ਗੁਰਦਾਸਪੁਰ (20 ਜੂਨ ,2015):ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਮਨਾਏ ਸਥਾਪਨਾ ਦਿਵਸ ਮੌਕੇ ਸ਼ਾਮਲ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅਤੇ ਗ੍ਰਹਿ ਮੰਤਰੀ ਰਾਜਨਾਥ ਵੱਲੋਂ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਤੋਂ ਇਲਾਵਾ ਹੋਰ ਕੀਤੀਆਂ ਸਾਰੀਆਂ ਗੱਲਾਂ ਹੀ ਬਨਾਵਟੀ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਬਾਦਲ-ਭਾਜਪਾ ਸਰਕਾਰ ਦੇ ਵੱਸ ਦੀ ਗੱਲ ਨਹੀਂ ਹੈ ਕਿਉਂਕਿ ਪੰਜਾਬ ਵਿੱਚ ਨਸ਼ਿਆਂ ਦੇ ਕਾਰੋਬਾਰ ’ਚ ਅਕਾਲੀ ਲੀਡਰਾਂ ਦੇ ਚਹੇਤਿਆਂ ਦਾ ਹੀ ਕਥਿਤ ਹੱਥ ਹੈ।
ਉਨ੍ਹਾਂ ਕਿਹਾ ਕਿ ਕੇਂਦਰੀ ਆਗੂਆਂ ਨੇ ਆਪਣੇ ਭਾਸ਼ਣ ਦੌਰਾਨ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਦੁਹਾਈ ਹੀ ਪਾਈ ਅਤੇ ਪੰਜਾਬ ਦੇ ਅਸਲ ਮਸਲੇ ਜਿਵੇਂ ਕਿਸਾਨਾਂ ਦੀ ਮਾੜੀ ਆਰਥਿਕ ਦਸ਼ਾ, ਪੰਜਾਬ ਸਿਰ ਚੜ੍ਹੇ ਕਰਜ਼ ਅਤੇ ਤਬਾਹੀ ਕੰਢੇ ਖੜੇ ਉਦਯੋਗ ਨੂੰ ਹੱਲ ਕਰਨ ਦੀ ਕੋਈ ਗੱਲ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਤਬਾਹ ਹੋ ਚੁੱਕੀ ਇੰਡਸਟਰੀ ਨੂੰ ਹਿਮਾਚਲ ਅਤੇ ਜੰਮੂ-ਕਸਮੀਰ ਵਾਂਗ ਵਿਸ਼ੇਸ਼ ਪੈਕੇਜ ਦੇ ਕੇ ਪ੍ਰਫੂਲਿਤ ਕਰਨ ਬਾਰੇ ਕੁਝ ਨਹੀਂ ਕੀਤਾ ਹੈ।ਉਨ੍ਹਾਂ ਮੁੱਖ ਮੰਤਰੀ ਸ੍ ਬਾਦਲ ਉੱਤੇ ਵਰ੍ਹਦਿਆਂ ਕਿਹਾ ਕਿ ਬਾਦਲ ਨੂੰ ਪੰਥ ਜਾਂ ਪੰਜਾਬ ਦਾ ਨਹੀਂ ਸਿਰਫ਼ ਆਪਣੇ ਹੀ ਪਰਿਵਾਰ ਦਾ ਫਿਕਰ ਹੈ। ਪੰਜਾਬ ਪ੍ਰਤੀ ਵਰਤੀ ਜਾ ਰਹੀ ਨਿਰਾਸ਼ਾਜਨਕ ਕਾਰਗੁਜ਼ਾਰੀ ਦੇ ਕਾਰਨ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ।
ਇਸ ਮੌਕੇ ਬੂਟਾ ਸਿੰਘ ਵਡਾਲਾ ਬਾਂਗਰ, ਰਜਿੰਦਰ ਸਿੰਘ ਭੰਗੂ, ਸੁਖਦੇਵ ਸਿੰਘ, ਹਰਜਿੰਦਰ ਸਿੰਘ, ਵਿਪੁਨ ਕੁਮਾਰ ਨੰਬਰਦਾਰ, ਧੰਨਾ ਸਿੰਘ ਨੰਬਰਦਾਰ, ਅਮਨਦੀਪ ਸਿੰਘ ਕੋਟ, ਕਾਬਲ ਸਿੰਘ, ਫੌਜੀ ਸੁਰਿੰਦਰਪਾਲ ਸਿੰਘ ਭੰਡਵਾ, ਰਣਜੋਧ ਸਿੰਘ ਮਸਤਕੋਟ, ਰਣਜੀਤ ਸਿੰਘ ਖਾਲਸਾ, ਸੂਬੇਦਾਰ ਕੁਲਵੰਤ ਸਿੰਘ, ਅਮਰਜੀਤ ਸਿੰਘ ਠੇਕੇਦਾਰ ਹਾਜ਼ਰ ਸਨ।