ਚੰਡੀਗੜ੍ਹ (11 ਮਈ, 2015): ਆਮ ਆਦਮੀ ਪਾਰਟੀ ਪੰਜਾਬ ਇਕਾਈ ਵਿੱਚ ਮਤਭੇਦਾਂ ਦੇ ਚੱਲਦਿਆਂ ਅੱਜ ਪੰਜਾਬ ਕਾਰਜ਼ਕਾਰਨੀ ਦੇ ਅੱਠਾਂ ਵਿੱਚੋਂ ਪੰਜ ਮੈਂਬਰਾਂ ਨੇ ਫੰਜਾਬ ਇਕਾਈ ਦੇ ਕਨਵੀਨਰ ਸ੍ਰ. ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਦੇ ਕਨਵੀਨਰ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਕਰ ਦਿੱਤਾ ਹੈ।
ਉਧਰ ਆਮ ਆਦਮੀ ਪਾਰਟੀ (ਆਪ) ਦੀ ਹਾਈਕਮਾਨ ਨੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਅਹੁਦੇ ਤੋਂ ਹਟਾਉਣ ਤੋਂ ਇਨਕਾਰ ਕਰਦਿਆਂ ਡਾ: ਦਲਜੀਤ ਸਿੰਘ ਅੰਮ੍ਰਿਤਸਰ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਦੇ ਸੰਕੇਤ ਦੇ ਦਿੱਤੇ ਹਨ। ਆਪ ਦੇ ਕੌਮੀ ਬੁਲਾਰੇ ਤੇ ਪੰਜਾਬ ਇਕਾਈ ਦੇ ਇੰਚਾਰਜ ਸੰਜੇ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਸ੍ਰ. ਛੋਟੇਪੁਰ ਨੂੰ ਅਹੁਦੇ ਤੋਂ ਹਟਾਉਣ ਦੀਆਂ ਖ਼ਬਰਾਂ ਪੂਰੀ ਤਰ੍ਹਾਂ ਨਿਰਆਧਾਰ ਹਨ।
ਸੰਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਛੋਟੇਪੁਰ ਨੂੰ ਅਹੁਦੇ ਤੋਂ ਲਾਹੁਣ ਬਾਰੇ ਪੰਜਾਬ ਦੇ ਕਿਸੇ ਆਗੂ ਕੋਲੋਂ ਕੋਈ ਮਤਾ ਨਹੀਂ ਮਿਲਿਆ ਅਤੇ ਡਾ. ਦਲਜੀਤ ਸਿੰਘ ਨੂੰ ਅਜਿਹਾ ਫੈਸਲਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਡਾ. ਦਲਜੀਤ ਸਿੰਘ ਨੇ ਅਖ਼ਬਾਰਾਂ ਵਿਚ ਅਜਿਹਾ ਬਿਆਨ ਦੇ ਕੇ ਅਨੁਸ਼ਾਸਨ ਭੰਗ ਕੀਤਾ ਹੈ ਅਤੇ ਨਿਸ਼ਚਿਤ ਤੌਰ ’ਤੇ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ ਸੰਪਰਕ ਕਰਨ ’ਤੇ ਆਪ ਦੀ ਪੰਜਾਬ ਇਕਾਈ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਡਾ: ਦਲਜੀਤ ਸਿੰਘ ਨੇ ਆਪਣੇ ਸਟੈਂਡ ਉਪਰ ਕਾਇਮ ਰਹਿੰਦਿਆਂ ਕਿਹਾ ਕਿ ਪੰਜਾਬ ਦੀ ਕਾਰਜਕਾਰਨੀ ਕਮੇਟੀ ਦੇ 8 ਮੈਂਬਰਾਂ ਵਿੱਚੋਂ ਉਨ੍ਹਾਂ ਸਮੇਤ ਪੰਜ ਮੈਂਬਰਾਂ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ, ਪ੍ਰੋਫੈਸਰ ਸਾਧੂ ਸਿੰਘ ਤੇ ਭਗਵੰਤ ਮਾਨ ਅਤੇ ਯਾਮਨੀ ਗੌਰ ਨੇ ਸ੍ਰੀ ਛੋਟੇਪੁਰ ਨੂੰ ਕਨਵੀਨਰ ਦੇ ਅਹੁਦੇ ਤੋਂ ਲਾਹੁਣ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਵੱਲੋਂ ਸ੍ਰੀ ਛੋਟੇਪੁਰ ਨੂੰ ਅਹੁਦੇ ਤੋਂ ਖਾਰਜ ਕਰਕੇ ਹਾਈਕਮਾਨ ਨੂੰ ਮਹਿਜ਼ ਸੂਚਿਤ ਹੀ ਕੀਤਾ ਹੈ ਨਾ ਕਿ ਅਗਲੀ ਕਾਰਵਾਈ ਕਰਨ ਲਈ ਕਿਹਾ ਹੈ।
ਉਨ੍ਹਾਂ ਇਹ ਫੈਸਲਾ 9 ਮਈ ਨੂੰ ਦਿੱਲੀ ਵਿਖੇ ਮੀਟਿੰਗ ਕਰਕੇ ਲਿਆ ਹੈ ਕਿਉਂਕਿ ਸੰਵਿਧਾਨਿਕ ਤੌਰ ’ਤੇ ਸ੍ਰੀ ਛੋਟੇਪੁਰ ਨੂੰ ਅਹੁਦੇ ਤੋਂ ਲਾਹੁਣ ਦਾ ਕਾਰਜਕਾਰਨੀ ਕਮੇਟੀ ਨੂੰ ਪੂਰਨ ਅਧਿਕਾਰ ਹੈ। ਡਾ. ਦਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਮੁਤਾਬਕ ਹਾਈਕਮਾਨ ਨੂੰ ਸੰਵਿਧਾਨ ਤਹਿਤ ਪੰਜਾਬ ਕਾਰਜਕਾਰਨੀ ਦਾ ਫੈਸਲਾ ਰੱਦ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਜੇ ਫਿਰ ਵੀ ਹਾਈਕਮਾਨ ਉਨ੍ਹਾਂ ਨੂੰ ਸਿੱਧ ਕਰ ਦੇਵੇ ਕਿ ਸੰਵਿਧਾਨ ਮੁਤਾਬਕ ਉਹ ਫੈਸਲਾ ਰੱਦ ਕਰ ਸਕਦੀ ਹੈ ਤਾਂ ਅਸੀਂ ਮੁਆਫ਼ੀ ਮੰਗ ਲਵਾਂਗੇ।
ਇਸੇ ਦੌਰਾਨ ਅੱਜ ਸ਼ਾਮ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਹਾਈਕਮਾਨ ਨੂੰ ਉਨ੍ਹਾਂ ਉਪਰ ਪੂਰਾ ਵਿਸ਼ਵਾਸ ਹੈ ਅਤੇ ਉਹ ਅੱਜ ਵੀ ਅਹੁਦੇ ਉਪਰ ਕਾਇਮ ਹਨ। ਉਨ੍ਹਾਂ ਡਾ. ਦਲਜੀਤ ਸਿੰਘ ਦੇ ਦੋਸ਼ਾਂ ਨੂੰ ਗਲਤ ਦੱਸਦਿਆਂ ਕਿਹਾ ਕਿ ਸੰਵਿਧਾਨ ਮੁਤਾਬਕ ਕਾਰਜਕਾਰਨੀ ਦੀਆਂ ਸਾਲ ਵਿੱਚ ਚਾਰ ਮੀਟਿੰਗਾਂ ਕਰਨੀਆਂ ਲਾਜ਼ਮੀ ਹਨ ਅਤੇ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਦੀ ਮੌਜੂਦਗੀ ਵਿੱਚ ਚਾਰ ਮੀਟਿੰਗਾਂ ਹੋ ਚੁੱਕੀਆਂ ਹਨ।