Site icon Sikh Siyasat News

ਦਲ ਖਾਲਸਾ ਨੇ ਸ਼੍ਰੋਮਣੀ ਕਮੇਟੀ ਦੀ ਕਾਰਗੁਜਾਰੀ ਦਾ ਲੇਖਾ-ਜੋਖਾ ਕਰਨ ਲਈ 3 ਦਸੰਬਰ ਨੂੰ ਜਲੰਧਰ ਵਿਖੇ ਪੰਥਕ ਇਜਲਾਸ ਸੱਦਿਆ

ਹੁਸ਼ਿਆਰਪੁਰ (26 ਨਵੰਬਰ, 2009): ਦਲ ਖ਼ਾਲਸਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਹਾਊਸ ਦੀ ਕਾਰਗੁਜਾਰੀ ਦਾ ਲੇਖਾ-ਜੋਖਾ ਕਰਨ ਲਈ 3 ਦਸੰਬਰ ਨੂੰ ਗੁਰਦੁਆਰਾ ਪਾਤਸ਼ਾਹੀ ਨੌਂਵੀ, ਜਲੰਧਰ ਵਿਖੇ ਪੰਥਕ ਇਜਲਾਸ ਸੱਦਿਆ ਗਿਆ ਹੈ।

ਅੱਜ ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਪ੍ਰਧਾਨ ਸ. ਹਰਚਰਨਜੀਤ ਸਿੰਘ ਧਾਮੀ ਅਤੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਹਾਊਸ ਦੀ 5 ਸਾਲਾ ਮਿਆਦ ਪੂਰੀ ਹੋ ਚੁੱਕੀ ਹੈ ਅਤੇ ਇਸ ਦੀਆਂ ਆਮ ਚੋਣਾਂ ਅਗਲੇ ਸਾਲ ਹੋਣ ਦੀ ਸੰਭਾਵਨਾ ਹੈ, ਇਸ ਲਈ ਇਸ ਹਾਊਸ ਦੀ ਕਾਰਗੁਜਾਰੀ ਦਾ ਬਹੁਪੱਖੀ ਵਿਸ਼ਲੇਸ਼ਣ ਕਰਨਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਇਸ ਇਜਲਾਸ ਦੌਰਾਨ ਮੌਜੂਦਾ ਹਾਊਸ ਦੀਆਂ ਪ੍ਰਾਪਤੀਆਂ, ਤਰੁਟੀਆਂ ਅਤੇ ਅਸਫਲਤਾਵਾਂ ਬਾਰੇ ਖੁੱਲ ਕੇ ਚਰਚਾ ਹੋਵੇਗੀ।

ਉਹਨਾਂ ਵਿਸਥਾਰ ਵਿਚ ਜਾਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਪਾਸ ਕੀਤੇ ਮਤੇ ਅਤੇ ਲਏ ਗਏ ਫੈਸਲਿਆਂ ਦਾ ਪੰਥਕ ਦ੍ਰਿਸ਼ਟੀਕੋਣ ਤੋਂ ਨਿਰੀਖਣ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤੇ ਗਏ ਹੁਕਮਨਾਮਿਆਂ ਨੂੰ ਲਾਗੂ ਕਰਵਾਉਣ ਸਬੰਧੀ ਸ਼੍ਰੋਮਣੀ ਕਮੇਟੀ ਦੀ  ਭੂਮਿਕਾ ਅਤੇ ਰਵੱਈਏ ਬਾਰੇ ਵੀ ਪੜਚੋਲ ਕੀਤੀ ਜਾਵੇਗੀ।

ਇਕ ਸਵਾਲ ਦੇ ਜਵਾਬ ਵਿਚ ਸ. ਧਾਮੀ ਨੇ ਕਿਹਾ ਕਿ ਤਖਤਾਂ ਦੇ ਜਥੇਦਾਰਾਂ ਦੇ ਸੇਵਾ ਨਿਯਮ ਘੜਨ, ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਮੀਨਾਰ-ਏ-ਸ਼ਹੀਦਾਂ ਦੀ ਸਿਰਜਣਾ, ਅੰਮ੍ਰਿਤਸਰ ਸ਼ਹਿਰ ਨੂੰ ਵੈਟੀਕਨ ਦੀ ਤਰਜ ਉਤੇ ਪਵਿੱਤਰ ਨਗਰੀ ਦਾ ਦਰਜਾ, ਆਲ ਇੰਡੀਆ ਸਿੱਖ ਗੁਰਦੁਆਰਾ ਐਕਟ, ਨਾਨਕਸ਼ਾਹੀ ਕੈਲੰਡਰ, ਅਕਾਲ ਤਖਤ ਸਾਹਿਬ ਤੋਂ ਸਿਰਸਾ ਡੇਰਾ ਅਤੇ ਦਰਬਾਰ ਸਾਹਿਬ ਦੀ ਨਕਲ ਸਬੰਧੀ ਹੁਕਮਨਾਮਿਆਂ ਆਦਿ ਮੁਦਿਆਂ ਉਤੇ ਪੰਥਕ ਬੁਲਾਰੇ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਅਤੇ ਪਹੁੰਚ ਬਾਰੇ ਸਮੀਖਿਆ ਕਰਨਗੇ।

ਸ. ਧਾਮੀ ਨੇ ਦੱਸਿਆ ਕਿ ਉਹਨਾਂ ਦੀ ਜਥੇਬੰਦੀ ਪੰਥਕ ਪੀੜਾ ਨੂੰ ਮਹਿਸੂਸ ਕਰਦਿਆਂ ਕੌਮੀ ਜਜ਼ਬਾਤਾਂ ਨੂੰ ਹਲੂਣਾ ਦੇਣ ਲਈ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਬਾਰੇ ਨੁਕਤਾਚੀਨੀ ਕਰਨ ਦਾ ਅਰਥ ਕਮੇਟੀ ਦੇ ਮੈਂਬਰਾਂ ਨੂੰ ਭੰਡਣਾ ਨਹੀ ਲਿਆ ਜਾਣਾ ਚਾਹੀਦਾ। “ਸਾਡਾ ਇਹ ਯਤਨ ਸਿੱਖਾਂ ਦੀਆਂ ਵੱਡਮੁਲੀਆਂ ਕੁਰਬਾਨੀਆਂ ਸਦਕਾ ਹੋਂਦ ਵਿਚ ਆਈ ਸ਼੍ਰੋਮਣੀ ਕਮੇਟੀ ਦੀ ਸ਼ਾਨ ਅਤੇ ਮਹਤੱਤਾ ਨੂੰ ਬਰਕਰਾਰ ਰੱਖਣ ਦਾ ਹੈ”। ਉਹਨਾਂ ਮੰਨਿਆ ਕਿ ਪਿਛਲੇ 80 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਨੇ ਕਈ ਖੇਤਰਾਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਪਰ ਇਹ ਵੀ ਸੱਚ ਹੈ ਕਿ ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀਆਂ ਉਮੀਦਾਂ ਅਤੇ ਆਸਾਂ ਤੇ ਖਰੀ ਉਤਰਨ ਵਿੱਚ ਨਾ-ਕਾਮਯਾਬ ਰਹੀ ਹੈ।

ਉਹਨਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਿੱਖਾਂ ਦੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਕਦੇ ਵੀ ਸਮੇ ਸਿਰ ਨਹੀ ਕਰਵਾਈਆਂ ਜਾਂਦੀਆਂ। ਉਹਨਾਂ ਕਿਹਾ ਕਿ 5 ਸਾਲਾਂ ਦੀ ਮਿਆਦ ਤੋਂ ਬਾਅਦ ਚੋਣਾਂ ਨੂੰ ਵਿਧਾਨਿਕ ਤੌਰ ‘ਤੇ ਲਾਜ਼ਮੀ ਬਣਾਉਣ ਸਬੰਧੀ ਸਿੱਖ ਗੁਰਦੁਆਰਾ ਐਕਟ, 1925 ਵਿੱਚ ਤਰਮੀਮ ਕਰਨ ਲਈ ਇਕ ਯਾਦ-ਪੱਤਰ ਕੇਂਦਰੀ ਗ੍ਰਹਿ-ਮੰਤਰੀ ਅਤੇ ਸਿੱਖ ਗੁਰਦੁਆਰਾ ਚੋਣ ਕਮਿਸ਼ਨਰ, ਚੰਡੀਗੜ ਨੂੰ ਦਿੱਤਾ ਜਾਵੇਗਾ।

ਉਹਨਾਂ ਕਿਹਾ ਕਿ ਜਿਥੇ ਬੀਤੇ ਦੀ ਕਾਰਗੁਜਾਰੀ ‘ਤੇ ਤਿੱਖੀਆਂ ਟਿੱਪਣੀਆਂ ਹੋਣਗੀਆਂ ਉਥੇ ਇਸ ਸੰਸਥਾ ਨੂੰ ਚੜਦੀ ਕਲਾ ਵੱਲ ਲਿਜਾਣ ਲਈ ਰੂਪ ਰੇਖਾ ਵੀ ਉਲੀਕੀ ਜਾਵੇਗੀ। ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਖ਼ਾਲਸਾ ਐਕਸ਼ਨ ਕਮੇਟੀ ਨਾਲ ਸਬੰਧਤ ਜਥੇਬੰਦੀਆਂ ਤੋਂ ਇਲਾਵਾ ਹੋਰ ਸਿੱਖ ਸੰਸਥਾਵਾਂ ਜਿਵੇਂ ਕਿ ਦਮਦਮੀ ਟਕਸਾਲ, ਸਿੰਘ ਸਭਾਵਾਂ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਹਿਬਾਨਾਂ ਨੂੰ ਵੀ ਸੱਦਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਸੱਦਾ ਪੱਤਰ ਦਿਤਾ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version