Site icon Sikh Siyasat News

ਪ੍ਰੈਸ ਕਾਨਫਰੰਸ ਦੌਰਾਨ ‘ਆਪ’ ‘ਤੇ ਛੋਟੇਪੁਰ ਦੀ ਨਾਰਾਜ਼ਗੀ ਦਾ ਲਾਵਾ ਫੁੱਟਿਆ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ 21 ਆਗੂਆਂ ਵਲੋਂ ਕੇਜਰੀਵਾਲ ਨੂੰ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦੀ ਚਿੱਠੀ ਲਿਖਣ ਤੋਂ ਇਕ ਦਿਨ ਬਾਅਦ ਅੱਜ (26 ਅਗਸਤ) ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਖਚਾਖਚ ਭਰੀ ਪ੍ਰੈਸ ਕਾਨਫਰੰਸ ਦੌਰਾਨ ਸੁੱਚਾ ਸਿੰਘ ਛੋਟੇਪੁਰ ਦੀ ਨਾਰਾਜ਼ਗੀ ਦਾ ਲਾਵਾ ਫੁੱਟ ਪਿਆ।

ਛੋਟੇਪੁਰ ਨੇ ਕਿਹਾ ਕਿ ਮੈਂ ਦਿਨ ਰਾਤ ਇਕ ਕਰਕੇ ਪਾਰਟੀ ਨੂੰ ਪੰਜਾਬ ਵਿਚ ਪੈਰਾਂ ਭਾਰ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਾ ਤਾਂ ਆਮ ਆਦਮੀ ਪਾਰਟੀ ਦਾ ਕੋਈ ਬੈਂਕ ਖਾਤਾ ਹੈ, ਨਾ ਹੀ ਕੇਂਦਰੀ ਲੀਡਰਸ਼ਿਪ ਵਲੋਂ ਪਾਰਟੀ ਨੂੰ ਚਲਾਉਣ ਲਈ ਕੋਈ ਫੰਡ ਦਿੱਤਾ ਜਾਂਦਾ ਹੈ। ਪਾਰਟੀ ਦੀਆਂ ਸਰਗਰਮੀਆਂ ਚਲਾਉਣ ਲਈ ਆਮ ਆਦਮੀ ਪਾਰਟੀ ਦੇ ਸ਼ੁਭ ਚਿੰਤਕਾਂ ਵਲੋਂ ਪੈਸਾ ਦਿੱਤਾ ਜਾਂਦਾ ਰਿਹਾ ਹੈ।

ਸੁੱਚਾ ਸਿੰਘ ਛੋਟੇਪੁਰ ਨੇ ਦੱਸਿਆ ਕਿ ਜਦੋਂ ਦਿੱਲੀ ਵਿਧਾਨ ਸਭਾ ਚੋਣਾਂ ਸੀ ਤਾਂ ਮੈਂ ਖੁਦ 20 ਲੱਖ ਰੁਪਏ ਪਾਰਟੀ ਨੂੰ ਫੰਡ ਦੇ ਰੂਪ ਵਿਚ ਦਿੱਤੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚੋਂ ਕੁਲ 80 ਲੱਖ ਰੁਪਏ ਦਿੱਲੀ ਵਿਖੇ ਪਾਰਟੀ ਨੂੰ ਦਿੱਤੇ ਗਏ।

ਛੋਟੇਪੁਰ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ (ਮਾਛੀਵਾੜਾ) ਲੁਧਿਆਣਾ ਦੇ ਦੋ ਨੌਜਵਾਨ ਜਦੋਂ ਸਪਰੰਚ ਅਤੇ ਐਸ.ਐਚ.ਓ. ਦੀ ਮਿਲੀ ਭੁਗਤ ਨਾਲ ਮਾਰੇ ਗਏ ਸੀ ਤਾਂ ਪਾਰਟੀ ਨੇ ਉਨ੍ਹਾਂ ਨੌਜਵਾਨਾਂ ਦੇ ਪਰਿਵਾਰ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ ਜੋ ਕਿ ਦਿੱਤੇ ਨਹੀਂ। ਛੁਟੇਪੁਰ ਨੇ ਦੱਸਿਆ ਕਿ ਉਸ ਪਰਿਵਾਰ ਨੂੰ ਵੀ ਉਨ੍ਹਾਂ ਨੇ ਪੈਸੇ ਥੋੜ੍ਹੇ-ਥੋੜ੍ਹੇ ਕਰਕੇ ਦਿੱਤੇ।

ਇਕ ਹੋਰ ਘਟਨਾ ਦਾ ਜ਼ਿਕਰ ਕਰਦੇ ਹੋਏ ਛੋਟੇਪੁਰ ਨੇ ਦੱਸਿਆ ਕਿ ਅਹਿਮਦਗੜ੍ਹ ਕੋਲ ਪਾਰਟੀ ਵਰਕਰ ‘ਤੇ ਕਿਸੇ ਨੇ ਤੇਜ਼ਾਬ ਸੁੱਟ ਦਿੱਤਾ ਸੀ, ਬਾਅਦ ‘ਚ ਉਸਨੇ ਖੁਦਕੁਸ਼ੀ ਕਰ ਲਈ ਸੀ ਉਸਨੂੰ ਵੀ ਕੇਂਦਰੀ ਲੀਡਰਸ਼ਿਪ ਨੇ ਵਾਅਦਾ ਕਰਕੇ ਕੋਈ ਪੈਸਾ ਨਹੀਂ ਦਿੱਤਾ।

ਪ੍ਰੈਸ ਕਾਨਫਰੰਸ ਦੌਰਾਨ ਸੁੱਚਾ ਸਿੰਘ ਛੋਟੇਪੁਰ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ

ਭ੍ਰਿਸ਼ਟਾਚਾਰ ਦੇ ਲੱਗੇ ਦੋਸ਼ਾਂ ਜਵਾਬ ਦਿੰਦੇ ਹੋਏ ਛੋਟੇਪੁਰ ਨੇ ਕਿਹਾ ਸਿਰਫ ‘ਆਪ’ ਨਾਲ ਜੁੜੇ ਹੋਏ ਢਾਈ ਸਾਲ ਹੀ ਨਹੀਂ ਆਪਣੀ ਜ਼ਿੰਦਗੀ ਦੇ 40 ਸਾਲਾਂ ਦੇ ਸਿਆਸੀ ਕਰੀਅਰ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਉਣ ਲਈ ਤਿਆਰ ਹਨ।

ਆਪਣੀ ਨਾਰਾਜ਼ਗੀ ਜਾਹਰ ਕਰਦੇ ਹੋਏ ਉਨ੍ਹਾਂ ਕਿਹਾ, ‘ਆਪ’ ਸਹੀ ਹੀ ਕਹਿੰਦੀ ਸੀ ਕਿ ਅਸੀਂ ਸਿਆਸਤ ਬਦਲਣ ਆਏ ਹਾਂ, ਇਥੇ ਪਾਰਟੀ ਮੈਨੂੰ ਫਸਾ ਰਹੀ ਹੈ ਅਤੇ ਵਿਰੋਧੀ ਬਚਾ ਰਹੇ ਹਨ, ਸਹੀ ਗੱਲ ਹੈ, ਸਿਆਸਤ ਬਦਲ ਰਹੀ ਹੈ।”

ਦੁਰਗੇਸ਼ ਪਾਠਕ ਬਾਰੇ ਗੱਲ ਕਰਦੇ ਹੋਏ ਛੋਟੇਪੁਰ ਨੇ ਕਿਹਾ ਕਿ ਉਹ ਕਦੇ ਗੰਭੀਰ ਨਹੀਂ ਹੁੰਦਾ ਪੰਜਾਬ ਦੇ ਮਸਲਿਆਂ ‘ਤੇ। ਉਨ੍ਹਾਂ ਦੱਸਿਆ ਕਿ ਇਕ ਵਾਰ ਅੰਮ੍ਰਿਤਸਰ ਗੱਲ ਚੱਲੀ ਕਿ ‘ਆਪ’ ਦੀਆਂ 70% ਟਿਕਟਾਂ ਵਿਕਣਗੀਆਂ ਤਾਂ ਦੁਰਗੇਸ਼ ਪਾਠਕ ਇਹ ਕਹਿ ਕੇ ਖਿੱਜ ਕੇ ਚਲਾ ਗਿਆ ਕਿ “ਭਾੜ ਮੇ ਜਾਏ ਪਾਰਟੀ”।

ਚੋਣ ਯਾਦ ਪੱਤਰ ਬਾਰੇ ਛੋਟੇਪੁਰ ਨੇ ਦੱਸਿਆ ਕਿ ਉਨ੍ਹਾਂ ਰੌਲੇ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਮੈਂ ਇਹ ਵੀ ਬਿਆਨ ਦਿੱਤਾ ਸੀ ਕਿ ਆਸ਼ੀਸ਼ ਖੇਤਾਨ ਗ਼ੈਰ ਸਿੱਖ ਹੈ ਉਸਨੂੰ ਸਿੱਖ ਰਵਾਇਤਾਂ ਬਾਰੇ ਜਾਣਕਾਰੀ ਨਹੀਂ ਸੀ ਇਸ ਲਈ ਚੋਣ ਮਨੋਰਥ ਪੱਤਰ ਦੇ ਸਰਵਰਕ (ਟਾਈਟਲ) ‘ਤੇ ਦਰਬਾਰ ਸਾਹਿਬ ਦੀ ਫੋਟੋ ਲੱਗ ਗਈ।

ਛੋਟੇਪੁਰ ਨੇ ਇਸ ਗੱਲ ਦਾ ਸ਼ਿਕਵਾ ਕੀਤਾ ਕਿ ਜਿਹੜੇ 21 ਆਗੂਆਂ ਨੇ ਮੇਰੇ ਖਿਲਾਫ ਚਿੱਠੀ ਵਿਚ ਦਸਤਖਤ ਕੀਤੇ ਹਨ ਉਨ੍ਹਾਂ ਦੀਆਂ ਮਜਬੂਰੀਆਂ ਹੋ ਸਕਦੀਆਂ ਹਨ। ਪਰ ਕੰਵਰ ਸੰਧੂ, ਫੂਲਕਾ ਅਤੇ ਸੁਖਪਾਲ ਖਹਿਰਾ ਤਾਂ ਅੱਜ ਤਕ ਕੋਸ਼ਿਸ਼ ਕਰਦੇ ਰਹੇ ਕਿ ਇਹ ਦੁਖਾਂਤ ਨਾ ਵਾਪਰੇ।

READ THIS NEWS IN ENGLISH:

Sucha Singh Chhotepur’s anger erupts against central leadership of AAP 

ਛੋਟੇਪੁਰ ਨੇ ਦੱਸਿਆ ਕਿ ਜਦੋਂ ਕੇਜਰੀਵਾਲ ਸੇਵਾ ਕਰਨ ਦਰਬਾਰ ਸਾਹਿਬ ਆਇਆ ਸੀ ਤਾਂ ਉਸਨੇ ਮੈਨੂੰ ਕਿਹਾ ਕਿ ਮੈਂ ਕਿਉਂ ਪੱਤਰਕਾਰਾਂ ਨੂੰ ਇਹ ਗੱਲ ਕਹੀ ਕਿ ਚੋਣ ਮਨੋਰਥ ਪੱਤਰ ਦਾ ਸਰਵਰਕ ਮੈਨੂੰ ਨਹੀਂ ਦਿਖਾਇਆ ਗਿਆ। ਜਦੋਂ ਮੈਂ ਕੇਜਰੀਵਾਲ ਨੂੰ ਕਿਹਾ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਰਿਹਾ ਹਾਂ ਅਤੇ ਪੰਥਕ ਸਿਆਸਤ ਵਿਚ ਵੀ ਵਿਚਰਿਆ ਹਾਂ, ਮੈਂ ਕਿਵੇਂ ਕਹਿ ਸਕਦਾ ਹਾਂ ਕਿ ਮੈਂ ਟਾਈਟਲ ਦੇਖਿਆ ਸੀ। ਸਭਨੇ ਕਹਿਣਾ ਸੀ ਕਿ ਤੈਨੂੰ ਨਹੀਂ ਪਤਾ ਲੱਗਿਆ ਕਿ ਇਹ ਗੱਲਤ ਹੈ। ਮੈਂ ਕੇਜਰੀਵਾਲ ਨੂੰ ਦੱਸਿਆ ਕਿ ਅਕਾਲੀ ਦਲ ਨੇ ਮੈਨੂੰ ਅਕਾਲ ਤਖ਼ਤ ‘ਤੇ ਪੇਸ਼ ਕਰਾ ਕੇ ਪੰਥ ਵਿਚੋਂ ਕੱਢ ਦੇਣਾ ਸੀ। ਇਹ ਸੁਣ ਕੇ ਕੇਜਰੀਵਾਲ ਨੇ ਜਵਾਬ ਵਿਚ ਕਿਹਾ, “ਫਿਰ ਕਯਾ ਹੋ ਜਾਤਾ ਅਗਤ ਤੁਮਕੋ ਸਿੱਖੀ ਸੇ ਨਿਕਾਲ ਦੇਤੇ”।

