ਸਿਆਸੀ ਖਬਰਾਂ

ਮੁੱਖ ਮੰਤਰੀ ਬਾਦਲ ਆਪ ਆਗੂਆਂ ਨੂੰ ਆਪਣੇ ਘਰ ਦੇ ਬਾਹਰ ਮਿਲੇ; ਵਰਕਰਾਂ ਨੂੰ ਚੰਡੀਗੜ੍ਹ ਤੋਂ ਬਾਹਰ ਰੋਕਿਆ

By ਸਿੱਖ ਸਿਆਸਤ ਬਿਊਰੋ

May 17, 2016

ਚੰਡੀਗੜ੍ਹ: ਅੱਜ ਜਦੋਂ ਆਮ ਆਦਮੀ ਪਾਰਟੀ ਵਲੋਂ 12 ਹਜ਼ਾਰ ਕਰੋੜ ਦੇ ਅਨਾਜ ਘੋਟਾਲੇ ਅਤੇ ਕਿਸਾਨਾਂ ਦੀ ਖੁਦਕੁਸ਼ੀ ਰੋਕਣ ਵਿਚ ਸਰਕਾਰ ਦੀ ਨਾਕਾਮੀ ’ਤੇ ਮੁੱਖ ਮੰਤਰੀ ਦੇ ਘਰ ਦਾ ਘੇਰਾਓ ਕਰਨਾ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਚੰਡੀਗੜ੍ਹ ਦੇ ਬਾਹਰ ਹੀ ਰੋਕ ਲਿਆ। ਰੋਕਣ ਉਪਰੰਤ ਆਪ ਵਰਕਰਾਂ ਨੇ ਫੇਸ 7, ਮੋਹਾਲੀ ਵਿਖੇ ਰੋਸ ਪ੍ਰਦਰਸ਼ਨ ਕੀਤਾ।

ਫੇਸ 7 ਦੀਆਂ ਟ੍ਰੈਫਿਕ ਲਾਈਟਾਂ ਕੋਲ ਖਾਲੀ ਮੈਦਾਨ ਵਿਚ ਆਪ ਨੇ ਰੈਲੀ ਕੀਤੀ ਜਿਥੇ ਸੰਜੈ ਸਿੰਘ, ਸੁੱਚਾ ਸਿੰਘ ਛੋਟੇਪੁਰ, ਕੰਵਰ ਸੰਧੂ, ਭਗਵੰਤ ਮਾਨ ਅਤੇ ਗੁਰਪ੍ਰੀਤ ਘੁੱਗੀ ਨੇ ਆਪ ਵਰਕਰਾਂ ਅਤੇ ਸਮਰਥਕਾਂ ਨੂੰ ਸੰਬੋਧਿਤ ਕੀਤਾ। ਉਥੋਂ ਉਨ੍ਹਾਂ ਚੰਡੀਗੜ੍ਹ ਵੱਲ ਨੂੰ ਚਾਲੇ ਪਾਏ ਪਰ ਪੁਲਿਸ ਨੇ ਰਾਜਧਾਨੀ ਤੋਂ ਪਹਿਲਾਂ ਹੀ ਆਪ ਆਗੂਆਂ ਅਤੇ ਸਮਰਥਕਾਂ ਨੂੰ ਰੋਕ ਲਿਆ।

ਆਪ ਵਰਕਰਾਂ ਨੂੰ ਰੋਕਣ ਲਈ ਪੁਲਿਸ ਨੇ ਭਾਰੀ ਰੁਕਾਵਟਾਂ ਖੜੀਆਂ ਕੀਤੀਆਂ ਸਨ। ਪੁਲਿਸ ਦੀ ਭਾਰੀ ਨਫਰੀ ਨੇ ਮੁਖ ਮਾਰਗਾਂ ਤੋਂ ਅਲਾਵਾ ਹੋਰ ਰਸਤੇ ਵੀ ਪੁਲਿਸ ਨੇ ਰੋਕੇ ਹੋਏ ਸਨ।

ਆਪ ਵਰਕਰਾਂ ਨੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ ਅਤੇ ਨਾਕਿਆਂ ’ਤੇ ਚੜ ਗਏ। ਪਰ ਪੁਲਿਸ ਨੇ ਉਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਉਨ੍ਹਾਂ ਨੇ ਨਾਕੇ ਪਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।

ਇਸੇ ਦੌਰਾਨ ਸੰਸਦ ਭਗਵੰਤ ਮਾਨ, ਆਪ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਸੰਜੈ ਸਿੰਘ ਪ੍ਰਸ਼ਾਸਨ ਵਲੋਂ ਉਪਲਭਧ ਕਰਵਾਈ ਗਈ ਕਾਰ ਰਾਹੀਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਗਏ ਅਤੇ ਉਨ੍ਹਾਂ ਨੇ ਪ੍ਰਦਰਸ਼ਨ ਬੰਦ ਕਰ ਦਿੱਤਾ।

ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਮੁੱਖ ਮੰਤਰੀ ਬਾਦਲ ਸੈਕਟਰ 2 ਵਿਚਲੀ ਆਪਣੀ ਰਿਹਾਇਸ਼ ਤੋਂ ਬਾਹਰ ਆ ਕੇ ਆਪ ਦੇ ਆਗੂਆਂ ਨੂੰ ਮਿਲੇ।

 

ਬਾਦਲ ਨਾਲ ਮੀਟਿੰਗ ਤੋਂ ਬਾਅਦ ਆਪ ਆਗੂਆਂ ਨੇ ਮੀਡੀਆ ਨੂੰ ਦੱਸਿਆ ਕਿ ਬਾਦਲ ਘੋਲਾਲੇ, ਭ੍ਰਸ਼ਟਾਚਾਰ, ਕਿਸਾਨ ਖੁਦਕੁਸ਼ੀਆਂ ਵਰਗੇ ਮਸਲੇ ’ਤੇ ਟਾਲ ਮਟੋਲ ਦੀ ਨੀਤੀ ਅਪਣਾਉਂਦੇ ਹਨ।

ਆਪ ਆਗੂ ਅਤੇ ਪੰਜਾਬ ਮਸਲਿਆਂ ਦੇ ਇਨਚਾਰਜ ਸੰਜੈ ਸਿੰਘ ਨੇ ਮੀਡੀਆ ਨੂੰ ਦੱਸਿਆ, “ਅਨਾਜ ਘੋਟਾਲਾ, ਭ੍ਰਿਸ਼ਟਾਚਾਰ, ਖੁਦਕੁਸ਼ੀਆਂ ਅਤੇ ਮਾਫੀਆ ਰਾਜ ਵਰਗੇ ਬਹੁਤੇ ਮਸਲਿਆਂ ’ਤੇ ਉਹ ਟਾਲ-ਮਟੋਲ, ਗੈਰ-ਸੰਜੀਦਾ ਪਹੁੰਚ ਅਪਣਾਉਂਦੇ ਹਨ”।

 

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਕ ਲਿਖਤੀ ਬਿਆਨ ਵਿਚ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਰੈਲੀ ਅਤੇ ਘੇਰਾਓ ਦਾ ਪ੍ਰੋਗਰਾਮ ‘ਫਲਾਪ ਸ਼ੋ’ ਸੀ। ਉਨ੍ਹਾਂ ਕਿਹਾ ਕਿ ਆਪ ਵਲੋਂ ਪਾਣੀਆਂ ਦੇ ਮੁੱਦੇ ’ਤੇ ਪੰਜਾਬ ਨੂੰ ਧੋਖਾ ਦੇਣ, ਧੋਖੇਬਾਜ਼ੀ ਦੀ ਸਿਆਸਤ ਅਤੇ ਸਸਤੇ ਸਟੰਟ ਦੇ ਕਾਰਨ ਹੀ ਰੈਲੀ ਨਾਕਾਮ ਹੋਈ।

ਸਬੰਧਤ ਵੀਡੀਓ:

ਦੂਜੇ ਪਾਸੇ ਆਪ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਨੇਕਾਂ ਰੋਕਾਂ ਦੇ ਬਾਵਜੂਦ ਸਾਰੇ ਪੰਜਾਬ ਤੋਂ ਲੋਕ ਇਸ ਰੈਲੀ ਵੀ ਸ਼ਾਮਲ ਹੋਏ ਅਤੇ ਇਹ ਪੂਰੀ ਤਰ੍ਹਾਂ ਕਾਮਯਾਬ ਰੈਲੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: