ਚੰਡੀਗੜ੍ਹ ( 19 ਫਰਵਰੀ, 2015): ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹੁੰਝਾ ਫੇਰ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਅਗਲਾ ਨਿਸ਼ਾਨਾਂ ਪੰਜਾਬ ਦੀ ਸੱਤਾ ਪ੍ਰਾਪਤ ਕਰਨਾ ਹੈ। ਆਮ ਆਦਮੀ ਪਾਰਟੀ ਨੂੰ ਪਿੱਛਲੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਤੋਂ ਹੈਰਾਨੀਜਨਕ ਹੁੰਗਾਰਾ ਮਿਲਿਆ ਸੀ। ਪੰਜਾਬ ‘ਚੋਂ ਆਮ ਆਦਮੀ ਪਾਰਟੀ ਦੇ ਚਾਰ ਐੱਮ ਪੀ ਜਿੱਤੇ ਸਨ, ਜਦਕਿ ਸਾਰੇ ਭਾਰਤ ਵਿੱਚ ਪਾਰਟੀ ਆਪਣਾ ਖਾਤਾ ਵੀ ਨਹੀਂ ਖੋਲ ਸਕੀ ਸੀ।
ਪੰਜਾਬ ਦੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪੰਜਾਬ ਦੇ ਲਮਕਦੇ ਮਸਲ਼ਿਆਂ ਜਿੰਨਾ ਵਿੱਚ ਚੰਡੀਗੜ੍ਹ ਪੰਜਾਬ ਨੂੰ ਦੇਣ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਦੇ ਮਸਲੇ ਨੂੰ ਉਠਾਉਣ ਦਾ ਫੈਸਲਾ ਕੀਤਾ ਹੈ।ਆਪ ਦੇ ਆਗੂਆਂ ਨੇ ਐਲਾਨ ਕੀਤਾ ਕਿ ਪਾਰਟੀ ਸਿਰਫ ਉਨ੍ਹਾਂ ਮੁੱਦਿਆਂ ਨੂੰ ਹੀ ਚੁੱਕੇਗੀ ਜੋ ਸਾਰੀਆਂ ਕੌਮਾਂ ਲਈ ਸਾਂਝੇ ਹਨ।
ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸਾਢੇ ਚਾਰ ਲੱਖ ਮੈਂਬਰ ਬਣ ਚੁੱਕੇ ਹਨ ਅਤੇ ਪਾਰਟੀ ਦੀ ਲੋਕ ਸੰਪਰਕ ਮੁਹਿੰਮ ਦਾ ਉਦੇਸ਼ ਪਾਰਟੀ ਦੀ ਮੈਂਬਰਸ਼ਿਪ ਵਿੱਚ ਵਾਧਾ ਕਰਨਾ ਹੈ।ਕੀ ਆਮ ਆਦਮੀ ਪਾਰਟੀ ਸਿੱਖ ਮਸਲ਼ਿਆਂ ‘ਤੇ ਵੀ ਕੰਮ ਕਰੇਗੀ, ਦੇ ਜਬਾਬ ਵਿੱਚ ਛੋਟੇਪੁਰ ਨੇ ਕਿਹਾ ਕਿ ਉਹ ਪੰਜਾਬ ਦੇ ਪਾਣੀਆਂ ਦੀ ਵੰਡ ਦੇ ਵਿਰੁੱਧ ਹਨ ਅਤੇ ਪਾਰਟੀ ਸਿਰਫ ਉਨ੍ਹਾਂ ਮੁੱਦਿਆਂ ‘ਤੇ ਹੀ ਕੰਮ ਕਰੇਗੀ ਜੋ ਸਭ ਦੇ ਸਾਂਝੇ ਹਨ।
ਪ੍ਰੁੈਸ ਮਿਲਣੀ ਦੌਰਾਨ ਛੋਟੇਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ 2017 ਵਿੱਚ ਆ ਰਹੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲੜੇਗੀ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ 26 ਫਰਵਰੀ ਤੋਂ ਲੋਕ ਸੰਪਰਕ ਮਹਿੰਮ ਸ਼ੁਰੂ ਕਰ ਰਹੀ ਹੈ, ਜਿਸ ਵਿੱਚ ਬਾਦਲ-ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਧੂਰੀ ਵਿਧਾਨ ਸਭਾ ਹਲਕੇ ਦੀ ਉੱਪ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਲੋਕ ਸਭਾ ਮੈਂਬਰ ਭਗਵੰਤ ਮਾਨ ਚਾਹੰਦੇ ਸਨ ਕਿ ਪਾਰਟੀ ਧੂਰੀ ਦੀ ਉੱਪ ਚੋਣ ਲੜੇ, ਪਰ ਪੰਜਾਬ ਦੀ ਆਪ ਇਕਾਈ ਨੇ ਅਜੇ ਇਸਤੇ ਫੈਸਲਾ ਲੈਣਾ ਹੈ।