ਚੰਡੀਗੜ21 ਅਪ੍ਰੈਲ, 2015): ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਦੇ ਨਿਰਮਾਤਾ ਨੇ ਆਪਣੀ ਫਿਲਮ ਵਾਪਸ ਲੈ ਲਈ ਹੈ।ਹਰਿੰਦਰ ਸਿੱਕਾ ਨੇ ਸਿੱਖ ਕੌਮ ਦੀਆਂ ਬੇਨਤੀਆਂ ਅਤੇ ਚੇਤਾਵਨੀਆਂ ਨੂੰ ਦਰਕਿਨਾਰ ਕਰਦਿਆਂ 1 7 ਅਪ੍ਰੈਲ ਨੂੰ ਫਿਲਮ ਜਾਰੀ ਕਰ ਦਿੱਤੀ ਸੀ। ਉਸਨੇ ਕਿਹਾ ਕਿ ਫਿਲਮ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦੀਆਂ ਹਦਾਂਇਤਾਂ ‘ਤੇ ਵਾਪਸ ਲਈ ਗਈ ਹੈ।
ਇਸ ਸਬੰਧੀ ਖਬਰ ਪੰਜਾਬੀ ਖ਼ਬਰਾਂ ਦੇ ਚੈਨਲ ਪੀਟੀਸੀ ਨਿਊਜ਼ ‘ਤੇ ਹਰਿੰਦਰ ਸਿੱਕਾ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵਿਖਾਉਦਿਆਂ ਪ੍ਰਸਾਰਿਤ ਹੋਈ ਹੈ।
ਸਿੱਖ ਸਿਆਸਤ ਦੇ ਪੱਤਰਕਾਰ ਨਾਲ ਗੱਲ ਕਰਦਿਆਂ ਫਿਲਮ ਨਿਰਮਾਤਾ ਹਰਿੰਦਰ ਸਿੱਕਾ ਨੇ ਫਿਲਮ ਨੂੰ ਵਾਪਿਸ ਲੈਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਫਿਲਮ ਨੂੰ ਵਾਪਿਸ ਲੈਣ ਦੀਆਂ ਹਦਾਇਤਾਂ ਦਿੱਤੀਆਂ ਹਨ ਅਤੇ ਕਿਹਾ ਹੈ ਕਿ ਫਿਲਮ ਦੁਬਾਰਾ ਰਿਲੀਜ਼ ਕਰਨ ਤੋਂ ਪਹਿਲਾਂ ਇਤਰਾਜ਼ਯੋਗ ਦ੍ਰਿਸ਼ ਹਟਾਏ ਜਾਣ।
ਸਿੱਖ ਸਿਆਸਤ ਦੇ ਪੱਤਰਕਾਰ ਨੇ ਗਿਆਨੀ ਗੁਰਬਚਨ ਸਿੰਘ ਦੇ ਵਿਚਾਰ ਜਾਨਣ ਲਈ ਕੋਸ਼ਿਸ਼ ਕੀਤੀ ਪਰ ਮੀਟਿੰਗ ਵਿੱਚ ਰੁੱਝੇ ਹੋਣ ਕਰਕੇ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਇੱਥੇ ਇਹ ਵਰਨਣਯੋਗ ਹੈ ਕਿ ਹਰਿੰਦਰ ਸਿੱਕਾ ਦੀ ਫਿਲਮ ‘ਤੇ ਪੰਜਾਬ ਅਤੇ ਚੰਡੀਗੜ ਵਿੱਚ ਪਾਬੰਦੀ ਲਾ ਦਿੱਤੀ ਗਈ ਸੀ। ਜਦਕਿ ਦੇਸ਼ ਵਿਦੇਸ਼ ਵਿੱਚ ਸਿੱਖ ਸੰਗਤਾਂ ਵੱਲੋਂ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਭਾਰੀ ਰੋਸ ਅਤੇ ਰੋਹ ਦਾ ਮੁਜ਼ਾਹਰਾ ਕੀਤਾ ਗਿਆ ਸੀ।ਹੁਣ ਭਾਂਵੇ ਹਰਿੰਦਰ ਸਿੱਕਾ ਇਹ ਕਹਿ ਰਿਹਾ ਹੈ ਕਿ ਗਿਆਨੀ ਗੁਰਬਚਨ ਸਿੰਘ ਦੀਆਂ ਹਦਾਇਤਾਂ ਤੋਂ ਬਾਅਦ ਉਸਨੇ ਫਿਲਮ ਵਾਪਸ ਲੈਣ ਦਾ ਫੈਸਲਾ ਕੀਤਾ ਹੈ।
ਫਿਲਮ ਨੂੰ ਬਰਤਾਨੀਆ ਦੇ ਕਈ ਸਿਨੇਮਾਂ ਘਰਾਂ ਵਿੱਚੋਂ ਸਿੱਖ ਕੌਮ ਦੇ ਸਖਤ ਵਿਰੋਧ ਕਰਕੇ ਹਟਾ ਦਿੱਤਾ ਗਿਆ ਸੀ।ਇੱਥੇ ਇਹ ਵੀ ਦੱਸਣਯੋਗ ਹੈ ਕਿ ਯੂਰਪ ਵਿੱਚ ਸਿਰਫ ਬਰਤਾਨੀਆ ਵਿੱਚ ਹੀ ਫਿਲਮ ਰਿਲੀਜ਼ ਕੀਤੀ ਗਈ ਸੀ,ਇਸਤੋਂ ਬਿਨਾਂ ਪੂਰੇ ਯੁਰਪ ਵਿੱਚ ਫਿਲਮ ਕਿਸੇ ਵੀ ਸਿਨੇਮਾ ਘਰ ਵਿੱਚ ਨਹੀਂ ਲੱਗ ਸਕੀ ਸੀ।
ਕੈਨੇਡਾ ਵਿੱਚ ਵੀ ਫਿਲਮ ਨੂੰ ਵਿਖਾਉਣ ਵਾਲੀ ਕੰਪਨੀ ਨੇ ਫਿਲਮ ਨੂੰ ਵਾਪਸ ਲੈ ਲਿਆ ਸੀ। ਕੈਨੇਡਾ ਵਿੱਚ ਫਿਲਮ ਵਿਖਾਉਣ ਵਾਲੀ ਕੰਪਨੀ ਵੱਲੋਂ ਨਾਂਹ ਕਰਨ ਤੋਂ ਬਾਅਦ ਫਿਲਮ ਨਿਰਮਾਤਾ ਕੈਨੇਡਾ ਵਿੱਚ ਸਿਰਫ ਟਰਾਂਟੋ ਵਿੱਚ ਹੀ ਫਿਲਮ ਰਿਲੀਜ਼ ਕਰਨ ਵਿੱਚ ਸਫਲ ਹੋਇਆ ਸੀ।
ਇਸੇ ਤਰਾਂ ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਅਤੇ ਸਿਡਨੀ ਵਿੱਚ ਵੀ ਫਿਲਮ ਦਾ ਕੋਈ ਵੀ ਸ਼ੋਅ ਨਹੀਂ ਚੱਲ ਸਕਿਆ ਅਤੇ ਦਿੱਲੀ ਵਿੱਚ ਵੀ ਸਿੱਖਾਂ ਨੇ ਫਿਲ਼ਮ ਖਿਲਾਫ ਜ਼ੋਰਦਾਰ ਮੁਜ਼ਾਹਰੇ ਕੀਤੇ।
ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਕਿਹਾਸਿੱਖ ਕੌਮ ਦੇ ਸਾਹਮਣੇ ਆਤਮ ਸਮਰਪਣ ਕਰਦਿਆਂ ਹਰਿੰਦਰ ਸਿੱਕਾ ਨੇ ਫਿਲਮ ਨੂੰ ਵਾਪਸ ਲੈਣ ਦਾ ਐਲਾਨ ਕਰਕੇ ਸਿੱਕਾ ਸ਼ਰਮਿੰਦਗੀ ਤੋਂ ਅਤੇ ਆਪਣਾ ਮਾਸ ਬਚਾਉਣ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਦੇਰ ਨਾਲ ਹੀ ਸੀ, ਸਿੱਕਾ ਨੂੰ ਅਕਲ ਜਰੂਰ ਆ ਗਈ ਹੈ। ਉਸਨੂੰ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਅਤੇ ਸਿੱਖਾਂ ਦੀ ਜਾਇਜ਼ ਮੰਗ ਵੱਲ ਧਿਆਨ ਨਾ ਦੇਣ ਦਾ ਪਛਤਾਵਾ ਕਰਨਾ ਪਵੇਗਾ ਅਤੇ ਹਰਜਾਨਾ ਭਰਨਾ ਪਵੇਗਾ।
ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਸਰਕਾਰ ਅਤੇ ਭਾਰਤੀ ਫਿਲਮ ਬੋਰਡ ਦੇ ਮੂੰਹ ‘ਤੇ ਚਪੇੜ ਹੈ,ਜਿੰਨਾਂ ਨੇ ਇਸ ਫਿਲਮ ਵੱਲੋਂ ਸਿੱਖ ਧਰਮ ਦੇ ਮੂਲ ਸਿਧਾਂਤਾਂ ਨਾਮ ਖਿਲਵਾੜ ਕਰਨ ਵਾਲੇ ਤੱਤਾਂ ਵੱਲ ਧਿਆਨ ਨਹੀਂ ਦਿੱਤਾ।
ਇਸ ਖ਼ਬਰ ਨੂੰ ਵਿਸਥਾਰ ਵਿੱਚ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂ ਵਾਲੀ ਵੈਬਸਾਈਟ ‘ਤੇ ਜਾਓੁ, ਵੇਖੋ:
Sikka tries to save face and skin by withdrawing Nanak Shah Fakir movie: Dal Khalsa