ਸਿੱਖ ਖਬਰਾਂ

ਫਿਲਮ “ਨਾਨਕ ਸ਼ਾਹ ਫਕੀਰ” ਦੀ ਟੀਮ ਖਿਲਾਫ ਬਠਿੰਡਾ ਵਿੱਚ ਹੋਇਆ ਕੇਸ ਦਰਜ਼

By ਸਿੱਖ ਸਿਆਸਤ ਬਿਊਰੋ

March 31, 2015

ਬਠਿੰਡਾ (30 ਮਾਰਚ, 2015): ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਸਾਹਿਬ ਜੀ  ਦੇ ਜੀਵਨ ‘ਤੇ ਬਣੀ ਫਿਲਮ “ਨਾਨਕ ਸ਼ਾਹ ਫਕੀਰ” ਵਿੱਚ ਗੁਰੂ ਸਹਿਬ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਫਿਲਮੀ ਪਰਦੇ ‘ਤੇ ਫਿਲਮਾਉਣ ਖਿਲਾਫ ਸਿੱਖਾਂ ਵਿੱਚ ਵਿਆਪਕ ਪੱਧਰ ‘ਤੇ ਰੋਸ ਫੈਲਦਾ ਜਾ ਰਿਹਾ ਹੈ।ਕਿਉਕਿ ਗੁਰੂ ਸਾਹਿਬ ਜੀ ਦੀ ਕਿਸੇ ਵੀ ਤਰਾਂ ਦੀ ਪੇਸ਼ਕਾਰੀ ਦੀ ਸਿੱਖ ਧਰਮ ਵਿੱਚ ਸ਼ਖਤੀ ਨਾਲ ਮਨਾਹੀ ਹੈ।

ਫ਼ਿਲਮ ”ਨਾਨਕ ਸ਼ਾਹ ਫਕੀਰ” ਵਿਚ ਕਲਾਕਾਰਾਂ ਦੁਆਰਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀ ਭੈਣ ਬੇਬੇ ਨਾਨਕੀ ਜੀ ਦਾ ਕਿਰਦਾਰ ਨਿਭਾਅ ਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਮਾਮਲੇ ਵਿਚ ਅੱਜ ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਦੇ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਫ਼ਿਲਮ ਦੀ ਟੀਮ ਖਿਲਾਫ਼ ਬਠਿੰਡਾ ਦੀ ਅਦਾਲਤ ਵਿਚ ਕੇਸ ਦਾਇਰ ਕੀਤਾ ਗਿਆ ।

ਸਥਾਨਕ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਇਕਾਈ ਜ਼ਿਲ੍ਹਾ ਬਠਿੰਡਾ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਪਰਨਜੀਤ ਸਿੰਘ ਜੱਗੀ (ਕੋਟਫੱਤਾ), ਸ਼ਹਿਰੀ ਪ੍ਰਧਾਨ ਹਰਜਿੰਦਰ ਸਿੰਘ ਕਾਕਾ ਅਤੇ ਸੁਰਿੰਦਰ ਸਿੰਘ ਨਥਾਣਾ ਹਲਕਾ ਇੰਚਾਰਜ਼ ਲੋਕ ਸਭਾ ਬਠਿੰਡਾ ਨੇ ਦੱਸਿਆ ਕਿ ਫ਼ਿਲਮ ਵਿਚ ਜਿਨ੍ਹਾਂ ਕਲਾਕਾਰਾਂ ਨੇ ਗੁਰੂ ਸਾਹਿਬ ਅਤੇ ਉਨ੍ਹਾਂ ਦੀ ਭੈਣ ਬੇਬੇ ਨਾਨਕੀ ਜੀ ਦਾ ਰੋਲ ਨਿਭਾਇਆ ਹੈ ਉਹ ਆਪ ਜਿੰਦਗੀ ਵਿਚ ਪੱਤਤ ਅਤੇ ਵਿਸ਼ੇ ਵਿਕਾਰਾਂ ਵਾਲੀ ਜਿੰਦਗੀ ਜੀਅ ਰਹੇ ਹਨ ।

ਉਨ੍ਹਾਂ ਦੱਸਿਆ ਕਿ ਅੱਜ ਭਾਈ ਓਾਕਾਰ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਬਰਨਾਲਾ, ਭਾਈ ਗੁਰਪ੍ਰੀਤ ਸਿੰਘ, ਭਾਈ ਕੁਲਦੇਵ ਸਿੰਘ, ਸੁਰਜੀਤ ਸਿੰਘ ਹੈਪੀ, ਭਾਈ ਗੁਰਇੰਦਰਪਾਲ ਸਿੰਘ ਅਤੇ ਹੋਰ ਸੀਨੀਅਰ ਆਗੂ ਮਿਲ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਭਾਈ ਗੁਰਮੁਖ ਸਿੰਘ ਨਾਲ ਮੀਟਿੰਗ ਕਰਨ ਉਪਰੰਤ ਇਕ ਮਤਾ ਪਾਸ ਕੀਤਾ ਗਿਆ ਕਿ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕਰਵਾਉਣ ਲਈ ਕੇਸ ਕੀਤਾ ਜਾਵੇ ।

ਇਸੇ ਕਰਕੇ ਜ਼ਿਲ੍ਹਾ ਪ੍ਰਧਾਨ ਪਰਨਜੀਤ ਸਿੰਘ ਜੱਗੀ, ਹਰਜਿੰਦਰ ਸਿੰਘ ਕਾਕਾ ਅਤੇ ਭਾਈ ਸੁਰਿੰਦਰ ਸਿੰਘ ਨਥਾਣਾ ਦੇ ਬਿਆਨਾਂ ਉਪਰ ਐਡਵੋਕੇਟ ਚਰਨਪਾਲ ਸਿੰਘ ਬਰਾੜ ਰਾਹੀਂ ਬਠਿੰਡਾ ਅਦਾਲਤ ਵਿਚ ਕੇਸ ਦਾਇਰ ਕੀਤਾ ਗਿਆ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: