ਚੰਡੀਗਡ਼੍ਹ ( 27 ਨਵੰਬਰ, 2015):ਪਿਛਲੇ ਦਿਨੀ ਬਠਿੰਡਾ ਦੇ ਪਿੰਡ ਹਮੀਰਗੜ੍ਹ ਵਿੱਚ ਪੰਜਾਬ ਦੇ ਪੰਚਾਇਤ ਮੰਤਰੀ ਸ਼ਿਕੰਦਰ ਸਿੰਘ ਮਲੂਕਾ ਦੇ ਸਮਰਥਕਾਂ ਵੱਲੋਂ ਜਰਨੈਲ ਸਿੰਘ ਨਾਮੀ ਵਿਅਕਤੀ ਦੀ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਅਰਜ਼ੀ ਦਾਖਲ ਕਰਕੇ ਪੰਚਾਇਤ ਮੰਤਰੀ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਤਿੀ ਹੈ।
ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਚੰਡੀਗੜ੍ਹ ਤੋਂ ਨਸ਼ਰ ਖਬਰ ਅਨੁਸਾਰ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਵਕੀਲ ਦਿਨੇਸ਼ ਚੱਢਾ ਨੇ ਪਟੀਸ਼ਨ ਦਾਇਰ ਕਰ ਕੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਵਿਰੁੱਧ ਪੁਲੀਸ ਕੇਸ ਦਰਜ ਕਰਨ ਦੀ ਮੰਗ ਕਰਦਿਆਂ ਪੰਚਾਇਤ ਮੰਤਰੀ ਅਤੇ ਉਨ੍ਹਾਂ ਦੇ ਸਮਰਥਕਾਂ ’ਤੇ ਬਜ਼ੁਰਗ ਜਰਨੈਲ ਸਿੰਘ ਦੀ ਕੁੱਟਮਾਰ ਕਰਨ ਦਾ ਦੋਸ਼ ਲਾੲਿਆ ਗਿਆ ਹੈ ਅਤੇ ਮੰਗ ਕੀਤੀ ਹੈ ਕਿ ਪੰਜਾਬ ਪੁਲੀਸ ਦੇ ਮੁਖੀ ਨੂੰ ਮੰਤਰੀ ਖ਼ਿਲਾਫ਼ ਪਰਚਾ ਦਰਜ ਕਰਨ ਦੇ ਆਦੇਸ਼ ਦਿੱਤੇ ਜਾਣ।
ਕਮਿਸ਼ਨ ਨੇ ਪਟੀਸ਼ਨ ’ਤੇ ਪਡ਼ਤਾਲ ਸ਼ੁਰੂ ਕਰ ਦਿੱਤੀ ਹੈ। ਪਟੀਸ਼ਨ ਅਨੁਸਾਰ 65 ਸਾਲਾ ਬਜ਼ੁਰਗ ਜਰਨੈਲ ਸਿੰਘ ਦੀ ਹਾਲਤ ਗੰਭੀਰ ਹੈ ਅਤੇ ੳੁਹ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿੱਚ ਜ਼ੇਰੇ ਇਲਾਜ ਹੈ। ਕੁੱਟਮਾਰ ਦੀ ਘਟਨਾ 17 ਨਵੰਬਰ ਨੂੰ ਵਾਪਰੀ ਸੀ।
ਪਟੀਸ਼ਨ ਵਿੱਚ ਦੋਸ਼ ਲਾੲਿਆ ਹੈ ਕਿ ਕੈਬਨਿਟ ਮੰਤਰੀ ਨੇ ਕਥਿਤ ਤੌਰ ’ਤੇ ਬਜ਼ੁਰਗ ਦੇ ਥੱਪਡ਼ ਮਾਰਿਆ ਸੀ ਅਤੇ ਉਸਦੇ ਸਮਰਥਕਾਂ ਨੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਮਲੂਕਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਵਿਚਲੀ ਸਦਭਾਵਨਾ ਰੈਲੀ ਲੲੀ ਜਨਤਾ ਨੂੰ ਪ੍ਰੇਰਨ ਵਾਸਤੇ ਮੀਟਿੰਗ ਸੱਦੀ ਗੲੀ ਸੀ। ੳੁਸ ਮੀਟਿੰਗ ਵਿੱਚ ਜਰਨੈਲ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ ਵਿੱਚ ਰੋਸ ਜ਼ਾਹਰ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ’ਤੇ ਮੰਤਰੀ ਨੇ ਕਥਿਤ ਤੌਰ ’ਤੇ ਬਜ਼ੁਰਗ ਦੇ ਥੱਪਡ਼ ਮਾਰ ਦਿੱਤਾ ਅਤੇ ਬਾਅਦ ਵਿੱਚ ਬਜ਼ੁਰਗ ਦੀ ਕੁੱਟਮਾਰ ਕੀਤੀ ਗੲੀ।