Site icon Sikh Siyasat News

ਨਾਭਾ ਜੇਲ੍ਹ ਦਾ ਸਹਾਇਕ ਸੁਪਰਡੈਂਟ ਅਤੇ ਨੇੜਲੇ ਸ਼ਗੁਨ ਸਵੀਟਸ ਦਾ ਮਾਲਕ ਤੇਜਿੰਦਰ ਹੈਪੀ ਗ੍ਰਿਫਤਾਰ

ਪਟਿਆਲਾ: ਉੱਚ ਸੁਰੱਖਿਆ ਵਾਲੀ ਨਾਭਾ ਜੇਲ੍ਹ ਵਿੱਚੋਂ ਛੇ ਕੈਦੀਆਂ ਨੂੰ ਭਜਾਉਣ ਦੇ ਮਾਮਲੇ ਵਿੱਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਭੀਮ ਸਿੰਘ ਅਤੇ ਹੈੱਡ ਵਾਰਡਨ ਜਗਮੀਤ ਸਿੰਘ ਸਮੇਤ ਜੇਲ੍ਹ ਨੇੜੇ ਸਥਿਤ ਸ਼ਗੁਨ ਸਵੀਟਸ ਦੇ ਮਾਲਕ ਤੇਜਿੰਦਰ ਹੈਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀਆਂ ਵੱਲੋਂ ਪੁਲੀਸ ਲਾਈਨ ਪਟਿਆਲਾ ਵਿੱਚ ਕੀਤੀ ਮੀਟਿੰਗ ਤੋਂ ਬਾਅਦ ਪੁਲਿਸ ਕਪਤਾਨ ਗੁਰਮੀਤ ਸਿੰਘ ਚੌਹਾਨ ਨੇ ਦਿੱਤੀ।

ਮੀਟਿੰਗ ਵਿੱਚ ਜਾਂਚ ਟੀਮ ਦੇ ਮੁਖੀ ਏਡੀਜੀਪੀ (ਇੰਟਰਨਲ ਵਿਜੀਲੈਂਸ) ਪ੍ਰਮੋਦ ਕੁਮਾਰ, ਨਵੇਂ ਲਾਏ ਗਏ ਏਡੀਜੀਪੀ (ਜੇਲ੍ਹਾਂ) ਰੋਹਿਤ ਚੌਧਰੀ, ਆਈਜੀ (ਕਾਊਂਟਰ ਇੰਟੈਲੀਜੈਂਸ) ਨਿਲਾਭ ਕਿਸ਼ੋਰ ਅਤੇ ਪਟਿਆਲਾ ਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਪੁਲਿਸ ਕਪਤਾਨ ਗੁਰਮੀਤ ਸਿੰਘ ਚੌਹਾਨ ਸਮੇਤ ਨਾਭਾ ਜੇਲ੍ਹ ਦੇ ਨਵੇਂ ਲਾਏ ਸੁਪਰਡੈਂਟ ਭਪੂਤੀ ਵੀ ਸ਼ਾਮਲ ਸਨਙ ਇਸ ਦੌਰਾਨ ਇਸ ਮਾਮਲੇ ਦੇ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਕੀਤੀ ਗਈ। ਸੂਤਰਾਂ ਮੁਤਾਬਕ ਸਹਾਇਕ ਸੁਪਰਡੈਂਟ ਭੀਮ ਸਿੰਘ ਦਾ ਕੈਦੀਆਂ ਨੂੰ ਭਜਾਉਣ ਵਿੱਚ ਹੱਥ ਰਿਹਾ ਹੈ। ਉਹ ਹੈਪੀ ਤੋਂ ਪੈਸੇ, ਮੋਬਾਈਲ ਫੋਨ ਅਤੇ ਹੋਰ ਵਸਤਾਂ ਲੈ ਕੇ ਗੈਂਗਸਟਰਾਂ ਤੇ ਹੋਰਾਂ ਨੂੰ ਜੇਲ੍ਹ ਅੰਦਰ ਮੁਹੱਈਆ ਕਰਵਾਉਂਦਾ ਸੀ। ਹਰਮਿੰਦਰ ਮਿੰਟੂ ਕੋਲੋਂ ਬਰਾਮਦ ਹੋਏ ਹਜ਼ਾਰਾਂ ਰੁਪਏ ਵੀ ਭੀਮ ਸਿੰਘ ਨੇ ਹੀ ਪੁੱਜਦੇ ਕੀਤੇ ਸਨ। ਕੈਦੀ ਤੈਅ ਸਮੇਂ ‘ਤੇ ਡਿਊਢੀ ਵਿੱਚ ਵਾਰਡਨ ਜਗਮੀਤ ਸਿੰਘ ਦੀ ਮਿਲੀਭੁਗਤ ਨਾਲ ਪੁੱਜੇ ਸਨ।

ਪਲਵਿੰਦਰ ਸਿੰਘ ਪਿੰਦਾ ਯੂ.ਪੀ. ਪੁਲਿਸ ਦੀ ਹਿਰਾਸਤ ‘ਚ

ਘਟਨਾ ਦੌਰਾਨ ਹਰਮਿੰਦਰ ਸਿੰਘ ਮਿੰਟੂ ਅਤੇ ਕਸ਼ਮੀਰ ਸਿੰਘ ਸਮੇਤ ਚਾਰ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ, ਵਿੱਕੀ ਗੌਂਡਰ, ਅਮਨਦੀਪ ਸਿੰਘ ਢੋਟੀਆਂ ਅਤੇ ਕੁਲਪ੍ਰੀਤ ਸਿੰਘ ਫਰਾਰ ਹੋ ਗਏ ਸਨ। ਕੈਦੀਆਂ ਨੂੰ ਭਜਾਉਣ ਵਾਲੇ ਪੰਦਰਾਂ ਜਣਿਆਂ ਵਿੱਚੋਂ ਪਲਵਿੰਦਰ ਪਿੰਦਾ ਨੂੰ ਉਸੇ ਦਿਨ ਉੱਤਰ ਪ੍ਰਦੇਸ਼ ਵਿੱਚੋਂ ਹਥਿਆਰਾਂ ਸਮੇਤ ਫੜ ਲਿਆ ਗਿਆ ਸੀ, ਜੋ ਇਸੇ ਜੇਲ੍ਹ ਵਿੱਚ ਸੀ ਪਰ 29 ਮਾਰਚ ਨੂੰ ਨਾਭਾ ਦੇ ਹਸਪਤਾਲ ਵਿੱਚੋਂ ਫਰਾਰ ਹੋ ਗਿਆ ਸੀ। ਪਿੰਦਾ ਨੂੰ ਪ੍ਰੇਮਾ ਲਾਹੌਰੀਆ ਗਰੋਹ ਨੇ ਪੁਲਿਸ ਹਿਰਾਸਤ ਵਿੱਚੋਂ ਛੁਡਾਇਆ ਸੀ ਤੇ ਹੁਣ ਲਾਹੌਰੀਆ ਗਰੋਹ ਨਾਲ ਰਲ ਕੇ ਹੀ ਪਿੰਦਾ ਨੇ ਇਹ ਕੈਦੀ ਛੁਡਾਏ ਹਨ। ਜਾਣਕਾਰੀ ਅਨੁਸਾਰ ਪਿੰਦਾ ਨੇ ਚਾਰ ਗੈਂਗਸਟਰਾਂ ਨੂੰ ਭਜਾਉਣ ਦੀ ਯੋਜਨਾ ਉਲੀਕੀ ਸੀ ਪਰ ਅੰਦਰ ਗੌਂਡਰ ਦੀ ਹਰਮਿੰਦਰ ਸਿੰਘ ਮਿੰਟੂ ਤੇ ਕਸ਼ਮੀਰ ਸਿੰਘ ਨਾਲ ਨੇੜਤਾ ਬਣ ਜਾਣ ਕਾਰਨ ਇਨ੍ਹਾਂ ਨੂੰ ਵੀ ਨਾਲ ਭਜਾ ਲਿਆ, ਜਿਸ ਦਾ ਪਿੰਦਾ ਹੋਰਾਂ ਨੂੰ ਇਨ੍ਹਾਂ ਦੇ ਬਾਹਰ ਆਉਣ ‘ਤੇ ਹੀ ਪਤਾ ਲੱਗਿਆ।

ਪਲਵਿੰਦਰ ਸਿੰਘ ਪਿੰਦਾ ਨੂੰ ਲੈ ਕੇ ਪੁਲਿਸ ਪਟਿਆਲਾ ਪੁੱਜ ਗਈ ਹੈ। ਪਿੰਦਾ ਘਟਨਾ ਤੋਂ ਕੁਝ ਘੰਟਿਆਂ ਬਾਅਦ ਉੱਤਰ ਪ੍ਰਦੇਸ਼ ਵਿੱਚ ਫੜਿਆ ਗਿਆ ਸੀ, ਜਿਸ ਨੂੰ ਲੈਣ ਲਈ ਐਸਪੀ (ਡੀ) ਹਰਵਿੰਦਰ ਵਿਰਕ ਅਤੇ ਨਾਭਾ ਦੇ ਡੀਐਸਪੀ ਮਨਪ੍ਰੀਤ ਸਿੰਘ ਉਸੇ ਦਿਨ ਚਲੇ ਗਏ ਸਨ। ਸੰਪਰਕ ਕਰਨ ‘ਤੇ ਵਿਰਕ ਨੇ ਕਿਹਾ ਕਿ ਉਸ ਨੂੰ ਪ੍ਰੋਡਕਸ਼ਨ ਵਰੰਟ ‘ਤੇ ਲਿਆਂਦਾ ਗਿਆ ਹੈ ਤੇ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਜੇਲ੍ਹ ਬ੍ਰੇਕ ਲਈ ਵਰਤੀ ਫਾਰਚੂਨਰ ਕਾਰ ਲੁਧਿਆਣਾ ਦੇ ਸ਼ਰਾਬ ਕਾਰੋਬਾਰੀ ਬਲਬੀਰ ਸਿੰਘ ਕੋਲੋਂ 17 ਸਤੰਬਰ ਨੂੰ ਲੁੱਟੀ ਗਈ ਸੀ। ਯੂਪੀ ਦੀ ਸ਼ਾਮਲੀ ਪੁਲਿਸ ਨੇ ਪਲਵਿੰਦਰ ਸਿੰਘ ਪਿੰਦਾ ਨੂੰ ਇਸ ਕਾਰ ਨਾਲ ਗ੍ਰਿਫ਼ਤਾਰ ਕੀਤਾ। ਸ਼ਾਮਲੀ ਪੁਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਇਹ ਫਾਰਚੂਨਰ ਲੁਧਿਆਣਾ ਦੇ ਕਾਰੋਬਾਰੀ ਕੋਲੋਂ ਲੁੱਟੀ ਹੈ। ਪੁਲਿਸ ਵੱਲੋਂ ਬਰਾਮਦ ਆਈ20 ਕਾਰ ਵੀ ਲੁਧਿਆਣਾ ਵਿੱਚੋਂ ਹੀ ਚੋਰੀ ਹੋਈ ਹੈ। ਪੁਲਿਸ ਕਮਿਸ਼ਨਰ ਲੁਧਿਆਣਾ ਜਤਿੰਦਰ ਸਿੰਘ ਔਲਖ ਦਾ ਕਹਿਣਾ ਹੈ ਕਿ ਇਸ ਬਾਰੇ ਯੂਪੀ ਪੁਲਿਸ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਤਫ਼ਤੀਸ਼ ਕੀਤੀ ਜਾ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version