ਚੰਡੀਗੜ੍ਹ: ਵਿਵਾਦਿਤ ਫਿਲਮ ਨਾਨਕ ਸ਼ਾਹ ਫਕੀਰ ਨੂੰ ਭਾਵੇਂ ਸਿੱਖ ਭਾਵਨਾਵਾਂ ਨੂੰ ਮੰਨਦਿਆਂ ਬਾਰਤ ਸਰਕਾਰ ਨੇ ਬੈਨ ਨਹੀਂ ਕੀਤਾ ਪਰ ਸਿੱਖਾਂ ਦੇ ਰੋਸ ਦੇ ਚਲਦਿਆਂ ਭਾਰਤ ਦੇ ਸਿਨੇਮਾ ਮਾਲਕਾਂ ਨੇ ਫਿਲਮ ਚਲਾਉਣ ਤੋਂ ਹੱਥ ਪਿੱਛੇ ਖਿੱਚ ਲਏ ਹਨ ਤੇ ਹੁਣ ਤਕ ਦੀ ਜਾਣਕਾਰੀ ਅਨੁਸਾਰ ਪੰਜਾਬ ਤੋਂ ਇਲਾਵਾ ਚੰਡੀਗੜ੍ਹ ਖੇਤਰ, ਹਰਿਆਣਾ ਵਿਚ ਵੀ ਕਿਸੇ ਸਿਨੇਮਾ ਮਾਲਕ ਨੇ ਇਸ ਵਿਵਾਦਿਤ ਫਿਲਮ ਦੀ ਸਕਰੀਨਿੰਗ ਨਹੀਂ ਕੀਤੀ।
ਜਿਕਰਯੋਗ ਹੈ ਕਿ ਸਿੱਖ ਸੰਗਤਾਂ ਵਲੋਂ ਲਗਾਤਾਰ ਰੋਸ ਮੁਜ਼ਾਹਰਿਆਂ ਦੇ ਨਾਲ ਇਸ ਫਿਲਮ ਨੂੰ ਨਾ ਚਲਾਉਣ ਲਈ ਸਿਨੇਮਾ ਪ੍ਰਬੰਧਕਾਂ ਨੂੰ ਕਿਹਾ ਜਾ ਰਿਹਾ ਸੀ ਤੇ ਕਈ ਸਿਨੇਮਾ ਘਰਾਂ ਵਿਚ ਲੱਗੇ ਇਸ ਵਿਵਾਦਿਤ ਫਿਲਮ ਦੇ ਪੋਸਟਰ ਅਤੇ ਫਲੈਕਸ ਵੀ ਉਤਰਵਾਏ ਗਏ ਸੀ।
ਸਿੱਖ ਸੰਗਤਾਂ ਦਾ ਵਿਰੋਧ ਜਾਰੀ: ਬੀਤੇ ਕਲ੍ਹ ਫਿਲਮ ਨਿਰਮਾਤਾ ਨੂੰ ਖਾਲਸਾ ਪੰਥ ਵਿਚੋਂ ਛੇਕ ਦਿੱਤੇ ਜਾਣ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਤੋਂ ਬਾਅਦ ਫਿਲਮ ਖਿਲਾਫ ਸਿੱਖ ਸੰਗਤਾਂ ਦੇ ਸ਼ਾਂਤਮਈ ਰੋਸ ਪ੍ਰਦਰਸ਼ਨ ਅੱਜ ਵੀ ਜਾਰੀ ਰਹੇ। ਸਮੁੱਚੇ ਸਿੱਖ ਜਗਤ ਵਲੋਂ ਇਸ ਫਿਲਮ ਨੂੰ ਰੱਦ ਕਰਨ ਦੇ ਬਾਵਜੂਦ ਭਾਰਤ ਸਰਕਾਰ ਵਲੋਂ ਇਸ ਉੱਤੇ ਬੈਨ ਨਾ ਲਾਏ ਜਾਣ ਦੇ ਰੋਸ ਵਜੋਂ ਅੱਜ ਫਤਹਿਗੜ੍ਹ ਸਾਹਿਬ ਵਿਖੇ ਸਿੱਖ ਸੰਗਤਾਂ ਵਲੋਂ ਰੇਲ ਰੋਕ ਕੇ ਪ੍ਰਦਰਸ਼ਨ ਕੀਤਾ ਗਿਆ।
