ਚੰਡੀਗੜ੍ਹ: ਪੰਜਾਬ ਵਿੱਚ ਭਰਤੀ ਘੁਟਾਲੇ ਲਈ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਕਰਾਰ ਦਿੰਦਿਆਂ ‘ਆਮ ਆਦਮੀ ਪਾਰਟੀ’ (ਆਪ) ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਐਤਵਾਰ ਨੂੰ ਕਿਹਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ‘ਦਾਗ਼ੀ’ ਵਿਅਕਤੀਆਂ ਨੂੰ ਹਰੀ ਝੰਡੀ (‘ਕਲੀਨ ਚਿਟ’) ਦੇਣ ਦੇ ਮਾਮਲੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਛੋਟੇਪੁਰ ਨੇ ਕਿਹਾ,”ਭਾਵੇਂ ਇੱਕ ਬੱਚਾ ਵੀ ਭਰਤੀ ਘੁਟਾਲੇ ਵਿੱਚ ਬਾਦਲਾਂ ਦੇ ਨੇੜਲੇ ਸਹਿਯੋਗੀ ਦਿਆਲ ਸਿੰਘ ਕੋਲਿਆਂਵਾਲੀ ਦੀ ਭੂਮਿਕਾ ਨੂੰ ਸਮਝ ਸਕਦਾ ਹੈ ਪਰ ਮੁੱਖ ਮੰਤਰੀ ਨੇ ਉਸ (ਕੋਲਿਆਂਵਾਲੀ) ਨੂੰ ‘ਕਲੀਨ ਚਿਟ’ ਦੇਣ ਵਿੱਚ ਇੱਕ ਮਿੰਟ ਵੀ ਨਾ ਲਾਇਆ।”
ਜੇ ਭਰਤੀ ਘੁਟਾਲੇ ਦੀ ਨਿਰਪੱਖ ਜਾਂਚ ਹੋਵੇ, ਤਾਂ ਉਹ ਕੋਲਿਆਂਵਾਲੀ ਰਾਹੀਂ ਬਾਦਲਾਂ ਤੱਕ ਪੁੱਜ ਜਾਵੇਗੀ
ਛੋਟੇਪੁਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਬਾਦਲ; ਪੁਸਤਕ ਘੁਟਾਲੇ ਵਿੱਚ ਸਿਕੰਦਰ ਸਿੰਘ ਮਲੂਕਾ, ਆਪਣੀ ਧੀ ਦੇ ਕਤਲ ਦੇ ਮਾਮਲੇ ਵਿੱਚ ਫਸੇ ਰਹੇ ਬੀਬੀ ਜਗੀਰ ਕੌਰ, ਕੀਟਨਾਸ਼ਕਾਂ ਦੇ ਘੁਟਾਲੇ ਵਿੱਚ ਖੇਤੀਬਾੜੀ ਮੰਤਰੀ ਤੋਤਾ ਸਿੰਘ ਜਿਹੇ ਅਕਾਲੀ ਆਗੂਆਂ ਨੂੰ ‘ਕਲੀਨ ਚਿਟ’ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਸਮੁੱਚੀ ਜਾਂਚ ਤੋਂ ਬਾਅਦ ਸਮੁੱਚੇ ਭਰਤੀ ਘੁਟਾਲੇ ਵਿੱਚ ਕੋਲਿਆਂਵਾਲੀ ਦੀ ਮੁੱਖ ਦੋਸ਼ੀ ਵਜੋਂ ਸ਼ਮੂਲੀਅਤ ਦਾ ਸ਼ੱਕ ਮਜ਼ਬੂਤ ਹੋ ਜਾਂਦਾ ਹੈ ਪਰ ਬਾਦਲ ਨੇ ਜਾਂਚ ਨੂੰ ‘ਬਾਈਪਾਸ’ ਕਰ ਕੇ ਕੋਲਿਆਂਵਾਲੀ ਨੂੰ ‘ਕਲੀਨ ਚਿਟ’ ਦੇ ਦਿੱਤੀ।
ਛੋਟੇਪੁਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਅਜਿਹੀਆਂ ‘ਕਲੀਨ ਚਿਟਾਂ’ ਆਪਣੀ ਜੇਬ ਵਿੱਚ ਰੱਖਦੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਜਾਰੀ ਕਰਦੇ ਸਮੇਂ ਕਦੇ ਵੀ ਦੂਜੀ ਵਾਰ ਨਹੀਂ ਸੋਚਦੇ। ਇਹ ਗੱਲ ਉਨ੍ਹਾਂ ਵੱਲੋਂ ਭਿਖੀਵਿੰਡ ਦੇ ਪ੍ਰਸਿੱਧ ਕਤਲ ਕਾਂਡ ਵਿੱਚ ਗੁਰਚੇਤ ਸਿੰਘ ਭੁੱਲਰ, ਗੁਜਰਾਤ ਦੇ ਸੈਕਸ ਸਕੈਂਡਲ ‘ਚ ਪ੍ਰਤਾਪ ਸਿੰਘ ਬਾਜਵਾ ਅਤੇ 1984 ਦੇ ਸਿੱਖ ਕਤਲੇਆਮ ਵਿੱਚ ‘ਦਾਗ਼ੀ’ ਆਗੂ ਕਮਲ ਨਾਥ ਜਿਹੇ ਕਾਂਗਰਸੀ ਆਗੂਆਂ ਨੂੰ ‘ਕਲੀਨ ਚਿਟ’ ਦਿੱਤੇ ਜਾਣ ਤੋਂ ਸਪੱਸ਼ਟ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮਲੋਟ ਦੇ ਇੱਕ ਅਕਾਲੀ ਕੌਂਸਲਰ ਸ਼ਾਮ ਲਾਲ ਡੱਡੀ ਨੂੰ ਭਰਤੀ ਘੁਟਾਲੇ ‘ਚ ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਦੀ ‘ਬਾਦਲਾਂ ਦੇ ਬਹੁਤ ਹੀ ਨੇੜਲੇ ਵਫ਼ਾਦਾਰ’ ਕੋਲਿਆਂਵਾਲੀ ਨਾਲ ਨੇੜਤਾ ਤੋਂ ਸਾਰੇ ਹੀ ਜਾਣੂ ਹਨ।