March 16, 2018 | By ਗੁਰਪ੍ਰੀਤ ਸਿੰਘ ਮੰਡਿਆਣੀ
ਚੰਡੀਗੜ: 14 ਮਾਰਚ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਤਿੰਨ ਸੀਨੀਅਰ ਵਜ਼ੀਰਾਂ ਨੇ ਮੁੱਖ ਮੰਤਰੀ ਨੂੰ ਇੱਕ ਸੁਰ ਹੋ ਕੇ ਕਿਹਾ ਕਿ ਆਪਣੇ ਰਾਜ ‘ਚ ਆਪਣੇ ਵਿਰੋਧੀ, ਬਾਦਲਾਂ ਦੀ ਹੀ ਤੂਤੀ ਬੋਲਦੀ ਹੈ। ਉਨਾਂ੍ਹ ਕਿਹਾ ਕਿ ਸਾਡੀ ਪਾਰਟੀ ਲੋਕਾਂ ਨਾਲ ਏਸ ਵਾਅਦੇ ਤਹਿਤ ਸੱਤਾ ਵਿੱਚ ਆਈ ਸੀ ਕਿ ਉਹ ਟ੍ਰਾਂਸਪੋਰਟ ਮਾਫੀਆ ਦੀਆਂ ਗੈਰ ਕਾਨੂੰਨੀ ਬੱਸਾਂ ਨੂੰ ਸੜਕਾਂ ਤੋਂ ਭੱਜਣੋ ਹਟਾਉਗੀ ਪਰ ਇਹਦੇ ਉਲਟ ਬਾਦਲਾਂ ਦਾ ਟ੍ਰਾਂਸਪੋਰਟ ਕਾਰੋਬਾਰ ਘਟਣ ਦੀ ਬਜਾਏ ਵਧ ਫੁੱਲ ਰਿਹਾ ਹੈ। ਅਕਾਲੀ ਲੀਡਰਾਂ ਦੇ ਅੱਗੇ ਪਿੱਛੇ ਹੂਟਰ ਮਾਰਦੀਆ ਜਿਪਸੀਆਂ ਇਓਂ ਤੁਰਦੀਆ ਨੇ ਜਿਵੇਂ ਓਹੀ ਪੰਜਾਬ ਦੇ ਵਜ਼ੀਰ ਹੋਣ।
ਇਸ ਵਿੱਚ ਬਿਕਰਮ ਸਿੰਘ ਮਜੀਠੀਆ ਤੇ ਨਿਰਮਲ ਸਿੰਘ ਕਾਹਲੋਂ ਦੀਆਂ ਮਿਸਾਲਾਂ ਦਿੱਤੀਆਂ ਗਈਆਂ। ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਮੈਂ ਇਹ ਮਾਮਲਾ ਦੋਂ ਦਫਾ ਪਹਿਲਾਂ ਵੀ ਉਠਾ ਚੁੱਕਿਆ ਹਾਂ ਪਰ ਕਾਹਲੋਂ ਦੀਆਂ ਗੱਡੀਆ ਮੂਹਰੇ ਘੁੱਗੂ ਬੋਲਣੋ ਨੀ ਹਟੇ। ਵਜ਼ੀਰੇੇ ਖਜਾਨਾ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜਿਿਲਆਂ ਦੇ ਡੀ. ਸੀ. ਤੇ ਐਸ. ਐਸ. ਪੀ ਬਾਦਲਾਂ ਦਾ ਹੁਕਮ ਇਓਂ ਮੰਨਦੇ ਨੇ ਜਿਵੇਂ ਓਹੀ ਪੰਜਾਬ ਦੇ ਮੁੱਖ ਮੰਤਰੀ ਹੋਣ।
ਮਨਪ੍ਰੀਤ ਸਿੰੰਘ ਬਾਦਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਅਜਿਹੀ ਸੂਰਤੇਹਾਲ ਦੇ ਰਹਿੰਦਿਆਂ ਆਉਂਦੀਆਂ ਲੋਕ ਸਭਾ ਚੋਣ ਦੌਰਾਨ ਕਾਂਗਰਸ ਪਾਰਟੀ ਦਾ ਇਸ ਕਦਰ ਬੁਰਾ ਹਾਲ ਹੋਣ ਦਾ ਖਾਦਸ਼ਾ ਹੈ ਕਿ ਇਕੱਲੇ ਲੰਬੀ ਵਿਧਾਨ ਸਭਾ ਹਲਕੇ ‘ਚੋਂ ਹੀ ਅਕਾਲੀਆਂ ਦੀ ਲੀਡ ਸੱਤਰ ਹਜ਼ਾਰ ਵੋਟਾਂ ਤੱਕ ਜਾ ਸਕਦੀ ਹੈ। ਮਨਪ੍ਰੀਤ ਸਿੰਘ ਬਾਦਲ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਨੇ ਵੀ ਇਹੋ ਕੁੱਝ ਮੁੱਖ ਮੰਤਰੀ ਨੂੰ ਆਖਿਆ। ਕੈਪਟਨ ਅਮਰਿੰਦਰ ਸਿੰਘ ਨੇ ਆਪਦੇ ਵਜ਼ੀਰਾਂ ਦੀਆਂ ਗੱਲਾਂ ਚੁੱਪ ਚਾਪ ਸੁਣੀਆਂ ਪਰ ਕੋਈ ਜਵਾਬ ਨਹੀਂ ਦਿੱਤਾ। ਜਦੋਂ ਵਜ਼ੀਰਾਂ ਨੇ ਅਖੀਰ ਵਿੱਚ ਇਹ ਆਖਿਆ ਕਿ ਪੰਜਾਬ ਦੇ ਲੋਕ ਇਹ ਮਹਿਸੂਸ ਕਰਦੇ ਨੇ ਕਿ ਕੈਪਟਨ ਸਰਕਾਰ ਬਾਦਲਾਂ ਨਾਲ ਰਲੀ ਹੋਈ ਹੈ ਤਾਂ ਇਹ ਤਿੱਖਾ ਮੇਹਣਾ ਵੀ ਮੁੱਖ ਮੰਤਰੀ ਦੀ ਚੁੱਪ ਨਹੀਂ ਤੋੜ ਸਕਿਆ।
ਵਜ਼ੀਰਾਂ ਦੀਆਂ ਕਹੀਆਂ ਗੱਲਾਂ ਨੂੰ ਸਿਰਫ ਗੱਲਾਂ ਨਹੀਂ ਆਖਿਆ ਜਾ ਸਕਦਾ ਬਲਕਿ ਇਹ ਮੁੱਖ ਮੰਤਰੀ ਤੇ ਲਾਏ ਗਏ ਦੋਸ਼ ਨੇ। ਜਦੋਂ ਕੋਈ ਬੰਦਾ ਆਪਦੇ ਤੇ ਲਾਏ ਗਏ ਦੋਸ਼ਾਂ ਦਾ ਜਵਾਬ ਦੇਣ ਤੋਂ ਬੇਬੱਸ ਹੋ ਜਾਵੇ ਤਾਂ ਉਹਨੂੰ ਲਾਜਵਾਬ ਹੋਣਾ ਆਖਿਆ ਜਾਂਦਾ ਹੈ। ਪਰ ਇੱਥੇੇ ਤਾਂ ਕੈਪਟਨ ਸਾਹਿਬ ਨੇ ਕੋਈ ਜਵਾਬ ਦੇਣ ਦੀ ਕੋਸ਼ਿਸ਼ ਤੱਕ ਵੀ ਨਹੀਂ ਕੀਤੀ। ਜਦੋਂ ਕੋਈ ਅਫ਼ਸਰ ਜਾਂ ਸਿਆਸਤਦਾਨ ਆਪਦੇ ਬੌਸ ਤੇ ਦੋਸ਼ ਲਾਵੇ ਤੇ ਬੌਸ ਜਵਾਬ ਨਾ ਦੇਵੇ ਤਾਂ ਉਹਦੀ ਇਹ ਚੁੱਪ ਅਸਲ ਵਿੱਚ ਦੋਸ਼ਾਂ ਦਾ ਇਕਬਾਲ ਹੀ ਹੁੰਦੀ ਹੈ।ਸੋ ਕੈਪਟਨ ਸਾਹਿਬ ਦੀ ਚੁੱਪ ਦਾ ਜਵਾਬ ਵੀ ਇਸੇ ਤਰੀਕੇ ਨਾਲ ਕੱਢਿਆ ਜਾ ਸਕਦਾ ਹੈ।
Related Topics: Captain Amrinder Singh Government, Gurpreet Singh Mandhiani, Novjot Sidhu, sukhbir singh badal