Site icon Sikh Siyasat News

ਅੰਮ੍ਰਿਤਪਾਲ ਸਿੰਘ ਅਤੇ ਹੋਰਨਾਂ ਨਜ਼ਰਬੰਦਾਂ ਨੇ ਭੁੱਖ ਹੜਤਾਲ ਖਤਮ ਕੀਤੀ

ਸ੍ਰੀ ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਡਿਬਰੂਗੜ੍ਹ ਜੇਲ ਵਿੱਚ ਨਜ਼ਰਬੰਦ ਵਾਰਸ ਪੰਜਾਬ ਦੇ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਹੋਰਨਾਂ ਸਿੱਖ ਨਜ਼ਰਬੰਦਾਂ ਨੇ ਬੀਤੇ ਦਿਨ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ।

ਸ਼੍ਰੋ.ਗੁ.ਪ੍ਰ.ਕ. ਵੱਲੋਂ ਜਾਰੀ ਇਕ ਲਿਖਤੀ ਬਿਆਨ ਵਿਚ ਕਿਹਾ ਗਿਆ ਹੈ ਕਿ “ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਆਦੇਸ਼ਾਂ ਉੱਤੇ ਡਿਬਰੂਗੜ੍ਹ ਜੇਲ੍ਹ ਵਿਚ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਸਿੰਘਾਂ ਦੀ ਮੁਲਾਕਾਤ ਕਰਕੇ ਭੁੱਖ ਹੜਤਾਲ ਸਮਾਪਤ ਕਰਵਾਉਣ ਲਈ ਭੇਜੇ ਗਏ ਪੰਜ ਸਿੰਘਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਅਰਦਾਸੀਏ ਭਾਈ ਪ੍ਰੇਮ ਸਿੰਘ, ਭਾਈ ਨਿਸ਼ਾਨ ਸਿੰਘ, ਭਾਈ ਬਲਵਿੰਦਰ ਸਿੰਘ ਅਤੇ ਭਾਈ ਬਿਕਰਮਜੀਤ ਸਿੰਘ ਸ਼ਾਮਲ ਸਨ। ਪੰਜ ਸਿੰਘਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚਾ ਸ. ਸੁਖਚੈਨ ਸਿੰਘ ਵੀ ਸ਼ਾਮਲ ਸਨ”।

ਇਸ ਬਿਆਨ ਅਨੁਸਾਰ ਬੀਤੇ ਦਿਨ ਭੁੱਖ ਹੜਤਾਲ ਖਤਮ ਕਰਨ ਵਾਲਿਆਂ ਵਿਚ ਸ. ਅੰਮ੍ਰਿਤਪਾਲ ਸਿੰਘ, ਸ. ਪਪਲਪ੍ਰੀਤ ਸਿੰਘ, ਸ. ਭਗਵੰਤ ਸਿੰਘ ਬਾਜੇਕੇ, ਸ. ਵਰਿੰਦਰ ਸਿੰਘ ਫੌਜੀ ਅਤੇ ਸ. ਹਰਜੀਤ ਸਿੰਘ ਸ਼ਾਮਿਲ ਹਨ। ਇਹ ਸਿੱਖ ਨਜ਼ਰਬੰਦ ਉਹਨਾ ਨੂੰ ਅਸਾਮ ਪੰਜਾਬ ਦੀ ਕਿਸੇ ਜੇਲ੍ਹ ਵਿਚ ਬਦਲੀ ਵਾਸਤੇ ਭੁੱਖ ਹੜਤਾਲ ਉੱਤੇ ਸਨ।

ਜ਼ਿਕਰਯੋਗ ਹੈ ਕਿ ਅਸਾਮ ਦੀ ਡਿਬਰੂਗੜ੍ਹ ਜੇਲ ਵਿੱਚ ਕੁੱਲ ਦਸ ਸਿੱਖ ਇੰਡੀਆ ਦੇ ਨੈਸ਼ਨਲ ਸਿਕਿਉਰਟੀ ਐਕਟ ਤਹਿਤ ਨਜ਼ਰਬੰਦ ਹਨ। ਇਹਨਾਂ ਵਿੱਚੋਂ ਪੰਜ ਨਜ਼ਰਬੰਦਾਂ ਨੇ ਬੀਤੇ ਦਿਨੀਂ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਸੀ। ਅਜੀਤ ਅਖਬਾਰ ਵਿੱਚ ਛਪੀ ਇੱਕ ਖਬਰ ਅਨੁਸਾਰ ਸ. ਕੁਲਵੰਤ ਸਿੰਘ ਰਾਓਕੇ ਨੇ 9 ਮਾਰਚ ਨੂੰ, ਸ. ਬਸੰਤ ਸਿੰਘ ਨੇ 11 ਮਾਰਚ ਨੂੰ ਅਤੇ ਸ. ਸਰਬਜੀਤ ਸਿੰਘ ਕਲਸੀ, ਸ. ਗੁਰਿੰਦਰ ਪਾਲ ਸਿੰਘ ਔਜਲਾ ਤੇ ਸ. ਗੁਰਪ੍ਰੀਤ ਸਿੰਘ ਗਿੱਲ ਨੇ 14 ਮਾਰਚ ਨੂੰ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version