ਇਸ ਤੋਂ ਇਲਾਵਾ ਫਿਲਮ ‘ਤੇ ਰੋਕ ਨਾ ਲਾਏ ਜਾਣ ਦੇ ਰੋਸ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪਣੇ ਸਾਰੇ ਵਿਦਿਅਕ ਅਦਾਰੇ ਬੰਦ ਰੱਖੇ ਗਏ।
ਬੀਤੇ ਕੱਲ੍ਹ ਸਿੱਖ ਨੌਜਵਾਨਾਂ ਦੀ ਜਥੇਬੰਦੀ ਸਿੱਖ ਯੂਥ ਆਫ ਪੰਜਾਬ ਵਲੋਂ ਪੰਜਾਬ ਵਿਚ ਭਾਰਤ ਸਰਕਾਰ ਦੇ ਨੁਮਾਂਇੰਦੇ ਗਵਰਨਰ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖੇ ਸੰਕੇਤਕ ਰੋਸ ਪ੍ਰਦਰਸ਼ਨ ਕਰਦਿਆਂ ਆਪਣੀਆਂ ਗ੍ਰਿਫਤਾਰੀਆਂ ਦਿੰਦਿਆਂ ਭਾਰਤ ਸਰਕਾਰ ਨੂੰ ਇਸ ਫਿਲਮ ‘ਤੇ ਰੋਕ ਲਾਉਣ ਲਈ ਕਿਹਾ ਗਿਆ।
ਜਲੰਧਰ ਵਿਚ ਫਿਲਮ ਖਿਲਾਫ ਪ੍ਰਦਰਸ਼ਨ ਕਰਦਿਆਂ ਫਿਲਮ ਨਿਰਮਾਤਾ ਹਰਿੰਦਰ ਸਿੱਕਾ ਦਾ ਪੁਤਲਾ ਫੂਕਿਆ ਗਿਆ। ਫਿਰੋਜ਼ਪੁਰ ਵਿਖੇ ਵੀ ਫਿਲਮ ਖਿਲਾਫ ਪ੍ਰਦਰਸ਼ਨ ਕੀਤਾ ਗਿਆ।
ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਸਿਰਸਾ, ਕਰਨਾਲ, ਯਮੁਨਾਨਗਰ ਅਤੇ ਕੁਰੂਕਸ਼ੇਤਰ ਵਿਚ ਫਿਲਮ ਨਾਨਕ ਸ਼ਾਹ ਫਕੀਰ ਖਿਲਾਫ ਸਿੱਖ ਸੰਗਤਾਂ ਨੇ ਪ੍ਰਦਰਸ਼ਨ ਕਰਦਿਆਂ ਫਿਲਮ ਉੱਤੇ ਮੁਕੰਮਲ ਪਬੰਦੀ ਲਾਉਣ ਦੀ ਮੰਗ ਕੀਤੀ।
ਜਿਕਰਯੋਗ ਹੈ ਕਿ 2015 ਵਿਚ ਵੀ ਇਸ ਫਿਲਮ ਦੇ ਨਿਰਮਾਤਾ ਹਰਿੰਦਰ ਸਿੱਕਾ ਨੇ ਫਿਲਮ ਰਿਲੀਜ਼ ਕਰ ਦਿੱਤੀ ਸੀ, ਪਰ ਸਿੱਖ ਸੰਗਤਾਂ ਦੇ ਵਿਰੋਧ ਦੇ ਚਲਦਿਆਂ ਅਤੇ ਸਿਨੇਮਾ ਮਾਲਕਾਂ ਵਲੋਂ ਫਿਲਮ ਦੀ ਸਕਰੀਨਿੰਗ ਤੋਂ ਹੱਥ ਪਿੱਛੇ ਖਿੱਚਣ ਮਗਰੋਂ ਨਿਰਮਾਤਾ ਨੇ ਇਸ ਫਿਲਮ ਨੂੰ ਵਾਪਿਸ ਲੈ ਲਿਆ ਸੀ।