ਜਦੋਂ ਮੀਡੀਆ ਨੇ ਕਿਹਾ ਕਿ 21 ਬੰਦਿਆਂ ਨੇ ਤੁਹਾਡੇ ਖਿਲਾਫ ਚਿੱਠੀ ਲਿਖੀ ਹੈ ਤਾਂ ਛੋਟੇਪੁਰ ਨੇ ਕਿਹਾ ਕਿ ਉਨ੍ਹਾਂ ਦੀਆਂ ਮਜਬੂਰੀਆਂ ਹੋ ਸਕਦੀਆਂ ਪਰ ਕੰਵਰ ਸੰਧੂ, ਖਹਿਰਾ, ਫੂਲਕਾ ਹੁਣ ਤਕ ਵੀ ਕੋਸ਼ਿਸ਼ ਕਰ ਰਹੇ ਸੀ, ਪਰ ਉਨ੍ਹਾਂ ਦੀ ਸੁਣੀ ਨਹੀਂ ਜਾ ਰਹੀ।

ਛੋਟੇਪੁਰ ਨੇ ਕਿਹਾ ਕਿ ਜਿਹੜੀ ਵੀਡੀਓ ਮੇਰੇ ਖਿਲਾਫ ਹੈ ਉਹ ਨੂੰ ਜਨਤਕ ਕੀਤਾ ਜਾਵੇ ਤਾਂ ਜੋ ਲੋਕ ਵੀ ਦੇਖ ਸਕਣ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਛੋਟੇਪੁਰ ਨੇ ਕਿਹਾ ਕਿ ਮੈਂ ਪਾਰਟੀ ਮਿਹਨਤ ਨਾਲ ਖੜ੍ਹੀ ਕੀਤੀ ਹੈ ਨਹੀਂ ਛੱਡਾਂਗਾ। ਛੋਟੇਪੁਰ ਨੇ ਕਿਹਾ ਕਿ ਮੈਂ ਲਗਾਤਾਰ ਕਹਿੰਦਾ ਰਿਹਾ ਕਿ ਮੈਂ ਮੁੱਖ ਮੰਤਰੀ ਦਾ ਦਾਅਵੇਦਾਰ ਨਹੀਂ ਹਾਂ।

ਛੋਟੇਪੁਰ ਨੇ ਦੱਸਿਆ ਕਿ ‘ਆਪ’ ਦੀ ਕੋਈ ਸੂਬਾ ਕਮੇਟੀ ਨਹੀਂ, ਸਭ ਕੰਮ ਕੇਂਦਰੀ ਲੀਡਰਸ਼ਿਪ ਨੇ ਆਪਣੇ ਹੱਥ ਵਿਚ ਰੱਖਿਆ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਟਿਕਟਾਂ ਦੀ ਵੰਡ ਵੀ ਪੰਜਾਬ ਸਰਕਾਰ ਨਾਲ ਮਿਲ ਕੇ ਹੋਈ ਹੈ ਤਾਂ ਜੋ ਕਮਜ਼ੋਰ ਉਮੀਦਵਾਰ ਖੜ੍ਹੇ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਸਟਿੰਗ ਆਪਰੇਸ਼ਨ ਪਲਾਂਟ ਕੀਤਾ ਗਿਆ ਹੈ। ਛੋਟੇਪੁਰ ਨੇ ਕਿਹਾ ਕਿ ਜੇ ਉਹ ਮੈਨੂੰ ਕੱਢਦੇ ਹਨ ਤਾਂ ਫਿਰ ਗੱਲ ਕਰਾਂਗਾ, ਹਾਲੇ ਮੈਂ ਸਿਰਫ ਆਪਣਾ ਪੱਖ ਰੱਖਾਂਗਾ।

ਸਿੱਖ ਸਿਆਸਤ ਨਿਊਜ਼ ਵਲੋਂ ਕੰਵਰ ਸੰਧੂ ਨਾਲ ਜਦੋਂ ਉਨ੍ਹਾਂ ਦੇ ਵਿਚਾਰ ਜਾਨਣ ਲਈ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਮੈਂ ਇਸ ਮਾਮਲੇ ‘ਤੇ ਹਾਲੇ ਕੋਈ ਵੀ ਟਿੱਪਣੀ ਨਹੀਂ ਕਰਾਂਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version