Site icon Sikh Siyasat News

ਕੌਮ ਗੁਲਾਮੀ ਦੀ ਮਾਨਸਿਕਤਾ ਛੱਡ ਕੇ ਆਜ਼ਾਦੀ ਦਾ ਰਾਹ ਫੜੇ: ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ (27 ਦਸੰਬਰ, 2010) : ਸ਼ਹੀਦੀ ਜੋੜ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੀ ਸਟੇਜ ਤੋਂ ਪੰਚ ਪ੍ਰਧਾਨੀ, ਖ਼ਾਲਸਾ ਐਕਸ਼ਨ ਕਮੇਟੀ, ਦਲ ਖਾਲਸਾ ਅਤੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਆਗੂਆਂ ਨੇ ਇੱਕ ਮੱਤ ਹੋ ਕੇ ਇਲਜ਼ਾਮ ਲਗਾਇਆ ਕਿ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੇ ਪੰਜਾਬ ਦੀ ਰਾਜਨੀਤੀ ਦਾ ਅਪਰਾਧੀਕਰਨ ਅਤੇ ਵਪਾਰੀਕਰਨ ਕਰ ਦਿੱਤਾ ਹੈ। ਉਕਤ ਜਥੇਬੰਦੀਆਂ ਨੇ ਸਿੱਖਾਂ ਦਾ ਸ੍ਵੈ-ਨਿਰਣੈ ਦਾ ਹੱਕ ਪ੍ਰਾਪਤ ਕਰਨ ਲਈ ਵਚਨਵੱਧਤ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਮਾਤਾ ਗੁਜਰ ਕੌਰ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਦੀ ਮਹਾਨ ਸ਼ਹਾਦਤ ਨੂੰ ਸਿਜਦਾ ਕਰਦਿਆਂ ਕਿਹਾ ਅਸੀਂ ਸ਼ਹੀਦਾਂ ਵਲੋਂ ਪਾਏ ਪੂਰਨਿਆਂ ’ਤੇ ਮਾਣ ਮਹਿਸੂਸ ਕਰਦੇ ਹਾਂ।

ਸਮਾਗਮ ਵਿਚ ਪਾਸ ਕੀਤੇ ਗਏ ਪਹਿਲੇ ਮਤੇ ਰਾਹੀਂ ਆਗੂਆਂ ਨੇ ਇੱਕਮਤ ਹੋ ਕੇ ਭਾਈ ਦਲਜੀਤ ਸਿੰਘ ਅਤੇ ਸਾਥੀਆਂ ਦੀਆਂ ਗ੍ਰਿਫ਼ਤਾਰੀਆਂ ਦੀ ਨਿੰਦਾ ਕਰਦਿਆਂ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਸਲਾਖਾਂ ਪਿੱਛੇ ਡੱਕੀਂ ਰੱਖਣ ਲਈ ਸਰਕਾਰ ਕਾਨੂੰਨੀ ਪ੍ਰਕਿਰਿਆ ਨਾਲ ਛੇੜ-ਛਾੜ ਕਰ ਰਹੀ ਹੈ।

ਇਕ ਹੋਰ ਮਤੇ ਰਾਹੀਂ ਨਾਨਕਸ਼ਾਹੀ ਕੈਲੰਡਰ ਦਾ ਬਿਕ੍ਰਮੀਕਰਨ ਕੀਤੇ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ, ਅਹਿਦ ਲਿਆ ਗਿਆ ਕਿ 14 ਅਪ੍ਰੈਲ 2003 ਨੂੰ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪੁਰਬ 5 ਜਨਵਰੀ ਨੂੰ ਮਨਾਇਆ ਜਾਵੇ।

ਇਕ ਮਤੇ ਰਾਹੀਂ ਡਾ. ਵਿਨਾਇਕ ਸੇਨ ਨੂੰ ਉਮਰ ਕੈਦ ਦੀ ਸਜ਼ਾ, ਅਰੁੰਧਤੀ ਰਾਏ ਤੇ ਸਈਅਦ ਅਲੀ ਸ਼ਾਹ ਗਿਲਾਨੀ ’ਤੇ ਦੇਸ਼ ਧ੍ਰੋਹ ਦੇ ਮੁਕੱਦਮੇ ਚਲਾਉਣ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਅਤੇ ਜ਼ਮਹੂਰੀਅਤ ਦਾ ਕਤਲ ਦੱਸਿਆ ਗਿਆ।

ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕੌਮ ਨੂੰ ਸੱਦਾ ਦਿੰਦਿਆਂ ਕਿਹਾ ਕਿ ਸਮੁੱਚੀ ਕੌਮ ਸ਼ਹੀਦਾਂ ਤੋਂ ਸੇਧ ਲੈਂਦਿਆਂ ਗੁਲਾਮੀ ਦੀ ਮਾਨਸਿਕਤਾ ਛੱਡ ਕੇ ਆਜ਼ਾਦੀ ਦਾ ਰਾਹ ਚੁਣੇ ਇਸ ਤਰ੍ਹਾਂ ਸ਼ਹੀਦਾਂ ਦੇ ਮਿਸ਼ਨ ਨੂੰ ਅੰਜ਼ਾਮ ਤੱਕ ਪਹੁੰਚਾਉਣਾ ਹੀ ਉਨ੍ਹਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ। ਸਾਹਿਬਜ਼ਾਦਿਆਂ ਵਲੋਂ ਸੂਬਾ ਸਰਹਿੰਦ ਨੂੰ ਕਹਿਣਾ ਕਿ ਜੇ ਉਨ੍ਹਾ ਨੂੰ ਛੱਡ ਦਿੱਤਾ ਜਾਵੇ ਤਾਂ ਸਿੱਖਾਂ ਨੂੰ ਸੈਨਿਕ ਤੌਰ ’ਤੇ ਜਥੇਬੰਦ ਕਰਕੇ ਜ਼ਬਰ ਜ਼ੁਲਮ ਦਾ ਰਾਜ ਖ਼ਤਮ ਕਰਾਂਗੇ ਤਾਂ ਇਸਦਾ ਸਪੱਸ਼ਟ ਮਤਲਬ ਗੁਰੂ ਨਾਨਕ ਸਾਹਿਬ ਵਲੋਂ ਚਿਤਵੇ ਹਲੀਮੀ ਰਾਜ ਦੀ ਸਥਾਪਨਾ ਕਰਨਾ ਸੀ।

ਦਲ ਖ਼ਾਲਸਾ ਦੇ ਹਰਚਰਨਜੀਤ ਸਿੰਘ ਧਾਮੀ ਨੇ ਬਾਦਲਾਂ ’ਤੇ ਸ਼੍ਰੋਮਣੀ ਕਮੇਟੀ ਦੀ ਸੁਤੰਤਰ ਹਸਤੀ ਨੂੰ ਖੋਰਾ ਲਗਾਉਣ ਦਾ ਦੋਸ਼ ਲਗਾਇਆ ਉਨ੍ਹਾਂ ਇਹ ਵੀ ਕਿਹਾ ਕਿ ਭਗਵਾਂ ਅੱਤਵਾਦ ਫੈਲਾਉਣ ਵਾਲੀ ਆਰ. ਐਸ. ਐਸ. ਪ੍ਰਤੀ ਤਾ ਨਰਮ ਰੁੱਖ ਅਖਤਿਆਰ ਕੀਤਾ ਜਾ ਰਿਹੇ ਪਰ ਭਾਈ ਦਲਜੀਤ ਸਿੰਘ ਬਿੱਟੂ ਤੋਂ ਬੋਲਣ ਦੀ ਅਜ਼ਾਦੀ ਵੀ ਖੋਹੀ ਜਾ ਰਹੀ ਹੈ।

ਭਾਈ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਸੁਖਬੀਰ ਬਾਦਲ ਅਤੇ ਮਨਪ੍ਰੀਤ ਬਾਦਲ ਵਿਚਕਾਰ ਚਲ ਰਹੀ ਜੰਗ ਸਿਰਫ਼ ਹਊਮੇ ਤੇ ਈਰਖਾ ਦੀ ਲੜਾਈ ਹੈ।

ਸਿੱਖ ਸਟੂਡੈਂਟ ਫ਼ੈਡਰੇਸ਼ਨ (ਪੀਰ ਮੁਹੰਮਦ) ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਅੱਜ 26 ਸਾਲ ਬੀਤ ਜਾਣ ’ਤੇ ਵੀ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਨਸਾਫ ਦੀ ਪ੍ਰਾਪਤੀ ਤੱਕ ਸਾਡੇ ਵਲੋਂ ਸੰਘਰਸ ਜਾਰੀ ਰਹੇਗਾ।

ਐਡਵੋਕੇਟ ਨਵਕਿਰਨ ਸਿੰਘ ਨੇ ਕਿਹਾ ਕਿ ਅੱਜ ਵੀ ਸਿੱਖਾਂ ’ਤੇ ਤਸ਼ੱਦਦਾਂ, ਗੈਰ-ਕਾਨੂੰਨੀ ਹਿਰਾਸਤਾਂ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਦੌਰ ਜਾਰੀ ਹੈ।ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਸਿੱਖ ਕੌਮ ਦੇ ਜ਼ਮਹੂਰੀ ਢੰਗ ਨਾਲ ਚਲ ਰਹੇ ਸੰਘਰਸ਼ ਨੂੰ ਠੱਲ੍ਹ ਪਾਉਣ ਲਈ ਸਰਕਾਰ ਨੇ ਬਿਨਾਂ ਕਿਸੇ ਸਬੂਤ ਦੇ ਕਾਨੂੰਨ ਦੀ ਦੁਰਵਰਤੋਂ ਕਰਕੇ ਭਾਈ ਦਲਜੀਤ ਸਿੰਘ ਬਿੱਟੂ ਨੂੰ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦੇਸ਼ ਦੇ ਨਿਆਂ ਪ੍ਰਬੰਧ ਕੋਲ ਵੀ ਉਨ੍ਹਾਂ ਨੂੰ ਜ਼ਮਾਨਤ ਨਾ ਦਿੱਤੇ ਜਾਣ ਦਾ ਕੋਈ ਠੋਸ ਕਾਰਨ ਮੌਜ਼ੂਦ ਨਹੀਂ।

ਸ਼੍ਰੋਮਣੀ ਅਕਾਲੀ ਦਲ ਖਾਲਿਸਤਾਨੀ ਦੇ ਅਤਿੰਦਰਪਾਲ ਸਿੰਘ ਨੇ ਕਿਹਾ ਕਿ ਸਿੱਖ ਰਾਜ ਬਿਨਾਂ ਸਿੱਖਾਂ ਦਾ ਕੁਝ ਨਹੀਂ ਸੰਵਰ ਸਕਦਾ।

ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਗਾਜ਼ੀ ਨੇ ਕਿਹਾ ਕਿ ਸਿੱਖ ਕੌਮ ਅਪਣੀਆ ਦਸਤਾਰਾਂ ਦਾ ਨਾ ਤਾਂ ਥਾਣਿਆ ਵਿੱਚ ਹੁੰਦਾ ਨਿਰਾਦਰ ਬਰਦਾਸ਼ਤ ਕਰੇਗੀ ਤੇ ਨਾ ਹੀ ਵਿਦੇਸਾਂ ਵਿਚ ਇਸ ਅਮਲ ਨੂੰ ਸਹਿਣ ਕੀਤਾ ਜਾਵੇਗਾ।

ਇਸ ਸਮੇਂ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਮਾਤਾ ਜੀ ਗੁਰਨਾਮ ਕੌਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਇਸ ਮੌਕੇ ਸਟੇਜ ਤੋਂ ਸਰਬਸੰਤੀ ਨਾਲ 5 ਮਤੇ ਪਾਸ ਕੀਤੇ ਗਏ ਜੋ ਪੰਚ ਪ੍ਰਧਾਨੀ ਦੇ ਕੌਮੀ ਵਿਸ਼ੇਸ਼ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਪੜ੍ਹ ਕੇ ਸੁਣਾਏ।

ਇਸ ਮੌਕੇ ਉਕਤ ਤੋਂ ਬਿਨਾਂ ਭਾਈ ਕੁਲਬੀਰ ਸਿੰਘ,  ਬੜਾ ਪਿੰਡ ਸਤਨਾਮ ਸਿੰਘ ਪਾਉਂਟਾ ਸਾਹਿਬ, ਬਾਬਾ ਧਰਮਵੀਰ ਸਿੰਘ ਘਰਾਂਗਣੇ ਵਾਲੇ, ਸੁਰਿੰਦਰ ਸਿੰਘ ਕਿਸ਼ਨਪੁਰਾ, ਜਸਵੀਰ ਸਿੰਘ ਖੰਡੂਰ, ਅਮਰੀਕ ਸਿੰਘ ਈਸੜੂ, ਬਾਬਾ ਹਰਦੀਪ ਸਿੰਘ ਮਹਿਰਾਜ, ਕਮਿੱਕਰ ਸਿੰਘ ਮੁਕੰਦਪੁਰ,  ਮਨਜਿੰਦਰ ਸਿੰਘ ਜੰਡੀ, ਸੁਖਵਿੰਦਰ ਸਿੰਘ ਸਤਿਕਾਰ ਸਭਾ, ਬੀਬੀ ਪ੍ਰਵਿੰਦਰ ਕੌਰ, ਦਰਸ਼ਨ ਸਿੰਘ ਜਗ੍ਹਾ ਰਾਮ ਤੀਰਥ, ਗੁਰਮੀਤ ਸਿੰਘ ਗੋਗਾ, ਡਾ. ਜਸਵੀਰ ਸਿੰਘ ਡਾਂਗੋ, ਗੁਰਪ੍ਰੀਤਮ ਸਿੰਘ ਚੀਮਾ, ਬਲਜਿੰਦਰ ਸਿੰਘ ਏਕਨੂਰ ਖਾਲਸਾ ਫ਼ੌਜ, ਸਰਪੰਚ ਗੁਰਮੁਖ ਸਿੰਘ ਡਡਹੇੜੀ, ਪਲਵਿੰਦਰ ਸਿੰਘ ਤਲਵਾੜਾ, ਦਰਸ਼ਨ ਸਿੰਘ ਬੈਣੀ, ਭਗਵੰਤ ਸਿੰਘ ਮਹੱਦੀਆਂ, ਪ੍ਰਮਿੰਦਰ ਸਿੰਘ ਕਾਲਾ, ਅਮਰਜੀਤ ਸਿੰਘ ਬਡਗੁਜਰਾਂ, ਮਿਹਰ ਸਿੰਘ ਬਸੀ, ਕਿਹਰ ਸਿੰਘ ਮਾਰਵਾ, ਹਰਪ੍ਰੀਤ ਸਿੰਘ ਹੈਪੀ ਆਦਿ ਨੇ ਵੀ ਸੰਬੋਧਨ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version