ਨਹੀਂ ਕਰਨਗੇ ਜਿਵੇਂ ਉਹ ਅਧਿਆਪਕਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਦਾ ਕਰਦੇ ਹਨ।” ਉਹਨਾਂ ਕਿਹਾ ਕਿ ਚੌਟਾਲਿਆਂ ਨੇ ਪਹਿਲਾਂ ਵੀ ਕਈ ਵਾਰ ਬਾਦਲਾਂ ਨਾਲ ਮਿਲ ਕੇ ਮਸਲਿਆਂ ਨੂੰ ਉਲਝਾਉਣ ਅਤੇ ਸਿੱਖਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ।

ਉਹਨਾਂ ਕਿਹਾ ਕਿ ਐਸ.ਵਾਈ.ਐਲ. ਨੂੰ ਪੁੱਟਣਾ ਨਾ-ਮੁਮਕਿਨ ਹੈ ਅਤੇ ਹਰਿਆਣਾ ਦੇ ਲੋਕਾਂ ਨੂੰ ਇਸ ਦੇ ਨਿਰਮਾਣ ਲਈ ਚਿੱਟੇ ਦਿਨ ਸੁਪਨੇ ਲੈਣੇ ਛੱਡ ਦੇਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਾਂਗਰਸ ਅਤੇ ਬਾਦਲ ਦਲ ਵਲੋਂ ਪਾਣੀਆਂ ਸਬੰਧੀ ਕੁਝ ਕਾਨੂੰਨੀ ਕਦਮ ਚੁੱਕੇ ਜ਼ਰੂਰ ਗਏ ਹੋਣਗੇ ਪਰ ਹਕੀਕੀ ਰੂਪ ਵਿੱਚ ਐਸ.ਵਾਈ.ਐਲ. ਦੇ ਨਿਰਮਾਣ ਨੂੰ 1992 ਵਿਚ ਰੋਕਣ ਦਾ ਮੁਕੰਮਲ ਸਿਹਰਾ ਅਜ਼ਾਦੀ ਲਈ ਜੂਝ ਰਹੇ ਸਿੱਖ ਜੁਝਾਰੂਆਂ ਨੂੰ ਜਾਂਦਾ ਹੈ ਜਿਹਨਾਂ ਨੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ। ਉਹਨਾਂ ਕਿਹਾ ਕਿ ਦਲ ਖ਼ਾਲਸਾ ਇਸ ਗੱਲ ਲਈ ਵਚਨਬੱਧ ਹੈ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਵਿਅਰਥ ਨਹੀਂ ਜਾਣ ਦਿਆਂਗੇ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Digging Satluj Yamuna Link (SYL) Canal next to impossible, Dal Khalsa snubs Chautala …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: