ਬਾਪੂ ਸੂਰਤ ਸਿੰਘ ਖ਼ਾਲਸਾ

ਸਿੱਖ ਖਬਰਾਂ

ਕੌਮ ਅਤੇ ਸੁੱਤਾ ਨਿਜਾਮ ਜਗਾ ਦਿਆਂਗਾ: ਬਾਪੂ ਸੂਰਤ ਸਿੰਘ ਖਾਲਸਾ

By ਸਿੱਖ ਸਿਆਸਤ ਬਿਊਰੋ

May 31, 2015

ਮੁੱਲਾਂਪੁਰ ਦਾਖਾ (30 ਮਈ, 2015): ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ ਦਾ ਸੰਘਰਸ਼ ਆਪਣੇ 134 ਦਿਨ ਪੂਰੇ ਕਰ ਚੁੱਕਾ ਹੈ ਅਤੇ ਉਨਾਂ ਦੀ ਸਿਹਤ ਬਹੁਤ ਕਮਜ਼ੋਰ ਹੋ ਗਈ ਹੈ ਪ੍ਰੰਤੂ ਮਾਨਸਿਕ ਤੌਰ ’ਤੇ ਉਹ ਪੂਰੀ ਚੜਦੀ ਕਲਾ ’ਚ ਅਤੇ ਅੰਦਰ ਕੌਮੀ ਜਜਬੇ ਦੀ ਪੀੜ ਤੋਂ ਅਜੇ ਵੀ ਟਸ ਤੋਂ ਮਸ ਨਹੀ ਹੋਏ ਅਤੇ ਦਬਵੀ ਅਵਾਜ ’ਚ ਹਮੇਸ਼ਾਂ ਉਨਾਂ ਦੀ ਜੁਬਾਨ ’ਤੇ ਇੱਕੋ ਹੀ ਲਫਜ ਹੈ ਕਿ ਬੰਦੀ ਸਿੰਘ ਰਿਹਾਅ ਹੋਣਗੇ ਜਾਂ ਮੇਰੀ ਸ਼ਹੀਦੀ ਹੋਵੇਗੀ ਪਰ ਕੌਮ ਅਤੇ ਸੁੱਤਾ ਨਿਜਾਮ ਜਗਾ ਦਿਆਂਗਾ।

ਅੱਜ ਦਮਦਮੀ ਟਕਸਾਲ ਸਗਰਾਵਾਂ ਦੇ ਮੁੱਖੀ ਭਾਈ ਰਾਮ ਸਿੰਘ ਜੀ ਖਾਲਸਾ ਆਪਣੇ ਜੱਥੇ ਸਮੇਤ ਬਾਪੂ ਜੀ ਦੇ ਗ੍ਰਹਿ ਪਹੁੰਚੇ ਅਤੇ ਆਪਣਾ ਪੂਰਾ ਸਮਰਥਨ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਇਸ ਸਮੇਂ ਬਾਪੂ ਜੀ ਦੇ ਸੰਘਰਸ਼ ’ਤੇ ਕੌਮ ਨੂੰ ਪੂਰਾ ਵਿਸ਼ਵਾਸ਼ ਹੈ ਅਤੇ ਉਹ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਵਾਲਾ ਇਤਿਹਾਸ ਦੁਹਰਾਉਣ ਵੱਲ ਵੱਧ ਰਹੇ ਹਨ।

ਪੰਜਾਬੀ ਅਖਬਾਰ ਪਹਿਰੇਦਾਰ ਵਿੱਚ ਨਸ਼ਰ ਖਬਰ ਅਨੁਸਾਰ ਇਸ ਮੌਕੇ ਭਾਈ ਜਗਜੀਤ ਸਿੰਘ ਮੁਕੰਦਪੁਰੀ ਨੇ ਜੱਥੇਦਾਰਾਂ ’ਤੇ ਗਿਲਾ ਕਰਦੇ ਕਿਹਾ ਕਿ ਜੱਥੇਦਾਰੋ ਬਾਦਲ ਮਗਰ ਲੱਗਕੇ ਕਲੰਕ ਨਾ ਲਵਾ ਲਿਓ, ਇਹ ਤਾਂ ਕੌਮੀ ਝੂਠਾ ਹੈ ਕਿਤੇ ਇਹ ਨਾ ਹੋਵੇ ਕਿ ਕੌਮ ਤੁਹਾਨੂੰ ਮੁੜ ਬੇਦਾਅਵੇ ਲਿਖਣੇ ਵਾਲਿਆਂ ’ਚ ਸ਼ਾਮਲ ਕਰ ਲਵੇ।

ਵਿਸ਼ੇਸ਼ ਤੌਰ ’ਤੇ ਪਹੁੰਚੇ ਭਾਈ ਸੰਦੀਪ ਸਿੰਘ ਕਥਾਵਾਚਕ ਦਮਦਮੀ ਟਕਸਾਲ ਨੇ ਇਸ ਮੌਕੇ ਕਿਹਾ ਕਿ ਤਿੰਨ ਤਖਤਾਂ ਤੋਂ ਨਿਕਲੇ ਵੰਗਾਰ ਮਾਰਚਾਂ ਦੇ ਇੱਕਠ ਨੇ ਕੌਮ ਅੰਦਰ ਜਾਗਰੂਕਤਾ ਲਿਆਂਦੀ ਹੈ ਅਤੇ ਹੁਣ ਅੱਜ ਰੇਲਾਂ ਰੋਕਕੇ ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਹਲੂਣਾ ਦਿੱਤਾ ਜਾਵੇਗਾ।

ਉਨਾਂ ਕਿਹਾ ਕਿ ਕਈ ਕੈਦੀ ਤਾਂ ਆਪਣਾ ਮਾਨਸਿਕ ਸੰਤੁਲਨ ਗਵਾ ਬੈਠੇ ਹਨ ਅਤੇ ਕੁਝ ਕੈਦੀ ਬੁਢਾਪੇ ’ਚ ਆ ਗਏ ਹਨ ਅਤੇ ਸਜਾਵਾਂ ਵੀ ਪੂਰੀਆਂ ਕਰ ਚੁੱਕੇ ਹਨ ਜਿਨਾਂ ਨੂੰ ਸਰਕਾਰ ਜਾਣਬੁਝ ਕੇ ਰਿਹਾਅ ਨਹੀ ਕਰ ਰਹੀ ਜਿਹੜੀ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।

ਇਸ ਮੌਕੇ ਭਾਈ ਜਸਵੰਤ ਸਿੰਘ ਕਾਲਾ ਦਮਦਮੀ ਟਕਸਾਲ ਅਜਨਾਲਾ, ਐਡਵੋਕੇਟ ਗੁਰਜਿੰਦਰ ਸਿੰਘ ਸਾਹਨੀ, ਰਵਿੰਦਰਜੀਤ ਸਿੰਘ ਗੋਗੀ, ਭੈਣ ਸਰਵਰਿੰਦਰ ਕੌਰ ਸ਼ਿਕਾਗੋ, ਬੀਬੀ ਜਸਮੇਲ ਕੌਰ, ਰਛਪਾਲ ਸਿੰਘ ਅੱਪਰਾ, ਭਵਨਦੀਪ ਸਿੰਘ ਸਿੱਧੂ, ਵਰਿੰਦਰ ਸਿੰਘ ਐਤੀਆਣਾ, ਬਾਬਾ ਬਲਜਿੰਦਰ ਸਿੰਘ ਮੋਹੀ, ਰਵਿੰਦਰ ਸਿੰਘ ਮੋਹੀ, ਮੱਖਣ ਸਿੰਘ ਨਵਾਂਸ਼ਹਿਰ, ਹਰਮਿੰਦਰ ਸਿੰਘ ਬਿੱਟੂ, ਸੁਖਵਿੰਦਰ ਸਿੰਘ ਵਿਰਕ, ਹਰਜਿੰਦਰ ਸਿੰਘ ਅੱਪਰਾ, ਜੈਮਲ ਸਿੰਘ ਅਜਨਾਲਾ, ਦਰਸ਼ਨ ਸਿੰਘ ਦੁਬਈ ਅਤੇ ਪ੍ਰ ਸਿੰਘ ਆਦਿ ਹਾਜਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: