ਜੰਮੂ (27 ਦਸੰਬਰ, 2015): ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜ਼ਾ ਦਿੰਦੀ ਧਾਰਾ 370 ਭਾਰਤ ਦੀ ਅਜ਼ਾਦੀ ਵੇਲੇ ਅਤੇ ਇਸਦੇ ਲਾਗੂ ਹੋਣ ਦੇ ਸਮੇਂ ਤੋਂ ਹੀ ਇਹ ਚਰਚਾ ਦਾ ਵਿਸ਼ਾ ਰਹੀ ਹੈ।ਆਰ.ਐੱਸ.ਐੱਸ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਸ਼ਿਵ ਸੈਨਾ ਅਤੇ ਭਜਾਪਾ ਵਰਗੀਆਂ ਹਿੰਦੂਤਵੀ ਜੱਥੇਬੰਦੀਆਂ ਨੂੰ ਤਾਂ ਧਾਰ 370 ਹਮੇਸ਼ਾਂ ਕੰਡੇ ਵਾਂਗੂੰ ਰੜਕਦੀ ਰਹਿੰਦੀ ਹੈ ਅਤੇ ਮੌਕੇ ਮਿਲਦੇ ਹੀ ਇਸਦੇ ਵਿਰੁੱਧ ਬਿਆਨਬਾਜ਼ੀ ਕਰਨ ਤੋਂ ਖੁੰਜਦੇ ਨਹੀਂ।
ਪਰ ਹੁਣ ਭਾਰਤੀ ਫਿਲਮ ਜਗਤ ਦੀ ਪ੍ਰਸਿੱਧ ਹਸਤੀ ਫਿਲਮੀ ਕਲਾਕਾਰ ਅਨੁਪਮ ਖੇਰ ਨੇ ਵੀ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਨੂੰ ਖਤਮ ਰਕਨ ਦੀ ਵਕਾਲਤ ਕਰਦਿਆਂ ਬਿਆਨ ਦਿੱਤਾ ਹੈ।
ਪੰਜਾਬੀ ਅਖਬਾਰ ਅਜੀਤ ਵਿੱਚ ਨਸ਼ਰ ਖਬਰ ਅਨੁਸਾਰ ਅਦਾਕਾਰ ਅਨੂਪਮ ਖੇਰ ਨੇ ਬੀਤੇ ਦਿਨ ਕਿਹਾ ਕਿ ਜਿਸ ਦਿਨ ਸੰਵਿਧਾਨ ਦੀ ਧਾਰਾ 370 ਹਟੇਗੀ ਤੇ ਬੰਗਾਲ, ਪੰਜਾਬ, ਗੁਜਰਾਤ ਤੇ ਦੇਸ਼ ਦੇ ਹੋਰ ਭਾਗਾਂ ਦੇ ਲੋਕਾਂ ਨੂੰ ਜੰਮੂ-ਕਸ਼ਮੀਰ ‘ਚ ਰਹਿਣ ਦੀ ਆਗਿਆ ਹੋਵੇਗੀ, ਉਸ ਦਿਨ ਕਸ਼ਮੀਰ ਸਮੱਸਿਆ ਹੱਲ ਹੋ ਜਾਵੇਗੀ।
ਕਸ਼ਮੀਰੀ ਪੰਡਤਾਂ ਲਈ ਇੱਕ ਵੱਖਰੀਆਂ ਕਾਲੋਨੀਆਂ ਦੀ ਵਕਾਲਤ ਕਰਦਿਆਂ ਖੇਰ ਨੇ ਕਿਹਾ ਕਿ ਇਹ ਕੇਵਲ ਮੰਗ ਨਹੀਂ ਬਲਕਿ ਉਨ੍ਹਾਂ ਦਾ ਜਨਮ ਸਿੱਧ ਅਧਿਕਾਰ ਹੈ। ਖੇਰ ਖੁਦ ਕਸ਼ਮੀਰ ਤੋਂ ਹਨ ਅਤੇ ਬ੍ਰਾਹਮਣ ਭਾਈਚਾਰੇ ਨਾਲ ਸਬੰਧਿਤ ਹਨ।